ਬੁਮਰਾਹ ਦੇ ਆਉਣ ਨਾਲ ਭੁਵਨੇਸ਼ਵਰ ਨੂੰ ਮਿਲੇਗਾ ਆਰਾਮ

ਨਵੀਂ ਦਿੱਲੀ – ਭਾਰਤੀ ਚੋਣਕਰਤਾ ਆਸਟਰੇਲੀਆ ਖ਼ਿਲਾਫ਼ ਸੀਮਤ ਓਵਰਾਂ ਦੀ ਸੀਰੀਜ਼ ਲਈ ਵਿਸ਼ਵ ਕੱਪ ਨੂੰ ਧਿਆਨ ‘ਚ ਰੱਖ ਕੇ ਸ਼ੁੱਕਰਵਾਰ ਨੂੰ ਮੁੰਬਈ ‘ਚ ਟੀਮ ਦੀ ਚੋਣ ਕਰਨਗੇ। ਵਧੀਕ ਬੋਝ ਕਾਰਨ ਨਿਊ ਜ਼ੀਲੈਂਡ ਦੌਰੇ ਤੋਂ ਬਾਹਰ ਰਹੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੀ ਘਰੇਲੂ ਵਨ-ਡੇ ਅਤੇ T-20 ਸੀਰੀਜ਼ ‘ਚ ਵਾਪਸੀ ਹੋਵੇਗੀ ਜਦਕਿ ਨਿਊ ਜ਼ੀਲੈਂਡ ‘ਚ ਸਾਰੇ ਪੰਜ ਵਨ-ਡੇ ਅਤੇ ਤਿੰਨ T-20 ਖੇਡਣ ਵਾਲੇ ਦੂਜੇ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਨੂੰ ਕੁੱਝ ਮੈਚਾਂ ‘ਚ ਆਰਾਮ ਦਿੱਤਾ ਜਾਵੇਗਾ।
ਭਾਰਤੀ ਟੀਮ ਆਸਟ੍ਰੇਲੀਆ ਖ਼ਿਲਾਫ਼ 24 ਫ਼ਰਵਰੀ ਤੋਂ ਸ਼ੁਰੂ ਹੋਣ ਵਾਲੀ ਦੋ T-20 ਮੈਚਾਂ ਦੀ ਸੀਰੀਜ਼ ਮਗਰੋਂ ਪੰਜ ਵਨ-ਡੇ ਖੇਡੇਗੀ। ਇਹ 30 ਮਈ ਤੋਂ ਇੰਗਲੈਂਡ ਵਿੱਚ ਸ਼ੁਰੂ ਹੋਣ ਵਾਲੇ ਵਿਸ਼ਵ ਕੱਪ ਤੋਂ ਪਹਿਲਾ ਭਾਰਤੀ ਟੀਮ ਦੀ ਆਖ਼ਰੀ ਸੀਰੀਜ਼ ਹੋਵੇਗੀ। BCCI ਦੇ ਇੱਕ ਉੱਚ ਅਧਿਕਾਰੀ ਨੇ ਕਿਹਾ ਕਿ ਇੰਨਾਂ ਤੈਅ ਹੈ ਕਿ ਭੁਵੀ ਨੂੰ IPL ਤੋਂ ਪਹਿਲਾਂ ਆਰਾਮ ਦਿੱਤਾ ਜਾਵੇਗਾ। ਉਸ ਨੇ ਨਿਊ ਜ਼ੀਲੈਂਡ ‘ਚ ਅੱਠੇ ਮੈਚ ਖੇਡੇ ਹਨ। ਹੁਣ ਕਿੰਨੇ ਮੈਚਾਂ ਲਈ ਉਸ ਨੂੰ ਆਰਾਮ ਮਿਲੇਗਾ ਇਹ ਚੋਣਕਰਤਾ ਆਪਸ ‘ਚ ਬੈਠ ਕੇ ਤੈਅ ਕਰਨਗੇ।
