ਹੇਰਾਫ਼ੇਰੀ 3 ਦੀ ਤਿਆਰੀ ਸ਼ੁਰ

ਹੇਰਾਫ਼ੇਰੀ ਸੀਰੀਜ਼ ਦੀਆਂ ਪਹਿਲੀਆਂ ਦੋਹੇਂ ਫ਼ਿਲਮਾਂ ਅੱਜ ਵੀ ਲੋਕਾਂ ਦੇ ਦਿਮਾਗ਼ ‘ਚ ਵਸੀਆਂ ਹੋਈਆਂ ਹਨ। ਕਾਫ਼ੀ ਸਮੇਂ ਤੋਂ ਦਰਸ਼ਕ ਇਸ ਦੇ ਤੀਸਰੇ ਭਾਗ ਦਾ ਇੰਤਜ਼ਾਰ ਕਰ ਰਹੇ ਸਨ। ਹੁਣ ਤਕ ਇਸ ਬਾਰੇ ਕੋਈ ਠੋਸ ਜਾਣਕਾਰੀ ਨਹੀਂ ਸੀ ਮਿਲੀ ਕਿ ਇਹ ਫ਼ਿਲਮ ਕਦੋਂ ਬਣੇਗੀ। ਹੁਣ ਇਸ ਸੀਰੀਜ਼ ਦੇ ਤੀਜੇ ਭਾਗ ‘ਤੇ ਕੰਮ ਸ਼ੁਰੂ ਹੋ ਗਿਆ ਹੈ। ਫ਼ਿਲਮ ਦੀ ਸਕ੍ਰਿਪਟ ‘ਤੇ ਵੀ ਕੰਮ ਜਾਰੀ ਹੈ। ਅਸਲ ‘ਚ ਹੇਰਾਫ਼ੇਰੀ ਇੱਕ ਚੰਗੀ ਕੌਮੇਡੀ ਸੀਰੀਜ਼ ਹੈ, ਅਤੇ ਫ਼ਿਲਮਸਾਜ਼ ਇਸ ਦੀ ਸਕ੍ਰਿਪਟ ਨਾਲ ਕੋਈ ਸਮਝੌਤਾ ਨਹੀਂ ਕਰਨਾ ਚਾਹੁੰਦੇ। ਇਸ ਦੇ ਤੀਜੇ ਭਾਗ ਨੂੰ ਫ਼ਿਰੋਜ਼ ਨਾਡਿਆਡਵਾਲਾ ਪ੍ਰੋਡਿਊਸ ਅਤੇ ਇੰਦਰ ਕੁਮਾਰ ਡਾਇਰੈਕਟ ਕਰੇਗਾ।
ਫ਼ਿਲਮ ਦੀ ਸ਼ੂਟਿੰਗ ਜਲਦ ਸ਼ੁਰੂ ਹੋਵੇਗੀ। ਫ਼ਿਲਮ ਦੇ ਲੀਡ ਕਲਾਕਾਰ ਫ਼ਾਈਨਲ ਹੋ ਚੁੱਕੇ ਹਨ। ਅਕਸ਼ੇ ਕੁਮਾਰ, ਸੁਨੀਲ ਸ਼ੈੱਟੀ ਅਤੇ ਪਰੇਸ਼ ਰਾਵਲ ਹੀ ਇਸ ‘ਚ ਦੁਬਾਰਾ ਨਜ਼ਰ ਆਉਣਗੇ। ਇਹ ਤਿੰਨੋਂ ਰਾਜੂ, ਸ਼ਾਮ ਅਤੇ ਬਾਬੂਰਾਓ ਗਣਪਤਰਾਓ ਆਪਟੇ ਦਾ ਕਿਰਦਾਰ ਅੱਗੇ ਨਿਭਾਉਣਗੇ। ਪਹਿਲਾਂ ਜੌਨ ਐਬਰਾਹਿਮ ਅਤੇ ਅਭਿਸ਼ੇਕ ਬੱਚਨ ਦਾ ਨਾਂ ਇਸ ਭਾਗ ਲਈ ਸਾਹਮਣੇ ਆਇਆ ਸੀ, ਪਰ ਅਖ਼ੀਰ ਫ਼ਿਲਮਸਾਜ਼ ਨੇ ਅਕਸ਼ੇ, ਸੁਨੀਲ ਤੇ ਪਰੇਸ਼ ਰਾਵਲ ਨਾਲ ਹੀ ਇਹ ਫ਼ਿਲਮ ਬਣਾਉਣ ਦਾ ਫ਼ੈਸਲਾ ਕੀਤਾ।
ਕਿਉਂ ਹੋਈ ਦੇਰੀ?
ਹੇਰਾਫ਼ੇਰੀ 3 ਨੂੰ ਬਣਾਏ ਜਾਣ ਦਾ ਐਲਾਨ ਕਾਫ਼ੀ ਸਮਾਂ ਪਹਿਲਾਂ ਹੀ ਕਰ ਦਿੱਤਾ ਗਿਆ ਸੀ। ਇਸ ਦੇਰੀ ਦਾ ਕਾਰਨ ਪ੍ਰੋਡਿਊਸਰ ਫ਼ਿਰੋਜ਼ ਅਤੇ ਅਕਸ਼ੇ ਕੁਮਾਰ ਦੇ ਆਪਸੀ ਮੱਤਭੇਦ ਦੱਸੇ ਗਏ ਸਨ ਜੋ ਹੁਣ ਹੱਲ ਹੋ ਚੁੱਕੇ ਹਨ। ਫ਼ਿਰੋਜ਼ ਚਾਹੁੰਦਾ ਸੀ ਕਿ ਹੇਰਾਫ਼ੇਰੀ 3 ਦਾ ਨਿਰਦੇਸ਼ਨ ਨੀਰਜ ਵੋਰਾ ਕਰੇ, ਪਰ ਉਸ ਦੀ ਕਾਫ਼ੀ ਸਮਾਂ ਬਿਮਾਰ ਰਹਿਣ ਮਗਰੋਂ ਕੁੱਝ ਮਹੀਨੇ ਪਹਿਲਾਂ ਮੌਤ ਹੋ ਗਈ। ਨੀਰਜ ਨੇ ਹੇਰਾਫ਼ੇਰੀ ਸੀਰੀਜ਼ ਦੇ ਦੂਜੇ ਭਾਗ ਦਾ ਨਿਰਦੇਸ਼ਨ ਕੀਤਾ ਸੀ ਜਦਕਿ ਪਹਿਲੇ ਭਾਗ ਦਾ ਨਿਰਦੇਸ਼ਨ ਪ੍ਰਿਆਦਰਸ਼ਨ ਨੇ। ਪਹਿਲਾਂ ਚਰਚਾ ਸੀ ਕਿ ਅਹਿਮਦ ਖ਼ਾਨ ਤੀਜੇ ਭਾਗ ਦਾ ਨਿਰਦੇਸ਼ਨ ਕਰੇਗਾ, ਪਰ ਹੁਣ ਇੰਦਰ ਕੁਮਾਰ ਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ ਹੈ। ਇੰਦਰ ਕੁਮਾਰ ਕੌਮੇਡੀ ਫ਼ਿਲਮਾਂ ਬਣਾਉਣ ਲਈ ਮਸ਼ਹੂਰ ਹੈ।