ਮੈਲਬਰਨ – ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਜਸਪ੍ਰੀਤ ਬੁਮਰਾਹ ਨੂੰ ਦੁਨੀਆ ਦਾ ਸਰਵਸ੍ਰੇਸ਼ਠ (ਤੇਜ਼) ਗੇਂਦਬਾਜ਼ ਕਰਾਰ ਦਿੱਤਾ ਹੈ ਅਤੇ ਨਾਲ ਹੀ ਕਿਹਾ ਕਿ ਪਰਥ ਦੇ ਉਛਾਲ ਭਰੇ ਵਿਕਟ ‘ਤੇ ਉਹ ਵੀ ਉਸ ਦਾ ਸਾਹਮਣਾ ਕਰਦੇ ਹੋਏ ਡਰਦਾ ਸੀ। ਬੁਮਰਾਹ ਨੇ ਤੀਜੇ ਟੈੱਸਟ ‘ਚ 86 ਦੌੜਾਂ ਦੇ ਕੇ ਕੁੱਲ 9 ਵਿਕਟਾਂ ਝਟਕਾਈਆਂ ਜਿਸ ਨਾਲ ਭਾਰਤ ਨੇ ਆਸਟਰੇਲੀਆ ਨੂੰ 137 ਦੌੜਾਂ ਨਾਲ ਹਰਾ ਕੇ ਚਾਰ ਟੈੱਸਟ ਮੈਚਾਂ ਦੀ ਸੀਰੀਜ਼ ‘ਚ 2-1 ਦੀ ਅਜੇਤੂ ਲੀਡ ਬਣਾ ਲਈ ਹੈ।
ਕੋਹਲੀ ਨੇ ਕੀਤੀਆਂ ਬੁਮਰਾਹ ਦੀਆਂ ਸਿਫ਼ਤਾਂ
ਟੈੱਸਟ ਕ੍ਰਿਕਟ ‘ਚ ਆਪਣੇ ਡੈਬਿਊ ਸੈਸ਼ਨ ‘ਚ 48 ਵਿਕਟਾਂ ਝਟਕਾਉਣ ਵਾਲੇ ਬੁਮਰਾਹ ਦੀਆਂ ਸਿਫ਼ਤਾਂ ਕਰਦੇ ਹੋਏ ਕੋਹਲੀ ਨੇ ਕਿਹਾ, ”ਮੇਰੇ ਮੁਤਾਬਿਕ ਜਸਪ੍ਰੀਤ ਵਿਸ਼ਵ ਦਾ ਸਰਵਸ੍ਰੇਸ਼ਠ ਗੇਂਦਬਾਜ਼ ਹੈ। ਉਹ ਮੈਚ ਜਿੱਤਣ ਵਾਲਾ ਗੇਂਦਬਾਜ਼ ਬਣ ਚੁੱਕੈ ਇਸ ‘ਚ ਕੋਈ ਸ਼ੱਕ ਨਹੀਂ ਬੇਸ਼ੱਕ ਉਹ ਸਿਰਫ਼ 12 ਮਹੀਨਿਆਂ ਤੋਂ ਹੀ ਟੈੱਸਟ ਕ੍ਰਿਕਟ ਖੇਡ ਰਿਹਾ ਹੈ।” ਕੋਹਲੀ ਨੇ ਕਿਹਾ, ”ਮੇਰੇ ਕਹਿਣ ਦਾ ਮਤਲਬ ਹੈ ਕਿ ਜੇਕਰ ਪਰਥ ਜਿਹੀ ਪਿੱਚ ਹੈ ਤਾਂ ਇਮਾਨਦਾਰੀ ਨਾਲ ਕਹਾਂ ਤਾਂ ਮੈਂ ਜਸਪ੍ਰੀਤ ਬੁਮਰਾਹ ਦਾ ਸਾਹਮਣਾ ਨਹੀਂ ਕਰਨਾ ਚਾਹੁੰਦਾ ਕਿਉਂਕਿ ਜੇਕਰ ਉਹ ਲੈਅ ‘ਚ ਆ ਗਿਆ ਤਾਂ ਤੁਹਾਨੂੰ ਢਹਿ-ਢੇਰੀ ਕਰ ਸਕਦਾ ਹੈ। ਉਹ ਜਿਸ ਤਰ੍ਹਾਂ ਗੇਂਦਬਾਜ਼ੀ ਕਰਦਾ ਹੈ ਉਹ ਕਿਸੇ ਵੀ ਦੂਜੇ ਗੇਂਦਬਾਜ਼ ਤੋਂ ਕਾਫ਼ੀ ਵੱਖ ਹੈ ਅਤੇ ਮੈਨੂੰ ਲਗਦਾ ਹੈ ਕਿ ਉਹ ਇਸ ਹਕੀਕਤ ਨੂੰ ਬੱਲੇਬਾਜ਼ਾਂ ਤੋਂ ਜ਼ਿਆਦਾ ਮਹਿਸੂਸ ਕਰਦਾ ਹੈ। ਇਹੋ ਕਾਰਨ ਹੈ ਕਿ ਉਹ ਆਪਣੇ ਹੁਨਰ ਨੂੰ ਲੈ ਕੇ ਇੰਨਾ ਆਸਵੰਦ ਹੈ।”
