ਛੇਤੀ ਪਿਤਾ ਬਣਨ ਨਾਲ ਸੰਤਾਨ ‘ਚ ਘਟਦੈ ਕਈ ਬੀਮਾਰੀਆਂ ਦਾ ਖ਼ਤਰਾ

ਡਾਕਟਰ ਅਕਸਰ ਸਲਾਹ ਦਿੰਦੇ ਹਨ ਕਿ ਤੰਦਰੁਸਤ ਸੰਤਾਨ ਲਈ ਔਰਤਾਂ ਨੂੰ 35 ਦੀ ਉਮਰ ‘ਚ ਮਾਂ ਬਣਨਾ ਚਾਹੀਦਾ ਹੈ, ਪਰ ਹਾਲ ਹੀ ਦੀ ਇੱਕ ਖੋਜ ਵਿੱਚ ਕਿਹਾ ਗਿਆ ਹੈ ਕਿ ਮਰਦਾਂ ਨੂੰ ਵੀ 35 ਸਾਲ ਦੀ ਉਮਰ ਤਕ ਪਿਤਾ ਬਣ ਜਾਣਾ ਚਾਹੀਦਾ ਹੈ। 35 ਤਕ ਪਿਤਾ ਬਣ ਜਾਣ ਨਾਲ ਹੋਣ ਵਾਲੇ ਬੱਚਿਆਂ ‘ਚ ਬੀਮਾਰੀਆਂ ਦਾ ਖ਼ਤਰਾ ਘੱਟ ਹੁੰਦਾ ਹੈ।
ਮਰਦਾਂ ਦੇ ਸਬੰਧ ‘ਚ ਇਹ ਜਾਣਕਾਰੀ ਪਹਿਲਾਂ ਨਹੀਂ ਸੀ
ਹੁਣ ਤਕ ਇਹੀ ਮੰਨਿਆ ਜਾਂਦਾ ਰਿਹਾ ਹੈ ਕਿ ਜਿੰਨੀ ਜ਼ਿਆਦਾ ਉਮਰ ‘ਚ ਔਰਤਾਂ ਬੱਚਾ ਪੈਦਾ ਕਰਦੀਆਂ ਹਨ, ਬੱਚੇ ਦੀ ਸਿਹਤ ਨੂੰ ਓਨਾ ਹੀ ਜ਼ਿਆਦਾ ਖ਼ਤਰਾ ਹੁੰਦਾ ਹੈ, ਪਰ ਜਿਥੋਂ ਤਕ ਮਰਦਾਂ ਦੀ ਗੱਲ ਸੀ ਤਾਂ ਕਦੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸੀ ਕੀਤੀ ਜਾਂਦੀ। ਤਾਜ਼ਾ ਖੋਜ ਦੱਸਦੀ ਹੈ ਕਿ ਪਿਤਾ ਦੀ ਉਮਰ ਦਾ ਵੀ ਸੰਤਾਨ ਦੀ ਸਿਹਤ ‘ਤੇ ਓਨਾ ਹੀ ਅਸਰ ਪੈਂਦਾ ਹੈ ਜਿੰਨਾ ਮਾਂ ਦੀ ਉਮਰ ਦਾ। ਮਤਲਬ ਇਹ ਹੋਇਆ ਕਿ ਉਮਰ ਦੇ ਵਧਣ ਨਾਲ ਮਰਦਾਂ ਦੇ ਸ਼ੁਕਰਾਣੂਆਂ ਦੀ ਗੁਣਵੱਤਾ ਘਟਦੀ ਰਹਿੰਦੀ ਹੈ ਅਤੇ ਇਹ ਬੀਮਾਰੀਆਂ ਨੂੰ ਵੀ ਅੰਜਾਮ ਦਿੰਦੀ ਹੈ।
ਸਕਿਜ਼ੋਫ਼੍ਰੀਨੀਆ ਹੋਣ ਦਾ ਖ਼ਤਰਾ
ਬਾਇਓਲੌਜੀਕਲ ਸਾਈਕਾਈਟਰੀ ਨਾਂ ਦੇ ਵਿਗਿਆਨ ਰਸਾਲੇ ‘ਚ ਛਪੀ ਇੱਕ ਖੋਜ ਮੁਤਾਬਿਕ ਪਿਤਾ ਦੀ ਉਮਰ ਜ਼ਿਆਦਾ ਹੋਣ ਦਾ ਸਿੱਧਾ ਸਬੰਧ ਸਕਿਜ਼ੋਫ਼੍ਰੀਨੀਆ ਨਾਲ ਦੇਖਿਆ ਗਿਆ ਹੈ। ਸਕਿਜ਼ੋਫ਼੍ਰੀਨੀਆ ਇੱਕ ਅਜਿਹੀ ਮਾਨਸਿਕ ਬੀਮਾਰੀ ਹੈ ਜਿਸ ‘ਚ ਵਿਅਕਤੀ ਦਾ ਵਰਤਾਓ ਸਾਧਾਰਣ ਨਹੀਂ ਰਹਿੰਦਾ ਅਤੇ ਚੀਜ਼ਾਂ ਨੂੰ ਸੋਚਣ ਜਾਂ ਸਮਝਣ ਦੀ ਸਮਰਥਾ ਨਹੀਂ ਬਚਦੀ। ਖੋਜ ਕਰਨ ਵਾਲੇ ਚਾਈਨਾ ਮੈਡੀਕਲ ਯੂਨੀਵਰਸਿਟੀ ਦੇ ਸ਼ੀ ਹੇਂਗ ਵਾਂਗ ਦਾ ਇਸ ਬਾਰੇ ਕਹਿਣਾ ਹੈ ਕਿ ਪਿਤਾ ਦੀ ਉਮਰ ‘ਚ ਹਰ ਦਸ ਸਾਲ ਦੇ ਵਾਧੇ ਨਾਲ ਸੰਤਾਨ ‘ਚ ਸਕਿਜ਼ੋਫ਼੍ਰੀਨੀਆ ਦਾ ਖ਼ਤਰਾ 30 ਫ਼ੀਸਦੀ ਹੋਰ ਵੱਧ ਜਾਂਦਾ ਹੈ।
ਬੱਚਿਆਂ ਨੂੰ ਵੀ ਹੋਵੇਗੀ ਪਰੇਸ਼ਾਨੀ
ਖੋਜ ਮੁਤਾਬਿਕ, ਮਰਦਾਂ ਦੀ ਉਮਰ 35 ਤੋਂ ਜ਼ਿਆਦਾ ਹੋਣ ਨਾਲ ਪੈਦਾ ਹੋਣ ਵਾਲੀ ਸੰਤਾਨ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਮਿਸਾਲ ਦੇ ਤੌਰ ‘ਤੇ 40 ਤੋਂ ਜ਼ਿਆਦਾ ਉਮਰ ਵਾਲਿਆਂ ਦੀਆਂ ਸੰਤਾਨਾਂ ਨੂੰ 30 ਤੋਂ ਘੱਟ ਉਮਰ ਵਾਲਿਆਂ ਦੀਆਂ ਸੰਤਾਨਾਂ ਦੀ ਤੁਲਨਾ ‘ਚ ਔਟਿਜ਼ਮ ਦਾ ਖ਼ਤਰਾ 5.75 ਫ਼ੀਸਦੀ ਜ਼ਿਆਦਾ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਇਨ੍ਹਾਂ ਸੰਤਾਨਾਂ ‘ਚ ADHD ਯਾਨੀ ਅਟੈਂਸ਼ਨ ਡੈਫ਼ਿਸਿਟ ਹਾਈਪਰਐਕਟੀਵਿਟੀ ਡਿਸਔਰਡਰ, ਸਾਈਕੋਸਿਸ, ਬਾਇਪੋਲਰ ਡਿਸਔਰਡਰ, ਖ਼ੁਦਕੁਸ਼ੀ ਦੀ ਕੋਸ਼ਿਸ਼ ਅਤੇ ਨਸ਼ੇ ਦੀ ਲਤ ਵਰਗੇ ਖ਼ਤਰੇ ਵੀ ਵਧੇਰੇ ਦਰਜ ਕੀਤੇ ਗਏ। ਸਟੈਨਫ਼ੋਰਡ ਯੂਨੀਵਰਸਿਟੀ ਦੇ ਇੱਕ ਸਰਵੇਖਣ ‘ਚ 2007 ਤੋਂ 2016 ਦਰਮਿਆਨ ਪੈਦਾ ਹੋਏ ਚਾਰ ਕਰੋੜ ਤੋਂ ਜ਼ਿਆਦਾ ਬੱਚਿਆਂ ਦਾ ਅੰਕੜਾ ਜਮ੍ਹਾ ਕੀਤਾ ਗਿਆ। ਇਸ ‘ਚ ਦੇਖਿਆ ਗਿਆ ਕਿ ਜ਼ਿਆਦਾ ਉਮਰ ਦੇ ਪਿਤਾ ਦੀ ਸੰਤਾਨ ਨੂੰ ਕਈ ਮਾਮਲਿਆਂ ‘ਚ ਜਨਮ ਦੇ ਸਮੇਂ ICU ਵਿੱਚ ਰੱਖਣਾ ਪਿਆ ਜਾਂ ਫ਼ਿਰ ਉਨ੍ਹਾਂ ਦਾ ਸਮੇਂ ਤੋਂ ਕਾਫ਼ੀ ਪਹਿਲਾਂ ਹੀ ਜਨਮ ਹੋ ਗਿਆ ਅਤੇ ਅਜਿਹੇ ਬੱਚਿਆਂ ਦਾ ਭਾਰ ਵੀ 35 ਸਾਲ ਤੋਂ ਘੱਟ ਉਮਰ ਦੇ ਪਿਤਾਵਾਂ ਦੀਆਂ ਸੰਤਾਨਾਂ ਦੀ ਤੁਲਨਾ ‘ਚ ਘੱਟ ਰਿਹਾ। ਇੰਨਾ ਹੀ ਨਹੀਂ ਇਸ ਨਾਲ ਔਰਤਾਂ ‘ਚ ਗਰਭ ਅਵਸਥਾ ਦੌਰਾਨ ਸ਼ੂਗਰ ਦਾ ਖ਼ਤਰਾ ਵੀ ਜ਼ਿਆਦਾ ਰਿਹਾ।
