ਜੈਲਲਿਤਾ ਦਾ ਕਿਰਦਾਰ ਨਿਭਾਏਗੀ ਕੰਗਨਾ

ਇਹ ਤਾਂ ਸਾਰੇ ਜਾਣਦੇ ਹਨ ਕਿ ਇਨ੍ਹੀਂ ਦਿਨੀਂ ਬਾਇਓਪਿਕਸ ਦਾ ਰੁਝਾਨ ਚੱਲ ਰਿਹਾ ਹੈ, ਅਤੇ ਹਰ ਫ਼ਿਲਮਸਾਜ਼ ਅਜਿਹੀਆਂ ਫ਼ਿਲਮਾਂ ਬਣਾਉਣ ਨੂੰ ਪਹਿਲ ਦੇ ਰਿਹਾ ਹੈ। ਇਸੇ ਲੜੀ ਵਿੱਚ ਹੁਣ ਸਿਆਸਤਦਾਨਾਂ ਦੀ ਜ਼ਿੰਦਗੀ ‘ਤੇ ਆਧਾਰਿਤ ਬਾਇਓਪਿਕ ਵੀ ਸ਼ਾਮਿਲ ਹੋ ਚੁੱਕੀਆਂ ਹਨ। ਇਸ ਸਾਲ ਦੇ ਸ਼ੁਰੂ ‘ਚ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਬਾਲ ਠਾਕਰੇ ‘ਤੇ ਬਣੀਆਂ ਬਾਇਓਪਿਕਸ ਰਿਲੀਜ਼ ਹੋਈਆਂ ਜਿਨ੍ਹਾਂ ਨੂੰ ਕਾਫ਼ੀ ਪਸੰਦ ਕੀਤਾ ਗਿਆ।
ਭਾਰਤ ਦੇ ਮੌਜੂਦਾ ਪ੍ਰਧਾਨ ਮੰਤਰੀ ਨਰੇਂਦਰ ਮੋਦੀ ‘ਤੇ ਬਣੀ ਬਾਇਓਪਿਕ ਵੀ ਰਿਲੀਜ਼ ਹੋਈ ਹੈ। ਇਸ ਤੋਂ ਬਾਅਦ ਹੁਣ ਤਾਮਿਲਨਾਡੂ ਦੀ ਸਾਬਕਾ ਮੁੱਖ ਮੰਤਰੀ ਜੈਲਲਿਤਾ ‘ਤੇ ਵੀ ਫ਼ਿਲਮ ਬਣਨ ਜਾ ਰਹੀ ਹੈ। ਇਸ ‘ਚ ਮਣੀਕਰਣਿਕਾ ਫ਼ਿਲਮ ‘ਚ ਰਾਣੀ ਲਕਸ਼ਮੀਬਾਈ ਦਾ ਕਿਰਦਾਰ ਨਿਭਾਉਣ ਵਾਲੀ ਅਭਿਨੇਤਰੀ ਕੰਗਨਾ ਰਨੌਤ ਹੀ ਜੈਲਲਿਤਾ ਦਾ ਕਿਰਦਾਰ ਨਿਭਾਏਗੀ। ਕੰਗਨਾ ਨੇ ਦੱਸਿਆ ਹੈ ਕਿ ਉਹ ਅਦਾਕਾਰਾ ਤੋਂ ਨੇਤਾ ਬਣੀ ਜੈਲਲਿਤਾ ਦੀ ਬਾਇਓਪਿਕ ਕਰਨ ਵਾਲੀ ਹੈ।
ਇਸ ਫ਼ਿਲਮ ਦਾ ਤਾਮਿਲ ‘ਚ ਨਾਂ ਥਲਾਈਵੀ ਅਤੇ ਹਿੰਦੀ ‘ਚ ਨਾਂ ਜਯਾ ਹੋਵੇਗਾ। ਉਹ ਇਸ ਤੋਂ ਪਹਿਲਾਂ ਕਈ ਚੰਗੀਆਂ ਫ਼ਿਲਮਾਂ ਸਾਊਥ ਇੰਡਸਟਰੀ ਨੂੰ ਦੇ ਚੁੱਕੀ ਹੈ। ਇਸ ਬਾਇਓਪਿਕ ਦੀ ਸਕ੍ਰਿਪਟ ਵਿਜੇਂਦਰ ਪ੍ਰਸਾਦ ਨੇ ਲਿਖੀ ਹੈ। ਇਹ ਫ਼ਿਲਮ ਵਿਸ਼ਨੂੰ ਇੰਦੌਰੀ ਪ੍ਰੋਡਿਊਸ ਕਰੇਗਾ। ਇਸ ਬਾਇਓਪਿਕ ‘ਚ ਕੰਗਨਾ ਨੂੰ ਫ਼ਾਈਨਲ ਕੀਤੇ ਜਾਣ ਬਾਰੇ ਵਿਜੈ ਨੇ ਕਿਹਾ, ”ਜੈਲਲਿਤਾ ਮੈਡਮ ਦੇਸ਼ ਦੀ ਇੱਕ ਵੱਡੀ ਸਿਆਸਤਦਾਨ ਸੀ। ਉਸ ਦੀ ਜ਼ਿੰਦਗੀ ‘ਤੇ ਫ਼ਿਲਮ ਬਣਾਉਣਾ ਇੱਕ ਵੱਡੀ ਜ਼ਿੰਮੇਵਾਰੀ ਹੈ ਅਤੇ ਅਸੀਂ ਇਸ ਨੂੰ ਇਮਾਨਦਾਰੀ ਨਾਲ ਪੂਰਾ ਕਰਾਂਗੇ। ਮੈਨੂੰ ਭਾਰਤ ਦੀ ਸਭ ਤੋਂ ਪ੍ਰਤਿਭਾਵਾਨ ਅਭਿਨੇਤਰੀ ਕੰਗਨਾ ਨਾਲ ਜੁੜਨ ਅਤੇ ਫ਼ਿਲਮ ਕਰਨ ਦੀ ਖ਼ੁਸ਼ੀ ਹੈ।”