ਧੋਨੀ ਇਹ ਸ਼ਰਮਨਾਕ ਰਿਕਾਰਡ ਬਣਾਉਣ ਵਾਲਾ ਤੀਜਾ ਭਾਰਤੀ ਬੱਲੇਬਾਜ਼

ਸਪੋਰਟਸ ਡੈਸਕ – ਵਿਸ਼ਾਖਾਪਟਨਮ ਵਿੱਚ ਆਸਟਰੇਲੀਆ ਖ਼ਿਲਾਫ਼ ਖੇਡੇ ਗਏ ਪਹਿਲੇ T-20 ਕੌਮਾਂਤਰੀ ਮੁਕਾਬਲੇ ਵਿੱਚ ਇੱਕ ਵਾਰ ਫ਼ਿਰ ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਦਾ ਬੱਲਾ ਖ਼ਾਸ ਕਮਾਲ ਨਹੀਂ ਦਿਖਾ ਸਕਿਆ, ਅਤੇ ਉਹ 37 ਗੇਂਦਾਂ ਵਿੱਚ ਇੱਕ ਛੱਕੇ ਦੀ ਮਦਦ ਨਾਲ 29 ਦੌੜਾਂ ਹੀ ਬਣਾ ਸਕਿਆ। ਇਸ ਦੇ ਨਾਲ ਹੀ ਧੋਨੀ ਦੇ ਨਾਂ ਇੱਕ ਸ਼ਰਮਨਾਕ ਰਿਕਾਰਡ ਵੀ ਦਰਜ ਹੋ ਗਿਆ, ਅਤੇ ਉਹ T-20 ਵਿੱਚ ਤੀਜੇ ਸਭ ਤੋਂ ਘੱਟ ਸਟ੍ਰਾਈਕ ਰੇਟ ਵਾਲਾ ਭਾਰਤੀ ਕ੍ਰਿਕਟਰ ਬਣ ਗਏ ਹਨ।
ਧੋਨੀ ਦਾ ਇਸ ਮੈਚ ਵਿੱਚ 78.37 ਦਾ ਸਟ੍ਰਾਈਕ ਰੇਟ ਰਿਹਾ ਜੋ 30 ਗੇਂਦਾਂ ਖੇਡਣ ਵਾਲੇ ਕਿਸੇ ਵੀ ਭਾਰਤੀ ਬੱਲੇਬਾਜ਼ ਵਲੋਂ T-20 ਕ੍ਰਿਕਟ ਦਾ ਤੀਜਾ ਸਭ ਤੋਂ ਘੱਟ ਸਟ੍ਰਾਈਕ ਰੇਟ ਹੈ। ਪਹਿਲੇ ਅਤੇ ਦੂਜੇ ਨੰਬਰ ‘ਤੇ ਯੁਵਰਾਜ ਸਿੰਘ ਅਤੇ ਰਵਿੰਦਰ ਜਡੇਜਾ ਹਨ। ਜਿੱਥੇ ਸਾਲ 2016 ਵਿੱਚ ਪਾਕਿਸਤਾਨ ਖ਼ਿਲਾਫ਼ ਖੇਡਦਿਆਂ ਯੁਵੀ ਦਾ ਸਟ੍ਰਾਈਕ ਰੇਟ 43.75 ਸੀ, ਉੱਥੇ 2009 ਵਿੱਚ ਇੰਗਲੈਂਡ ਖ਼ਿਲਾਫ਼ ਖੇਡਦਿਆਂ ਜਡੇਜਾ ਦਾ ਸਟ੍ਰਾਈਕ ਰੇਟ 71.42 ਸੀ।

ਜ਼ਿਕਰਯੋਗ ਹੈ ਕਿ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਆਸਟਰੇਲੀਆ ਨੂੰ 127 ਦੌੜਾਂ ਦਾ ਟੀਚਾ ਦਿੱਤਾ ਸੀ। ਆਸਟਰੇਲੀਆ ਨੇ ਟੀਚੇ ਦਾ ਪਿੱਛਾ ਕਰਦਿਆਂ 7 ਵਿਕਟਾਂ ਗੁਆ ਕੇ ਆਖ਼ਰੀ ਮੈਚ ਦੀ ਆਖ਼ਰੀ ਗੇਂਦ ‘ਤੇ ਜਿੱਤ ਲਈ ਲੋੜੀਂਦੀਆਂ ਦੋ ਦੌੜਾਂ ਬਣਾ ਕੇ ਜਿੱਤ ਹਾਸਿਲ ਕੀਤੀ ਅਤੇ ਸੀਰੀਜ਼ ਵਿੱਚ 1-0 ਦੀ ਚੜ੍ਹਤ ਬਣਾਈ।