ਅਦਾਕਾਰ ਸੈਫ਼ ਅਲੀ ਖ਼ਾਨ ਅਤੇ ਅਭਿਨੇਤਰੀ ਅੰਮ੍ਰਿਤਾ ਸਿੰਘ ਦੀ ਲਾਡਲੀ ਧੀ ਸਾਰ੍ਹਾ ਅਲੀ ਖ਼ਾਨ ਆਪਣੀ ਡੈਬਿਊ ਫ਼ਿਲਮ ਕੇਦਾਰਨਾਥ ਨੂੰ ਲੈ ਕੇ ਕਾਫ਼ੀ ਚਰਚਾ ਵਿੱਚ ਹੈ। ਆਪਣੀ ਪਹਿਲੀ ਹੀ ਫ਼ਿਲਮ ‘ਚ ਸਾਰ੍ਹਾ ਵਲੋਂ ਦਿਖਾਈ ਗਈ ਅਦਾਕਾਰੀ ਦੀ ਹਰ ਕੋਈ ਤਾਰੀਫ਼ ਕਰ ਰਿਹਾ ਹੈ। ਕੇਦਾਰਨਾਥ ਤੋਂ ਬਾਅਦ ਹੁਣੇ ਜਿਹੇ ਹੀ ਉਸ ਦੀ ਅਗਲੀ ਫ਼ਿਲਮ ਸਿੰਬਾ ਰਿਲੀਜ਼ ਹੋਈ ਹੈ। ਇਸ ਫ਼ਿਲਮ ਨੂੰ ਰੋਹਿਤ ਸ਼ੈੱਟੀ ਨੇ ਡਾਇਰੈਕਟ ਕੀਤਾ ਹੈ ਅਤੇ ਇਸ ਦਾ ਨਿਰਮਾਣ ਕਰਨ ਜੌਹਰ ਦੇ ਪ੍ਰੋਡਕਸ਼ਨ ਹਾਊਸ ਵਲੋਂ ਕੀਤਾ ਗਿਆ ਸੀ।
ਸਾਰ੍ਹਾ ਦੀ ਖ਼ੁਸ਼ਕਿਸਮਤੀ ਹੈ ਕਿ ਉਸ ਨੂੰ ਕਰੀਅਰ ਦੀ ਸ਼ੁਰੂਆਤ ਵਿੱਚ ਹੀ ਵੱਡੀਆਂ ਫ਼ਿਲਮਾਂ ਮਿਲ ਰਹੀਆਂ ਹਨ। ਹੁਣ ਕਿਹਾ ਜਾ ਰਿਹਾ ਹੈ ਕਿ ਫ਼ਿਲਮਸਾਜ਼ ਸਾਜਿਦ ਨਾਡਿਆਡਵਾਲਾ ਨੇ ਆਪਣੀ ਅਗਲੀ ਫ਼ਿਲਮ ਬਾਗ਼ੀ-3 ਲਈ ਵੀ ਸਾਰ੍ਹਾ ਨਾਲ ਸੰਪਰਕ ਕੀਤਾ ਹੈ। ਸੂਤਰਾਂ ਮੁਤਾਬਿਕ, ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਟਾਈਗਰ ਸ਼ੈਰੌਫ਼ ਹੀ ਬਾਗ਼ੀ-3 ‘ਚ ਮੁੱਖ ਭੂਮਿਕਾ ਨਿਭਾਏਗਾ। ਜੇ ਸਾਰ੍ਹਾ ਇਹ ਫ਼ਿਲਮ ਸਾਈਨ ਕਰ ਲੈਂਦੀ ਹੈ ਤਾਂ ਉਹ ਇਸ ‘ਚ ਟਾਈਗਰ ਨਾਲ ਰੋਮੈਂਸ ਕਰਦੀ ਨਜ਼ਰ ਆਵੇਗੀ। ਇਸ ਸੀਰੀਜ਼ ਦੀਆਂ ਪਹਿਲੀਆਂ ਦੋਹੇਂ ਫ਼ਿਲਮਾਂ ਪਰਦੇ ‘ਤੇ ਸੁਪਰਹਿੱਟ ਰਹੀਆਂ ਸਨ।
ਜ਼ਿਕਰਯੋਗ ਹੈ ਕਿ ਇਸ ਫ਼ਿਲਮ ਦੇ ਪਹਿਲੇ ਭਾਗ ‘ਚ ਟਾਈਗਰ ਸ਼ੈਰੌਫ਼ ਨਾਲ ਸ਼੍ਰਧਾ ਕਪੂਰ ਨਜ਼ਰ ਆਈ ਸੀ ਜਦਕਿ ਦੂਜੇ ਭਾਗ ‘ਚ ਟਾਈਗਰ ਦੀ ਗਰਲ ਫ਼ਰੈਂਡ ਯਾਨੀ ਦਿਸ਼ਾ ਪਟਾਨੀ ਨੇ ਉਸ ਨਾਲ ਜੋੜੀ ਬਣਾਈ ਸੀ। ਹੁਣ ਫ਼ਿਲਮਸਾਜ਼ ਸਾਜਿਦ ਨਾਡਿਆਡਵਾਲਾ ਨੇ ਸਾਰ੍ਹਾ ਅਲੀ ਖ਼ਾਨ ਨਾਲ ਬਾਗ਼ੀ-3 ਨੂੰ ਲੈ ਕੇ ਗੱਲਬਾਤ ਕੀਤੀ ਹੈ, ਪਰ ਅਜੇ ਇਸ ਦਾ ਅਧਿਕਾਰਕ ਤੌਰ ‘ਤੇ ਐਲਾਨ ਨਹੀਂ ਕੀਤਾ ਗਿਆ। ਖ਼ੈਰ, ਆਉਣ ਵਾਲੇ ਦਿਨਾਂ ‘ਚ ਇਹ ਸਾਹਮਣੇ ਆ ਜਾਏਗਾ ਕਿ ਸਾਰ੍ਹਾ ਅਲੀ ਖ਼ਾਨ ਇਸ ਫ਼ਿਲਮ ‘ਚ ਕੰਮ ਕਰੇਗੀ ਜਾਂ ਨਹੀਂ। ਫ਼ਿਲਹਾਲ ਸਾਰ੍ਹਾ ਫ਼ਿਲਮ ਸਿੰਬਾ ਨੂੰ ਲੈ ਉਤਸਾਹਿਤ ਹੈ। ਵੈਸੇ ਚਾਲੂ ਸਾਲ, ਭਾਵ 2019 ਵਿੱਚ, ਸਾਰ੍ਹਾ ਫ਼ਿਲਮ ਲਵ ਆਜ ਕੱਲ੍ਹ ਦੇ ਸੀਕੁਅਲ ‘ਚ ਵੀ ਕੰਮ ਕਰਨ ਜਾ ਰਹੀ ਹੈ।