ਵਿਸ਼ਵ ਕੱਪ ਲਈ ਕੁੱਝ ਨਾਂ ਲਗਭਗ ਤੈਅ: ਚੋਣਕਰਤਾਵਾਂ ਨੇ ਵਿਸ਼ਵ ਕੱਪ ਲਈ 13 ਖਿਡਾਰੀਆਂ ਦੀ ਪਛਾਣ ਕਰ ਲਈ ਹੈ। ਇਨ੍ਹਾਂ ‘ਚ ਵਿਰਾਟ ਕੋਹਲੀ, ਸ਼ਿਖਰ ਧਵਨ, ਰੋਹਿਤ ਸ਼ਰਮਾ, ਅੰਬਾਤੀ ਰਾਯੁਡੂ, ਮਹਿੰਦਰ ਸਿੰਘ ਧੋਨੀ, ਕੇਦਾਰ ਜਾਧਵ, ਹਾਰਦਿਕ ਪਾਂਡਿਆ, ਵਿਜੈ ਸ਼ੰਕਰ, ਯੁਜ਼ਵੇਂਦਰਾ ਸਿੰਘ ਚਹਿਲ, ਕੁਲਦੀਪ ਯਾਦਵ, ਭੁਵਨੇਸ਼ਵਰ ਕੁਮਾਰ, ਜਸਪ੍ਰੀਤ ਬੁਮਰਾਹ ਅਤੇ ਮੁਹੰਮਦ ਸ਼ਮੀ ਸ਼ਾਮਿਲ ਹਨ। ਜਿਥੋਂ ਤਕ ਆਸਟਰੇਲੀਆ ਖ਼ਿਲਾਫ਼ ਘਰੇਲੂ ਸੀਰੀਜ਼ ਦੀ ਗੱਲ ਹੈ ਤਾਂ ਕਪਤਾਨ ਕੋਹਲੀ ਤੇ ਤੇਜ਼ ਗੇਂਦਬਾਜ਼ੀ ਦੇ ਲੀਡਰ ਬੁਮਰਾਹ ਅੰਤਿਮ ਡਰੈੱਸ ਰਿਹਰਸਲ ਲਈ ਵਾਪਸੀ ਕਰਨਗੇ। ਉਥੇ ਰੋਹਿਤ ਸ਼ਰਮਾ ਨੂੰ T-20 ਟੂਰਨਾਮੈਂਟ ‘ਚ ਆਰਾਮ ਦਿੱਤਾ ਜਾ ਸਕਦਾ ਹੈ।
ਚੋਣਕਰਤਾਵਾਂ ਦੇ 16 ਜਾਂ 17 ਖਿਡਾਰੀਆਂ ਦੀ ਹੀ ਚੋਣ ਕਰਨ ਦੀ ਉਮੀਦ ਹੈ। ਆਖ਼ਰੀ ਦੋ ਥਾਵਾਂ ਲਈ ਘੱਟ ਤੋਂ ਘੱਟ ਚਾਰ ਦਾਅਵੇਦਾਰ ਮੈਦਾਨ ‘ਚ ਹਨ ਅਤੇ ਇਹ ਇਸ ‘ਤੇ ਨਿਰਭਰ ਕਰਦਾ ਹੈ ਕਿ ਟੀਮ ਪ੍ਰਬੰਧਨ ਕਿਸ ਤਰ੍ਹਾਂ ਦਾ ਸੰਯੋਜਨ ਚਾਹੁੰਦਾ ਹੈ। ਤੇਜ਼ ਗੇਂਦਬਾਜ਼ੀ ਵਿਭਾਗ ‘ਚ ਬੁਮਰਾਹ, ਸ਼ਮੀ ਅਤੇ ਭੁਵਨੇਸ਼ਵਰ ਦਾ ਹੋਣਾ ਤੈਅ ਹੈ, ਅਜਿਹੇ ‘ਚ ਵਿਵਿਧਤਾ ਪ੍ਰਦਾਨ ਕਰਨ ਲਈ ਚੋਣਕਰਤਾ ਟੀਮ ‘ਚ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਨੂੰ ਰੱਖਣਾ ਚਾਹੁਣਗੇ। ਰਾਜਸਥਾਨ ਦੇ ਯੁਵਾ ਤੇਜ਼ ਗੇਂਦਬਾਜ਼ਾ ਖ਼ਲੀਲ ਆਸਟਰੇਲੀਆ ਅਤੇ ਨਿਊ ਜ਼ੀਲੈਂਡ ‘ਚ ਖੇਡੇ ਸਨ ਅਤੇ ਉਹ ਚੰਗੀ ਦਿਸ਼ਾ ‘ਚ ਅੱਗੇ ਵੱਧ ਰਹੇ ਹਨ। ਉਨਾਦਕਟ ਰਣਜੀ ਟਰਾਫ਼ੀ ‘ਚ ਚੰਗਾ ਪ੍ਰਦਰਸ਼ਨ ਕਰਨ ਲਈ ਫ਼ਿਰ ਤੋਂ ਦੌੜ ‘ਚ ਸ਼ਾਮਲ ਹੋ ਗਏ ਹਨ। ਉਨ੍ਹਾਂ ਦੀ ਅਗਵਾਈ ਹੇਠ ਸੌਰਾਸ਼ਟਰ ਰਣਜੀ ਫ਼ਾਈਨਲ ‘ਚ ਪੁੱਜਾ ਸੀ। ਉਨਾਦਕਟ ਮਾਹਿਰ ਗੇਂਦਬਾਜ਼ ਹੈ। ਉਹ ਹੁਣ ਪਹਿਲਾਂ ਨਾਲੋ ਬਿਹਤਰ ਤੇਜ਼ ਗੇਂਦਬਾਜ਼ ਹੈ। IPL ਨੂੰ ਧਿਆਨ ‘ਚ ਰੱਖੀਏ ਤਾਂ ਉਹ ਸਭ ਤੋਂ ਤਜਰਬੇਕਾਰ ਗੇਂਦਬਾਜ਼ ਵੀ ਹੈ।
ਪੰਤ ਤੇ ਕਾਰਤਿਕ ਨੂੰ ਲੈ ਕੇ ਮੱਥਾਪੱਚੀ: ਪੰਤ ਤੇ ਕਾਰਤਿਕ ‘ਚੋਂ ਕਿਸੇ ਇੱਕ ਦੀ ਚੋਣ ਕਰਨ ਲਈ ਚੋਣਕਰਤਾਵਾਂ ਨੂੰ ਮੱਥਾਪੱਚੀ ਕਰਨੀ ਪੇਵਗੀ। ਇਹ ਦੋਵੇਂ ਹੀ ਚੰਗੇ ਫ਼ਿਨਿਸ਼ਰ ਹਨ। ਪੰਤ ਨੂੰ ਤੀਜੇ ਸਲਾਮੀ ਬੱਲੇਬਾਜ਼ ਦੇ ਰੂਪ ‘ਚ ਵੀ ਰੱਖਿਆ ਜਾ ਸਕਦਾ ਹੈ। ਰਾਹੁਲ ਵੀ ਇਸ ਥਾਂ ਲਈ ਦੌੜ ‘ਚ ਹਨ। ਉਨ੍ਹਾਂ ਨੂੰ ਟੀਮ ਪ੍ਰਬੰਧਨ ਦਾ ਸਮਰਥਨ ਵੀ ਹਾਸਲ ਹੈ। ਆਸਟ? ੇਲੀਆ ਖ਼ਿਲਾਫ਼ ਸੀਰੀਜ਼ ਤੋਂ ਪਤਾ ਚੱਲੇਗਾ ਕਿ ਰਿਸ਼ਭ ਪੰਤ ਤੇ ਦਿਨੇਸ਼ ਕਾਰਤਿਕ ‘ਚੋਂ ਕਿਹੜਾ ਖਿਡਾਰੀ ਮਾਹਰ ਬੱਲੇਬਾਜ਼ ਤੇ ਦੂਜੇ ਵਿਕਟ ਕੀਪਰ ਦੇ ਰੂਪ ‘ਚ ਇੰਗਲੈਂਡ ਜਾਵੇਗਾ। ਲੋਕੇਸ਼ ਰਾਹੁਲ ਵੀ ਭਾਰਤ-ਏ ਵੱਲੋਂ ਇੰਗਲੈਂਡ ਲਾਇਨਜ਼ ਖ਼ਿਲਾਫ਼ ਦੋ ਚੰਗੀਆਂ ਪਾਰੀਆਂ ਖੇਡਣ ਮਗਰੋਂ ਤੀਜੇ ਸਲਾਮੀ ਬੱਲੇਬਾਜ਼ ਦੇ ਥਾਂ ਲਈ ਦੌੜ ‘ਚ ਸ਼ਾਮਲ ਹੋ ਗਏ ਹਨ।