ਨਿਊ ਜ਼ੀਲੈਂਡ ਨੇ ਟੈੱਸਟ ਰੈਂਕਿੰਗ ‘ਚ ਹਾਸਿਲ ਕੀਤੀ ਸਰਵਸ੍ਰੇਸ਼ਠ ਉਪਲੱਬਧੀ

ਦੁਬਈ – ਸ਼੍ਰੀਲੰਕਾ ਹੱਥੋਂ ਮਿਲੀ 0-2 ਨਾਲ ਹਾਰ ਨਾਲ ਦੱਖਣੀ ਅਫ਼ਰੀਕਾ ਨੂੰ ਟੈੱਸਟ ਰੈਂਕਿੰਗ ‘ਚ ਨੁਕਸਾਨ ਹੋਇਆ ਹੈ ਅਤੇ ਇਸ ਨਾਲ ਨਿਊਜ਼ੀਲੈਂਡ ਨੂੰ ਫ਼ਾਇਦਾ। ਟੈੱਸਟ ਸੀਰੀਜ਼ ‘ਚ ਹਾਰ ਤੋਂ ਬਾਅਦ ਦੱਖਣੀ ਅਫ਼ਰੀਕਾ ਜਾਰੀ ਹੋਈ ICC ਦੀ ਤਾਜ਼ਾ ਟੈੱਸਟ ਰੈਂਕਿੰਗ ‘ਚ ਦੂਸਰੇ ਸਥਾਨ ਤੋਂ ਖਿਸਕ ਕੇ ਤੀਜੇ ਸਥਾਨ ‘ਤੇ ਆ ਗਿਆ ਹੈ। ਇਸ ਨਾਲ ਨਿਊ ਜ਼ੀਨੈਂਡ ਨੂੰ ਫ਼ਾਇਦਾ ਹੋਇਆ ਹੈ ਅਤੇ ਹੁਣ ਉਹ ਦੂਜੇ ਸਥਾਨ ‘ਤੇ ਹੈ ਜੋ ਟੈੱਸਟ ‘ਚ ਉਸ ਦੀ ਹੁਣ ਤਕ ਦੀ ਸਰਵਸ੍ਰੇਸ਼ਠ ਰੈਂਕਿੰਗ ਹੈ।
ਦੱਖਣੀ ਅਫ਼ਰੀਕਾ ਨੂੰ ਉਸੇ ਦੇ ਘਰ ‘ਚ ਹਰਾ ਕੇ ਇਤਿਹਾਸ ਰੱਚਣ ਵਾਲੀ ਸ਼੍ਰੀਲੰਕਾਈ ਟੀਮ ਨੂੰ ਹਾਲਾਂਕਿ ਕੋਈ ਫ਼ਾਇਦਾ ਨਹੀਂ ਹੋਇਆ, ਅਤੇ ਉਹ ਹਾਲੇ ਵੀ 6ਵੇਂ ਸਥਾਨ ‘ਤੇ ਹੀ ਕਾਇਮ ਹੈ। ਭਾਰਤ ਵੀ ਟੈੱਸਟ ਰੈਂਕਿੰਗ ‘ਚ ਆਪਣੇ ਪੁਰਾਣੇ ਪਹਿਲੇ ਸਥਾਨ ‘ਤੇ ਕਾਇਮ ਹੈ। ਆਸਟਰੇਲੀਆ ਚੌਥੇ ਅਤੇ ਇੰਗਲੈਂਡ 5ਵੇਂ ਸਥਾਨ ‘ਤੇ ਕਾਇਮ ਹਨ।