ਮਾਤਾ-ਪਿਤਾ ਦੋਹਾਂ ਦੀ ਉਮਰ ਦਾ ਹੁੰਦਾ ਹੈ ਅਸਰ
ਸਟੈਨਫ਼ੋਰਡ ਯੂਨੀਵਰਸਿਟੀ ਸਕੂਲ ਔਫ਼ ਮੈਡੀਸਨ ਦੇ ਐਸੋਸੀਏਟ ਪ੍ਰੋਫ਼ੈਸਰ ਮਾਈਕਲ ਆਈਜ਼ਨਬਰਗ ਦਾ ਕਹਿਣਾ ਹੈ ਕਿ ਅਸੀਂ ਜਾਣਦੇ ਹਾਂ ਕਿ ਜਿਵੇਂ-ਜਿਵੇਂ ਔਰਤਾਂ ਦੀ ਉਮਰ ਵਧਦੀ ਹੈ ਬੱਚਿਆਂ ਲਈ ਖ਼ਤਰਾ ਵੀ ਵਧਦਾ ਰਹਿੰਦਾ ਹੈ, ਪਰ ਇਹ ਖੋਜ ਸਾਨੂੰ ਇਹ ਸਬੂਤ ਦੇ ਰਹੀ ਹੈ ਕਿ ਪਿਤਾ ਦੀ ਉਮਰ ਦਾ ਵੀ ਅਸਰ ਓਨਾ ਹੀ ਹੁੰਦਾ ਹੈ। ਕੁੱਲ ਮਿਲਾ ਕੇ ਮਾਂ ਅਤੇ ਪਿਤਾ ਦੋਹਾਂ ਦੀ ਉਮਰ 35 ਤੋਂ ਘੱਟ ਹੋਵੇ ਤਾਂ ਬੱਚਿਆਂ ਦੀ ਸਿਹਤ ਬਿਹਤਰ ਰਹੇਗੀ। ਵਿਗਿਆਨਕ ਪਹਿਲੂਆਂ ਤੋਂ ਇਲਾਵਾ, ਬੱਚਿਆਂ ‘ਤੇ ਮਾਤਾ-ਪਿਤਾ ਦੀ ਉਮਰ ਦੇ ਸਮਾਜਿਕ ਅਸਰ ‘ਤੇ ਵੀ ਅਧਿਐਨ ਹੁੰਦੇ ਰਹੇ ਹਨ। ਮਾਕਸ ਪਲੈਂਕ ਇਨਸਟੀਚਿਊਟ ਫ਼ੌਰ ਡੈਮੋਗ੍ਰੈਫ਼ਿਕ ਰੀਸਰਚ ਦੇ ਮੀਕੋ ਮਿਰਸਕਿਲਾ ਨੇ ਆਪਣੀ ਸਟੱਡੀ ‘ਚ ਦੇਖਿਆ ਕਿ ਮਾਂ ਦੀ ਉਮਰ ਜਿੰਨੀ ਜ਼ਿਆਦਾ ਹੁੰਦੀ ਹੈ, ਸੰਤਾਨ ਦੀ ਸਿੱਖਿਆ ਦਾ ਪੱਧਰ ਵੀ ਓਨਾ ਹੀ ਜ਼ਿਆਦਾ ਹੁੰਦਾ ਹੈ। ਬਹੁਤ ਘੱਟ ਉਮਰ ‘ਚ ਵਿਆਹ ਹੋ ਜਾਣ ਕਾਰਨ ਜੋ ਔਰਤਾਂ ਖ਼ੁਦ ਹੀ ਉੱਚ ਸਿੱਖਿਆ ਹਾਸਿਲ ਨਹੀਂ ਕਰ ਪਾਉਂਦੀਆਂ, ਅਤੇ ਉਹ ਖੁਦ ਨੂੰ ਅਤੇ ਆਪਣੇ ਪਰਿਵਾਰ ਦੇ ਹੱਕਾਂ ਨੂੰ ਲੈ ਕੇ ਬਹੁਤੀਆਂ ਜਾਗਰੂਕ ਨਹੀਂ ਹੁੰਦੀਆਂ ਅਤੇ ਅਜਿਹੇ ‘ਚ ਉਨ੍ਹਾਂ ਦੇ ਬੱਚੇ ਵੀ ਬਹੁਤ ਜ਼ਿਆਦਾ ਪੜ੍ਹੇ-ਲਿਖੇ ਨਹੀਂ ਨਿਕਲਦੇ।
ਸੂਰਜਵੰਸ਼ੀ