ਦਬੰਗ ਖ਼ਾਨ ਯਾਨੀ ਸਲਮਾਨ ਖ਼ਾਨ ਅੱਜ ਕੱਲ੍ਹ ਫ਼ਿਲਮ ਭਾਰਤ ਦੀ ਸ਼ੂਟਿੰਗ ‘ਚ ਰੁਝਾ ਹੋਇਆ ਹੈ। ਇਸੇ ਦੌਰਾਨ ਉਸ ਨਾਲ ਜੁੜੀ ਇੱਕ ਹੋਰ ਜਾਣਕਾਰੀ ਸਾਹਮਣੇ ਆਈ ਹੈ। ਅਸਲ ‘ਚ ਸਲਮਾਨ ਦੀ ਲੰਬੇ ਸਮੇਂ ਤੋਂ ਰੁਕੀ ਹੋਈ ਫ਼ਿਲਮ ਦਬੰਗ 3 ਦੀ ਸ਼ੂਟਿੰਗ ਛੇਤੀ ਸ਼ੁਰੂ ਹੋਵੇਗੀ। ਸੂਤਰਾਂ ਮੁਤਾਬਿਕ, ਇਸ ਫ਼ਿਲਮ ਦੀ ਕਾਸਟ ਫ਼ਾਈਨਲ ਹੋ ਚੁੱਕੀ ਹੈ ਅਤੇ ਇਸ ਦੀ ਸ਼ੂਟਿੰਗ ਅਪ੍ਰੈਲ ਤੋਂ ਸ਼ੁਰੂ ਹੋਵੇਗੀ। ਇਸ ਗੱਲ ‘ਤੇ ਇਸ ਫ਼ਿਲਮ ਦੇ ਪ੍ਰੋਡਿਊਸਰ ਅਰਬਾਜ਼ ਖ਼ਾਨ ਨੇ ਵੀ ਮੋਹਰ ਲਾਈ ਹੈ।
ਅਰਬਾਜ਼ ਨੇ ਕਿਹਾ ਕਿ ਦਬੰਗ 3 ਅਪ੍ਰੈਲ ਤਕ ਫ਼ਲੋਰ ‘ਤੇ ਆ ਜਾਵੇਗੀ ਪਰ ਅਜੇ ਅਸੀਂ ਸ਼ੂਟਿੰਗ ਲਈ ਥਾਵਾਂ ਦੀ ਚੋਣ ਨਹੀਂ ਕੀਤੀ ਗਈ। ਉਸ ਨੇ ਕਿਹਾ, ”ਫ਼ਿਲਹਾਲ, ਕੇਵਲ ਮੈਂ ਇੰਨਾ ਹੀ ਦੱਸ ਸਕਦਾ ਹਾਂ ਕਿ ਫ਼ਿਲਮ ‘ਚ ਸਲਮਾਨ ਖ਼ਾਨ ਲੀਡ ਰੋਲ ‘ਚ ਹੋਵੇਗਾ ਅਤੇ ਇਸ ਨੂੰ ਡਾਇਰੈਕਟ ਪ੍ਰਭੂਦੇਵਾ ਕਰੇਗਾ।” ਵੈਸੇ, ਇਸ ਸੀਰੀਜ਼ ਦੀਆਂ ਪਿਛਲੀਆਂ ਦੋਵੇਂ ਫ਼ਿਲਮਾਂ ਨੂੰ ਅਰਬਾਜ਼ ਨੇ ਡਾਇਰੈਕਟ ਕੀਤਾ ਸੀ।
ਕਿਹਾ ਜਾ ਰਿਹਾ ਹੈ ਕਿ ਦਬੰਗ 3 ਇੱਕ ਸੱਚੀ ਘਟਨਾ ‘ਤੇ ਆਧਾਰਿਤ ਫ਼ਿਲਮ ਹੋਵੇਗੀ। ਇਸ ਵਾਰ ਚੁਲਬੁਲ ਪਾਂਡੇ ਯਾਨੀ ਸਲਮਾਨ ਖ਼ਾਨ ਨੋਇਡਾ ਦੇ ਇੱਕ ਪੁਲਿਸ ਅਫ਼ਸਰ ਦੀ ਭੂਮਿਕਾ ‘ਚ ਨਜ਼ਰ ਆਵੇਗਾ। ਇਸ ‘ਚ ਅਭਿਨੇਤਰੀ ਸੋਨਾਕਸ਼ੀ ਸਿਨਹਾ ਤੋਂ ਇਲਾਵਾ ਇੱਕ ਹੋਰ ਹੀਰੋਇਨ ਵੀ ਨਜ਼ਰ ਆਵੇਗੀ। ਫ਼ਿਲਮ ‘ਚ ਸਲਮਾਨ ਦੀ ਭੈਣ ਐਲਿਜ਼ਾ ਅਗਨੀਹੋਤਰੀ ਵੀ ਹੋ ਸਕਦੀ ਹੈ। ਦਬੰਗ 3 ਤੋਂ ਪਹਿਲਾਂ ਸਲਮਾਨ ਨਿਰਦੇਸ਼ਕ ਅਲੀ ਅੱਬਾਸ ਜ਼ਫ਼ਰ ਦੀ ਫ਼ਿਲਮ ਭਾਰਤ ਦੀ ਸ਼ੂਟਿੰਗ ਪੂਰੀ ਕਰੇਗਾ।
ਜਾਣਕਾਰੀ ਮੁਤਾਬਿਕ ਦਬੰਗ 3 ਵੀ ਇਸ ਸਾਲ ਦੀਵਾਲੀ ਜਾਂ ਕ੍ਰਿਸਮਸ ਮੌਕੇ ਰਿਲੀਜ਼ ਹੋ ਸਕਦੀ ਹੈ। ਇਸ ਨੂੰ ਵੇਖ ਕੇ ਲਗਦਾ ਹੈ ਕਿ ਸਲਮਾਨ ਇਸ ਸਾਲ ਵੱਡਾ ਧਮਾਕਾ ਕਰਨ ਦੀ ਯੋਜਨਾ ਬਣਾ ਰਿਹਾ ਹੈ। ਅਸਲ ‘ਚ ਉਸ ਦੀ ਫ਼ਿਲਮ ਭਾਰਤ ਵੀ ਇਸੇ ਸਾਲ ਈਦ ਮੌਕੇ ਰਿਲੀਜ਼ ਹੋਵੇਗੀ ਅਤੇ ਦਬੰਗ 3 ਵੀ ਇਸੇ ਸਾਲ ਰਿਲੀਜ਼ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ। ਦੋਵੇਂ ਫ਼ਿਲਮਾਂ ਕਾਫ਼ੀ ਵੱਡੀਆਂ ਅਤੇ ਦਿਲਚਸਪ ਹੋਣ ਦੀ ਉਮੀਦ ਹੈ। ਫ਼ਿਲਮ ਭਾਰਤ ‘ਚ ਸਲਮਾਨ ਨਾਲ ਕੈਟਰੀਨਾ ਕੈਫ਼, ਦਿਸ਼ਾ ਪਟਾਨੀ, ਸੁਨੀਲ ਗਰੋਵਰ ਅਤੇ ਨੋਰਾ ਫ਼ਤੇਹੀ ਆਦਿ ਵੀ ਨਜ਼ਰ ਆਉਣਗੇ।











