ਸੂਰਜ ਤੇ ਸਲਮਾਨ ਮੁੜ ਕਰਨਗੇ ਇਕੱਠਿਆਂ ਕੰਮ

ਸਲਮਾਨ ਖ਼ਾਨ ਨੂੰ ਫ਼ਿਲਮਾਂ ‘ਚ ਬਤੌਰ ਹੀਰੋ ਪੇਸ਼ ਕਰਨ ਵਾਲੇ ਨਿਰਦੇਸ਼ਕ ਸੂਰਜ ਬੜਜਾਤੀਆ ਹਨ ਜਿਨ੍ਹਾਂ ਨੇ ਉਸ ਨੂੰ ਲੈ ਕੇ ਮੈਨੇ ਪਿਆਰ ਕੀਆ ਵਰਗੀ ਫ਼ਿਲਮ ਬਣਾਈ ਸੀ। ਉਸ ਤੋਂ ਬਾਅਦ ਸਲਮਾਨ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ ਅਤੇ ਸਫ਼ਲਤਾ ਦੀਆਂ ਬੁਲੰਦੀਆਂ ਨੂੰ ਛੂੰਹਦਾ ਗਿਆ। ਸੂਰਜ ਬੜਜਾਤੀਆਂ ਅਤੇ ਸਲਮਾਨ ਖ਼ਾਨ ਨੇ ਉਸ ਤੋਂ ਬਾਅਦ ਹੁਣ ਤਕ ਹਮ ਆਪਕੇ ਹੈਂ ਕੌਨ, ਹਮ ਸਾਥ ਸਾਥ ਹੈਂ ਅਤੇ ਪ੍ਰੇਮ ਰਤਨ ਧਨ ਪਾਇਓ ਫ਼ਿਲਮਾਂ ‘ਚ ਇਕੱਠਿਆਂ ਕੰਮ ਕੀਤਾ ਹੈ। ਇਹ ਸਾਰੀਆਂ ਫ਼ਿਲਮਾਂ ਸੁਪਰਹਿੱਟ ਰਹੀਆਂ ਸਨ। ਹੁਣ ਸਲਮਾਨ ਅਤੇ ਸੂਰਜ ਪੰਜਵੀਂ ਫ਼ਿਲਮ ਇਕੱਠਿਆਂ ਕਰਨ ਵਾਲੇ ਹਨ।
ਸੂਰਜ ਦਾ ਕਹਿਣਾ ਹੈ ਕਿ ਸਲਮਾਨ ਨੂੰ ਉਸ ਨੇ ਇੱਕ ਸਟੋਰੀ ਆਈਡੀਆ ਸੁਣਾਇਆ ਹੈ ਜੋ ਸਲਮਾਨ ਨੂੰ ਪੰਸਦ ਆਇਆ ਹੈ। ਉਸ ਸੋਟਰੀ ‘ਤੇ ਹੁਣ ਉਹ ਸਕ੍ਰਿਪਟ ਲਿਖ ਰਿਹਾ ਹੈ। ਸੂਰਜ ਦਾ ਇਹ ਵੀ ਕਹਿਣਾ ਹੈ ਕਿ ਸਲਮਾਨ ਹਮੇਸ਼ਾ ਉਸ ਨਾਲ ਕੰਮ ਕਰਨ ਲਈ ਤਿਆਰ ਰਹਿੰਦਾ ਹੈ। ਸਲਮਾਨ ਵੀ ਕਹਿੰਦਾ ਹੈ ਕਿ ਜਦੋਂ ਵੀ ਸੂਰਜ ਆਖੇਗਾ ਉਹ ਸੈੱਟ ‘ਤੇ ਹਾਜ਼ਰ ਹੋ ਜਾਵੇਗਾ। ਚਰਚਾ ਹੈ ਕਿ ਸਲਮਾਨ ਨੂੰ ਲੈ ਕੇ ਸੂਰਜ ਇਸ ਵਾਰ ਰੁਮਾਂਟਿਕ ਨਹੀਂ ਬਲਕਿ ਐਕਸ਼ਨ ਫ਼ਿਲਮ ਬਣਾਉਣੀ ਚਾਹੁੰਦਾ ਹੈ।
ਇਹ ਫ਼ਿਲਮ ਉਸੇ ਤਰ੍ਹਾਂ ਦੀ ਹੋਵੇਗੀ ਜਿਸ ਤਰ੍ਹਾਂ ਦੀ ਫ਼ਿਲਮ ਲਈ ਰਾਜ-ਸ਼ੋਭਾ ਪ੍ਰੋਡਕਸ਼ਨ ਜਾਣਿਆ ਜਾਂਦਾ ਹੈ। ਇਹ ਐਕਸ਼ਨ, ਇਮੋਸ਼ਨ ਅਤੇ ਡਰਾਮਾ ਭਰਪੂਰ ਇੱਕ ਪ੍ਰੌਜੈਕਟ ਹੋਵੇਗਾ। ਫ਼ਿਲਹਾਲ ਸੂਰਜ ਆਪਣੇ ਬੇਟੇ ਅਵਨੀਸ਼ ਦੀ ਪਹਿਲੀ ਫ਼ਿਲਮ ਹਮ ਚਾਰ ਨੂੰ ਰਿਲੀਜ਼ ਕਰਨ ‘ਚ ਰੁੱਝਾ ਹੈ। ਅਵਨੀਸ਼ ਨੇ ਇਸ ਫ਼ਿਲਮ ਦਾ ਨਿਰਦੇਸ਼ਨ ਕੀਤਾ ਹੈ। ਇਸ ਫ਼ਿਲਮ ਦੇ ਰਿਲੀਜ਼ ਹੋਣ ਤੋਂ ਬਾਅਦ ਸਲਮਾਨ ਦੇ ਕਿਰਦਾਰ ਵਾਲੀ ਫ਼ਿਲਮ ਦੀ ਸਕ੍ਰਿਪਟ ਨੂੰ ਸੂਰਜ ਫ਼ਾਈਨਲ ਕਰੇਗਾ। ਦੂਜੇ ਪਾਸੇ ਸਲਮਾਨ ਵੀ ਆਪਣੇ ਡਰੀਮ ਪ੍ਰੌਜੈਕਟ ਭਾਰਤ ਦੀ ਸ਼ੂਟਿੰਗ ‘ਚ ਰੁੱਝਾ ਹੋਇਆ ਹੈ। ਉਸ ਤੋਂ ਬਾਅਦ ਉਹ ਫ਼ਿਲਮ ਦਬੰਗ 3 ਅਤੇ ਕਿਕ 2 ਦੀ ਸ਼ੂਟਿੰਗ ਪੂਰੀ ਕਰੇਗਾ।