ਵਿੱਕੀ ਕੌਸ਼ਲ ਅੱਜਕੱਲ੍ਹ ਬੌਲੀਵੁਡ ਦੇ ਪਸੰਦੀਦਾ ਅਭਿਨੇਤਾਵਾਂ ‘ਚ ਗਿਣਿਆ ਜਾਂਦਾ ਹੈ। ਉਸ ਦੀ ਫ਼ਿਲਮ ਉੜੀ ਨੇ ਬੌਕਸ ਔਫ਼ਿਸ ‘ਤੇ ਕਮਾਲ ਕਰ ਦਿੱਤਾ ਹੈ। ਹੁਣ ਵਿੱਕੀ ਦੀ ਇੱਕ ਹੋਰ ਫ਼ਿਲਮ ਬਾਰੇ ਜਾਣਕਾਰੀ ਸਾਹਮਣੇ ਆਈ ਹੈ। ਇਸ ਫ਼ਿਲਮ ‘ਚ ਉਸ ਨਾਲ ਇੱਕ ਨਵੀਂ ਅਭਿਨੇਤਰੀ ਨਜ਼ਰ ਆਵੇਗੀ। ਅਸਲ ‘ਚ ਵਿੱਕੀ ਇਸ ਵਿੱਚ ਅਭਿਨੇਤਰੀ ਕੈਟਰੀਨਾ ਕੈਫ਼ ਦੀ ਭੈਣ ਈਜ਼ਾਬੈੱਲ ਕੈਫ਼ ਨਾਲ ਕੰਮ ਕਰੇਗਾ। ਕੈਟਰੀਨਾ ਨੇ ਵੀ ਆਪਣੀ ਭੈਣ ਦੇ ਇਸ ਪ੍ਰੌਜੈਕਟ ਨਾਲ ਜੁੜੇ ਹੋਣ ਦੀ ਤਸਦੀਕ ਕੀਤੀ ਹੈ। ਉਸ ਨੇ ਦੱਸਿਆ ਹੈ ਕਿ ਉਸ ਦੀ ਭੈਣ ਈਜ਼ਾਬੈੱਲ ਨੇ ਹਾਲ ਹੀ ‘ਚ ਇੱਕ ਫ਼ਿਲਮ ਦੀ ਸ਼ੂਟਿੰਗ ਖ਼ਤਮ ਕੀਤੀ ਹੈ ਜਿਸ ‘ਚ ਵਿੱਕੀ ਕੌਸ਼ਲ ਵੀ ਹੈ।
ਇਹ ਕਿਹੜੀ ਫ਼ਿਲਮ ਹੈ ਅਤੇ ਕਿਸ ਪ੍ਰੌਜੈਕਟ ‘ਚ ਈਜ਼ਾਬੈੱਲ ਵਿੱਕੀ ਨਾਲ ਕੰਮ ਕਰ ਰਹੀ ਹੈ, ਇਸ ਬਾਰੇ ਵਿੱਕੀ ਨੇ ਕੋਈ ਜਾਣਕਾਰੀ ਨਹੀਂ ਦਿੱਤੀ। ਹਾਲ ਹੀ ‘ਚ ਇੱਕ ਪ੍ਰੋਗਰਾਮ ਦੌਰਾਨ ਵਿੱਕੀ ਅਤੇ ਕੈਟਰੀਨਾ ਇਕੱਠੇ ਸ਼ਾਮਿਲ ਹੋਏ। ਸਮਾਗਮ ਦੌਰਾਨ ਦੋਹਾਂ ਨੇ ਆਪਣੇ ਫ਼ਿਲਮੀ ਕਰੀਅਰ ਅਤੇ ਨਿੱਜੀ ਜ਼ਿੰਦਗੀ ਬਾਰੇ ਗੱਲਾਂ ਕੀਤੀਆਂ। ਕੈਟਰੀਨਾ ਨੇ ਈਜ਼ਾਬੈੱਲ ਦੇ ਕਰੀਅਰ ਬਾਰੇ ਕਿਹਾ ਕਿ ਉਹ ਬਹੁਤ ਖ਼ੁਸ਼ ਹੈ ਕਿ ਉਸ ਦੀ ਭੈਣ ਫ਼ਿਲਮਾਂ ‘ਚ ਆ ਰਹੀ ਹੈ। ਉਸ ਨੇ ਕਿਹਾ ਕਿ ਉਹ ਚਾਹੁੰਦੀ ਹੈ ਕਿ ਉਸ ਵਾਂਗ ਈਜ਼ਾਬੈੱਲ ਨੂੰ ਵੀ ਦਰਸ਼ਕ ਪਸੰਦ ਕਰਨ।
ਜ਼ਿਕਰਯੋਗ ਹੈ ਕਿ ਈਜ਼ਾਬੈੱਲ ਕਈ ਮਹੀਨਿਆਂ ਤੋਂ ਬੌਲੀਵੁਡ ‘ਚ ਡੈਬਿਊ ਕਰਨ ਦੀ ਤਿਆਰੀ ਕਰ ਰਹੀ ਹੈ। ਉਹ ਸੂਰਜ ਪੰਚੋਲੀ ਨਾਲ ਫ਼ਿਲਮ ਟਾਈਮ ਟੂ ਡਾਂਸ ‘ਚ ਵੀ ਨਜ਼ਰ ਆਵੇਗੀ। ਇਸ ਫ਼ਿਲਮ ਦੀ ਸ਼ੂਟਿੰਗ ਦੀਆਂ ਕੁੱਝ ਤਸਵੀਰਾਂ ਵੀ ਹਾਲ ਹੀ ‘ਚ ਜਨਤਕ ਹੋਈਆਂ ਹਨ ਜਿਨ੍ਹਾਂ ‘ਚ ਸੂਰਜ ਅਤੇ ਉਹ ਇਕੱਠੇ ਨਜ਼ਰ ਆਏ ਹਨ। ਸਵਾਲ ਇਹ ਹੈ ਕਿ ਕੀ ਇਸ ਫ਼ਿਲਮ ‘ਚ ਵਿੱਕੀ ਕੌਸ਼ਲ ਵੀ ਹੋਵੇਗਾ ਜਾਂ ਉਸ ਨਾਲ ਉਹ ਕਿਸੇ ਹੋਰ ਫ਼ਿਲਮ ‘ਚ ਨਜ਼ਰ ਆਵੇਗੀ? ਖ਼ੈਰ, ਵਿੱਕੀ ਕੌਸ਼ਲ ਇਸ ਵਕਤ ਅਗਲੀ ਫ਼ਿਲਮ ਦੀ ਤਿਆਰੀ ਕਰ ਰਿਹਾ ਹੈ ਜੋ ਸ਼ਹੀਦ ਊਧਮ ਸਿੰਘ ਦੀ ਬਾਇਓਪਿਕ ਹੋਵੇਗੀ।











