ਸ਼ਾਹਰੁਖ਼ ਖ਼ਾਨ ਲਈ ਸਾਲ 2018 ਬਹੁਤਾ ਚੰਗਾ ਨਹੀਂ ਰਿਹਾ। 21 ਦਸੰਬਰ ਨੂੰ ਉਸ ਦੀ ਫ਼ਿਲਮ ਜ਼ੀਰੋ ਰਿਲੀਜ਼ ਹੋਈ। ਉਸ ਫ਼ਿਲਮ ਤੋਂ ਖ਼ਾਨ ਨੂੰ ਵੱਡੀਆਂ ਆਸਾਂ ਸਨ ਪਰ ਉਹ ਫ਼ਲਾਪ ਰਹੀ। ਇਸ ‘ਚ ਸ਼ਾਹਰੁਖ਼ ਤੋਂ ਇਲਾਵਾ ਕੈਟਰੀਨਾ ਕੈਫ਼ ਅਤੇ ਅਨੁਸ਼ਕਾ ਸ਼ਰਮਾ ਨੇ ਵੀ ਅਦਾਕਾਰੀ ਦਿਖਾਈ ਸੀ। ਹੁਣ ਸ਼ਾਹਰੁਖ਼ ਆਪਣੀ ਅਗਲੀ ਫ਼ਿਲਮ, ਜੋ ਇੱਕ ਬਾਇਓਪਿਕ ਹੈ, ਵਿੱਚ ਰੁਝ ਗਿਆ ਹੈ। ਇਹ ਫ਼ਿਲਮ ਭਾਰਤ ਦੇ ਪਹਿਲੇ ਪੁਲਾੜ ਯਾਤਰੀ ਰਾਕੇਸ਼ ਸ਼ਰਮਾ ਦੇ ਜੀਵਨ ‘ਤੇ ਆਧਾਰਿਤ ਹੈ। ਰਾਕੇਸ਼ ਸ਼ਰਮਾ ਨੇ 1984 ਵਿੱਚ ਪੁਲਾੜ ‘ਚ ਕਦਮ ਰੱਖਿਆ ਸੀ। ਇਸ ਲਈ ਰਾਕੇਸ਼ ਸ਼ਰਮਾ ਨੂੰ ਅਸ਼ੋਕ ਚੱਕਰ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ।
ਇਸ ਬਾਇਓਪਿਕ ‘ਚ ਰਾਕੇਸ਼ ਸ਼ਰਮਾ ਦਾ ਕਿਰਦਾਰ ਸ਼ਾਹਰੁਖ਼ ਨਿਭਾ ਰਿਹਾ ਹੈ। ਫ਼ਿਲਮ ਦਾ ਨਾਂ ਸੈਲਿਊਟ ਰੱਖਿਆ ਗਿਆ ਹੈ। ਕਾਫ਼ੀ ਸਮੇਂ ਤੋਂ ਇਸ ਲਈ ਅਦਾਕਾਰਾ ਦੀ ਭਾਲ ਕੀਤੀ ਜਾ ਰਹੀ ਸੀ, ਪਰ ਹੁਣ ਇਸ ਲਈ ਫ਼ਾਤਿਮਾ ਸਨਾ ਸ਼ੇਖ਼ ਦਾ ਨਾਂ ਸਾਹਮਣੇ ਆਇਆ ਹੈ। ਫ਼ਾਤਿਮਾ ਦਾ ਨਾਂ ਅਜੇ ਫ਼ਾਈਨਲ ਨਹੀਂ ਕੀਤਾ ਗਿਆ, ਪਰ ਫ਼ਿਲਮਸਾਜ਼ ਨੂੰ ਫ਼ਾਤਿਮਾ ਦਾ ਹੁਣ ਤਕ ਦਾ ਕੰਮ ਕਾਫ਼ੀ ਪਸੰਦ ਆਇਆ ਹੈ ਜਿਸ ਤੋਂ ਲਗਦਾ ਹੈ ਕਿ ਉਹ ਸ਼ਾਹਰੁਖ਼ ਨਾਲ ਉਸੇ ਨੂੰ ਹੀ ਫ਼ਾਈਨਲ ਕਰਨਗੇ।
ਇੱਕ ਇੰਟਰਵਿਊ ਦੌਰਾਨ ਫ਼ਾਤਿਮਾ ਨੇ ਕਿਹਾ ਸੀ ਕਿ ਫ਼ਿਲਮਾਂ ਵਿੱਚ ਜੇ ਉਹ ਕਿਸੇ ਅਦਾਕਾਰ ਨਾਲ ਕੰਮ ਕਰ ਕੇ ਨਰਵਸ ਹੁੰਦੀ ਹੈ ਤਾਂ ਉਹ ਸ਼ਾਹਰੁਖ਼ ਖ਼ਾਨ ਹੈ। ਇਸ ਦੇ ਬਾਵਜੂਦ ਉਹ ਸ਼ਾਹਰੁਖ਼ ਨਾਲ ਫ਼ਿਲਮ ਕਰਨ ਲਈ ਉਹ ਬੇਤਾਬ ਹੈ। ਸੈਲਿਊਟ ਦੀ ਸ਼ੂਟਿੰਗ ਅਗਲੇ ਮਹੀਨੇ ਸ਼ੁਰੂ ਹੋਵੇਗੀ। ਸ਼ਾਹਰੁਖ਼ ਬਦਲਾ ਨਾਂ ਦੀ ਇੱਕ ਫ਼ਿਲਮ ‘ਚ ਬੌਲੀਵੁਡ ਦੇ ਮਹਾਨਾਇਕ ਅਮਿਤਾਭ ਬੱਚਨ ਨਾਲ ਵੀ ਕੰਮ ਕਰ ਰਿਹਾ ਹੈ। ਇਨ੍ਹਾਂ ਦੋਹਾਂ ਤੋਂ ਇਲਾਵਾ ਬਦਲਾ ਵਿੱਚ ਅਭਿਨੇਤਰੀ ਤਾਪਸੀ ਪੰਨੂ ਵੀ ਅਹਿਮ ਕਿਰਦਾਰ ਨਿਭਾ ਰਹੀ ਹੈ।











