ਛੇ ਘੰਟਿਆਂ ਤੋਂ ਘੱਟ ਨੀਂਦ ਲੈਣ ਤੇ ਦਿਲ ਸਬੰਧੀ ਰੋਗ ਦਾ ਖ਼ਤਰਾ

ਜੇ ਤੁਸੀਂ ਰਾਤ ਸਮੇਂ ਛੇ ਘੰਟੇ ਤੋਂ ਘੱਟ ਸਮੇਂ ਦੀ ਨੀਂਦ ਲੈਂਦੇ ਹੋ ਤਾਂ ਇਹ ਤੁਹਾਡੇ ਲਈ ਨੁਕਸਾਨਦੇਹ ਹੋ ਸਕਦਾ ਹੈ। ਇੱਕ ਅਧਿਐਨ ‘ਚ ਦੱਸਿਆ ਗਿਆ ਹੈ ਕਿ ਜੋ ਲੋਕ ਸੱਤ ਤੋਂ ਅੱਠ ਘੰਟੇ ਦੀ ਨੀਂਦ ਲੈਂਦੇ ਹਨ ਦੇ ਮੁਕਾਬਲੇ ਛੇ ਘੰਟੇ ਤੋਂ ਘੱਟ ਸੌਣ ਵਾਲੇ ਲੋਕਾਂ ‘ਚ ਦਿਲ ਸਬੰਧੀ ਬੀਮਾਰੀਆਂ ਦਾ ਜ਼ਿਆਦਾ ਖ਼ਤਰਾ ਰਹਿੰਦਾ ਹੈ। ਇਹ ਅਧਿਐਨ ਅਮੈਰੀਕਨ ਕਾਲਜ ਔਫ਼ ਕਾਰਡੀਔਲੋਜੀ ਵਿੱਚ ਪ੍ਰਕਾਸ਼ਿਤ ਹੋਇਆ ਹੈ।
ਇਸ ‘ਚ ਦੱਸਿਆ ਗਿਆ ਹੈ ਕਿ ਜੇ ਤੁਸੀਂ ਚੰਗੀ ਨੀਂਦ ਨਹੀਂ ਲੈਂਦੇ ਹੋ ਤਾਂ ਐਥੀਰੋਸਕਲੇਰੋਸਿਸ ਨਾਂ ਦੀ ਬੀਮਾਰੀ ਦਾ ਖ਼ਤਰਾ ਵੱਧ ਜਾਂਦਾ ਹੈ। ਇਸ ਬੀਮਾਰੀ ‘ਚ ਸ਼ਰੀਰ ਦੀਆਂ ਨਾੜੀਆਂ ‘ਚ ਪਲੈਕ ਜੰਮ ਜਾਂਦਾ ਹੈ ਜਿਸ ਨਾਲ ਉਹ ਸਖ਼ਤ ਅਤੇ ਸੁੰਗੜ ਜਾਂਦੀਆਂ ਹਨ ਅਤੇ ਉਨ੍ਹਾਂ ‘ਚ ਖ਼ੂਨ ਦਾ ਦੌਰਾ ਘੱਟ ਹੋ ਜਾਂਦਾ ਹੈ। ਸਪੇਨ ਦੇ ਸੈਂਟਰੋ ਨੈਸ਼ਨਲ ਡੀ ਇਨਵੈਸਟੀਗੇਸ਼ੀਓਨੇਸ ਕਾਰਡੀਓਵੈਸਕੁਲਰਸ ਕਾਰਲੋਸ ਜ਼ੋਨਜ਼ ਐੱਮ ਓਰਦੋਵਾਸ ਨੇ ਦੱਸਿਆ ਕਿ ਦਿਲ ਸਬੰਧੀ ਬੀਮਾਰੀ ਇੱਕ ਸੰਸਾਰਿਕ ਸਮੱਸਿਆ ਹੈ ਅਤੇ ਅਸੀਂ ਦਵਾਈ, ਸ਼ਰੀਰਕ ਸਰਗਰਮੀ ਅਤੇ ਖਾਣ-ਪੀਣ ਸਮੇਤ ਵੱਖ-ਵੱਖ ਤਰੀਕਿਆਂ ਨਾਲ ਇਸ ਦੀ ਰੋਕਥਾਮ ਅਤੇ ਇਲਾਜ ਕਰ ਰਹੇ ਹਾਂ। ਓਰਦੋਵਾਸ ਨੇ ਕਿਹਾ ਕਿ ਇਹ ਅਧਿਐਨ ਇਸ ਗੱਲ ‘ਤੇ ਜ਼ੋਰ ਦਿੰਦਾ ਹੈ ਕਿ ਦਿਲ ਸਬੰਧੀ ਰੋਗ ਨਾਲ ਨਜਿੱਠਣ ਲਈ ਲੋੜੀਂਦੀ ਨੀਂਦ ਲੈਣੀ ਹੋਵੇਗੀ। ਇਹ ਇੱਕ ਅਜਿਹੀ ਚੀਜ਼ ਹੈ ਜਿਸ ਨਾਲ ਅਸੀਂ ਰੋਜ਼ਾਨਾ ਸਮਝੌਤਾ ਕਰਦੇ ਹਾਂ।