ਮੁੰਬਈ – ਆਸਟਰੇਲੀਆ ਦੇ ਸਾਬਕਾ ਧਾਕੜ ਓਪਨਰ ਮੈਥਿਊ ਹੇਡਨ ਦਾ ਮੰਨਣਾ ਹੈ ਕਿ ਟੀਮ ਇੰਡੀਆ ਦਾ ਕੈਪਟਨ ਵਿਰਾਟ ਕੋਹਲੀ ਜਿਸ ਫ਼ੌਰਮ ‘ਚ ਫ਼ਿਲਹਾਲ ਚਲ ਰਿਹਾ ਹੈ, ਆਸਟਰੇਲੀਆਈ ਗੇਂਦਬਾਜ਼ਾਂ ਲਈ ਉਹ ਇੱਕ ਵੱਡੀ ਚੁਣੌਤੀ ਹੋਵੇਗਾ। ਭਾਰਤ ਅਤੇ ਆਸਟਰੇਲੀਆ ਵਿੱਚਾਲੇ 24 ਫ਼ਰਵਰੀ ਤੋਂ ਵਨ ਡੇ ਅਤੇ T-20 ਸੀਰੀਜ਼ ਸ਼ੁਰੂ ਹੋਣ ਜਾ ਰਹੀ ਹੈ। ਹੇਡਨ ਨੇ ਕਿਹਾ ਕਿ ਵਿਰਾਟ ਦੇ ਸਾਹਮਣੇ ਗੇਂਦਬਾਜ਼ੀ ਕਰਨਾ ਨੌਜਵਾਨ ਜਾਏ ਰਿਚਰਡਸਨ ਲਈ ਆਸਾਨ ਨਹੀਂ ਹੋਵੇਗਾ।
ਹੇਡਨ ਨੇ ਕਿਹਾ ਕਿ ਆਸਟਰੇਲੀਆ ਖ਼ਿਲਾਫ਼ ਪਿਛਲੀ ਸੀਰੀਜ਼ ਵਿੱਚ ਵਿਰਾਟ ਨੇ ਰਿਚਰਡਸਨ ਲਈ ਮੁਸ਼ਕਿਲਾਂ ਪੈਦਾ ਕੀਤੀਆਂ ਸਨ। ਹਾਲਾਂਕਿ ਰਿਚਰਡਸਨ ਨੇ ਚੰਗਾ ਪ੍ਰਦਰਸ਼ਨ ਕੀਤਾ ਅਤੇ ਵਿਰਾਟ ਨੂੰ ਤਿੰਨ ਵਾਰ ਆਊਟ ਕੀਤਾ। ਮੈਨੂੰ ਲਗਦਾ ਹੈ ਕਿ ਇਸ ਵਾਰ ਚੀਜ਼ਾਂ ਅਲੱਗ ਹੋਣਗੀਆਂ। ਜਾਏ ਨੌਜਵਾਨ ਖਿਡਾਰੀ ਹੈ ਅਤੇ ਉਸ ਕੋਲ ਭਾਰਤ ਵਿੱਚ ਖੇਡਣ ਦਾ ਤਜ਼ਰਬਾ ਨਹੀਂ, ਇਸ ਲਈ ਮੇਰਾ ਮੰਨਣਾ ਹੈ ਕਿ ਵਿਰਾਟ ਇਸ ਵਾਰ ਉਸ ‘ਤੇ ਹਾਵੀ ਰਹੇਗਾ।
ਭਾਰਤ ਦੀ ਮੇਜ਼ਬਾਨੀ ਵਿੱਚ ਆਸਟਰੇਲੀਆ ਨੂੰ ਦੋ T-20 ਮੈਚ ਅਤੇ ਪੰਜ ਵਨ ਡੇ ਖੇਡਣੇ ਹਨ। ਹੇਡਨ ਨੇ ਭਾਰਤੀ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਅਤੇ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਜੇਸਨ ਬਿਹਰੇਨਡੋਰਫ਼ ਵਿੱਚਾਲੇ ਮੁਕਾਬਲੇ ‘ਤੇ ਕਿਹਾ, ”28 ਸਾਲਾ ਜੇਸਨ ਉੱਚੇ ਕੱਦ ਦੇ ਗੇਂਦਬਾਜ਼ ਹਨ ਅਤੇ ਵਿਕਟ ਟੂ ਵਿਕਟ ਗੇਂਦਬਾਜ਼ੀ ਕਰਦੇ ਹਨ। ਉਹ ਵਨ ਡੇ ਵਿੱਚ ਚੁਣੌਤੀ ਦੇ ਸਕਦੇ ਹਨ, ਪਰ ਰੋਹਿਤ ਸ਼ਰਮਾ ਵੀ ਸ਼ਾਨਦਾਰ ਫ਼ਾਰਮ ‘ਚ ਹਨ।”












