ਬੌਲੀਵੁਡ ਡਾਇਰੈਕਟਰ ਰੋਹਿਤ ਸ਼ੈੱਟੀ ਇਨ੍ਹੀਂ ਦਿਨੀਂ ਆਪਣੀ ਫ਼ਿਲਮ ਸਿੰਬਾ ਨਾਲ ਚਰਚਾ ਵਿੱਚ ਹੈ। ਇਸ ਫ਼ਿਲਮ ‘ਚ ਰਣਵੀਰ ਸਿੰਘ ਦੇ ਨਾਲ ਅਜੇ ਦੇਵਗਨ ਵੀ ਦਮਦਾਰ ਅੰਦਾਜ਼ ‘ਚ ਨਜ਼ਰ ਆਇਆ। ਹਾਲ ਹੀ ‘ਚ ਰੋਹਿਤ ਸ਼ੈੱਟੀ ਨੇ ਸਿੰਬਾ ਦੀ ਪ੍ਰਮੋਸ਼ਨ ਦੌਰਾਨ ਅਕਸ਼ੇ ਕੁਮਾਰ ਨਾਲ ਕੰਮ ਕਰਨ ਦੀ ਇੱਛਾ ਜ਼ਾਹਿਰ ਕੀਤੀ ਸੀ। ਕਾਫ਼ੀ ਦਿਨਾਂ ਤੋਂ ਖ਼ਬਰਾਂ ਆ ਰਹੀਆਂ ਸਨ ਕਿ ਸਿੰਬਾ ਤੋਂ ਬਾਅਦ ਰੋਹਿਤ ਸ਼ੈੱਟੀ ਅਕਸ਼ੇ ਨਾਲ ਮਸਾਲੇਦਾਰ ਫ਼ਿਲਮ ਬਣਾਏਗਾ। ਇਸ ਬਾਰੇ ‘ਚ ਜਦੋਂ ਰੋਹਿਤ ਨੂੰ ਪੁੱਛਿਆ ਗਿਆ ਤਾਂ ਉਸ ਨੇ ਕਿਹਾ, ”ਸਾਡੇ ਦਿਮਾਗ਼ ‘ਚ ਇੱਕ ਆਈਡੀਆ ਹੈ ਅਤੇ ਮੈਂ ਅਕਸ਼ੇ ਨਾਲ ਕੰਮ ਕਰਨਾ ਚਾਹੁੰਦਾ ਹਾਂ। ਸਾਡੀ ਦੋਵਾਂ ਦੀ ਕਈ ਅਹਿਮ ਵਿਸ਼ਿਆਂ ਨੂੰ ਲੈ ਕੇ ਗੱਲਬਾਤ ਵੀ ਹੋਈ ਹੈ।”
ਜਦੋਂ ਦੀ ਇਹ ਗੱਲ ਸਾਹਮਣੇ ਆਈ ਸੀ ਕਿ ਅਕਸ਼ੇ ਅਤੇ ਰੋਹਿਤ ਇਕੱਠੇ ਕੰਮ ਕਰਨਗੇ ਤਾਂ ਕਈ ਸਵਾਲ ਸਾਹਮਣੇ ਆਏ ਜਿਵੇਂ ਫ਼ਿਲਮ ਦਾ ਵਿਸ਼ਾ ਕੀ ਹੋਵੇਗਾ? ਅਕਸ਼ੇ ਇਸ ਫ਼ਿਲਮ ‘ਚ ਕਿਸ ਤਰ੍ਹਾਂ ਦੇ ਕਿਰਦਾਰ ‘ਚ ਨਜ਼ਰ ਆਵੇਗਾ? ਜਾਣਕਾਰੀ ਮਿਲੀ ਹੈ ਕਿ ਰੋਹਿਤ ਸ਼ੈੱਟੀ ਅਕਸ਼ੇ ਕੁਮਾਰ ਨੂੰ ਲੈ ਕੇ ਇੱਕ ਪੁਲੀਸ ਅਫ਼ਸਰ ਦੀ ਕਹਾਣੀ ਸਾਹਮਣੇ ਲਿਆਵੇਗਾ। ਸਿੰਘਮ ਸੀਰੀਜ਼ ‘ਚ ਅਜੇ ਦੇਵਗਨ ਅਤੇ ਸਿੰਬਾ ‘ਚ ਰਣਵੀਰ ਸਿੰਘ ਨੂੰ ਪੁਲੀਸ ਅਫ਼ਸਰ ਬਣਾਉਣ ਤੋਂ ਬਾਅਦ ਹੁਣ ਰੋਹਿਤ ਬੌਲੀਵੁੱਡ ‘ਚ ਇੱਕ ਹੋਰ ਪੁਲੀਸ ਅਫ਼ਸਰ ਅਕਸ਼ੇ ਦੇ ਰੂਪ ‘ਚ ਲੈ ਕੇ ਆਉਣ ਵਾਲਾ ਹੈ। ਅਕਸ਼ੇ ਪਹਿਲਾਂ ਵੀ ਕਈ ਵਾਰ ਫ਼ਿਲਮਾਂ ‘ਚ ਪੁਲੀਸ ਵਾਲੇ ਦਾ ਰੋਲ ਨਿਭਾ ਚੁੱਕਾ ਹੈ। ਵੈਸੇ ਅੱਜ ਕੱਲ੍ਹ ਅਕਸ਼ੇ ਮਿਸ਼ਨ ਮੰਗਲ ਦੀ ਸ਼ੂਟਿੰਗ ‘ਚ ਰੁੱਝਾ ਹੋਇਆ ਹੈ।