ਕੋਹਲੀ ਨੇ ਕਿਹਾ ਕਿ ਬੁਮਰਾਹ ਦੀ ਬਿਹਤਰੀਨ ਫ਼ਿਟਨੈਸ ਅਤੇ ਕੰਮ ਪ੍ਰਤੀ ਇਮਾਨਦਾਰੀ ਤੋਂ ਇਲਾਵਾ ਉਸ ਦੇ ਹੁਨਰ ਕਾਰਨ ਉਸ ਨੇ ਅਤੇ ਮੁੱਖ ਕੋਚ ਰਵੀ ਸ਼ਾਸਤਰੀ ਨੇ ਦੱਖਣੀ ਅਫ਼ਰੀਕਾ ਦੌਰੇ ਤੋਂ ਪਹਿਲਾਂ ਉਸ ਦੇ ਨਾਂ ‘ਤੇ ਗੰਭੀਰਤਾ ਨਾਲ ਵਿਚਾਰ ਕੀਤਾ। ਭਾਰਤੀ ਕਪਤਾਨ ਦਾ ਮੰਨਣਾ ਹੈ ਕਿ ਬੁਮਰਾਹ ਹਾਲਾਤ ਤੋਂ ਖਿੱਝਣ ਦੀ ਜਗ੍ਹਾ ਪ੍ਰਦਰਸ਼ਨ ਕਰਨ ਦੀ ਮਾਨਸਿਕਤਾ ਦੇ ਨਾਲ ਉਤਰਦਾ ਹੈ ਜੋ ਉਸ ਨੂੰ ਮੈਚ ਜੇਤੂ ਬਣਾਉਂਦੀ ਹੈ।
ਕਪਤਾਨ ਨੇ ਕਿਹਾ, ”ਉਸ ਦੀ ਮਾਨਸਿਕਤਾ ਉਸ ਨੂੰ ਫ਼ਿਲਹਾਲ ਵਿਸ਼ਵ ਦੇ ਹੋਰਨਾਂ ਗੇਂਦਬਾਜ਼ਾਂ ਤੋਂ ਅਲਗ ਬਣਾਉਂਦੀ ਹੈ। ਉਹ ਪਿੱਚ ਨੂੰ ਦੇਖਦਾ ਹਾਂ ਅਤੇ ਇਹ ਨਹੀਂ ਸੋਚਦਾ ਕਿ ਇਨ੍ਹਾਂ ਵਿਕਟਾਂ ‘ਤੇ ਕਾਫ਼ੀ ਮਿਹਨਤ ਕਰਨੀ ਪਵੇਗੀ। ਉਹ ਸੋਚਦਾ ਹੈ ਕਿ ਮੈਂ ਕਿਵੇਂ ਟੀਮ ਲਈ ਵਿਕਟ ਹਾਸਿਲ ਕਰਾਂ ਅਤੇ ਤੁਹਾਡੀ ਇਹੋ ਮਾਨਸਿਕਤਾ ਤੁਹਾਨੂੰ ਬਾਕੀਆਂ ਤੋਂ ਵੱਖ ਕਰਦੀ ਹੈ।”
ਬੁਮਰਾਹ ਇੰਝ ਬਣਾਉਂਦੈ ਗੇਂਦਬਾਜ਼ੀ ਦੀ ਰਣਨੀਤੀ
ਕਪਤਾਨ ਨੇ ਖ਼ੁਲਾਸਾ ਕੀਤਾ ਕਿ ਗੇਂਦਬਾਜ਼ੀ ਰਣਨੀਤੀ ਮੁੱਖ ਤੌਰ ‘ਤੇ ਗੇਂਦਬਾਜ਼ ਖ਼ੁਦ ਹੀ ਬਣਾਉਂਦੇ ਹਨ ਅਤੇ ਕਪਤਾਨ ਦੇ ਰੂਪ ‘ਚ ਉਹ ਓਦੋਂ ਹੀ ਆਪਣੀ ਗੱਲ ਰਖਦਾ ਹੈ ਜਦੋਂ ਪਲੈਨ ਬੀ ਦੀ ਜ਼ਰੂਰਤ ਹੁੰਦੀ ਹੈ। ਉਸ ਨੇ ਕਿਹਾ, ”ਇਮਾਨਦਾਰੀ ਨਾਲ ਕਹਾਂ ਤਾਂ ਗੇਂਦਬਾਜ਼ਾਂ ਦੀ ਮੀਟਿੰਗ ‘ਚ ਮੈਂ ਆਮ ਤੌਰ ‘ਤੇ ਸਿਰਫ਼ ਬੈਠ ਕੇ ਸੁਣਦਾ ਹਾਂ। ਇਹ ਸਮਝਣਾ ਬੇਹੱਦ ਮਹੱਤਵਪੂਰਨ ਹੈ ਕਿ ਗੇਂਦਬਾਜ਼ ਕੀ ਸੋਚ ਰਹੇ ਹਨ ਅਤੇ ਇਸ ਪ੍ਰਕਿਰਿਆ ਦੌਰਾਨ ਤੁਸੀਂ ਬੀ ਪਲੈਨ ‘ਤੇ ਕੰਮ ਕਰਦੇ ਹੋਏ ਗੇਂਦਬਾਜ਼ਾਂ ਨੂੰ ਇਸ ਬਾਰੇ ਦਸਦੇ ਹੋ। ਅਸੀਂ ਇਸ ਤਰ੍ਹਾਂ ਹੀ ਕੰਮ ਕਰਦੇ ਹਾਂ।”
ਬੁਮਰਾਹ ਦੀ ਇੰਟਰਵਿਊ ‘ਚ ਵੀ ਦੇਖਣ ਨੂੰ ਮਿਲਿਆ ਕਿ ਕਿਸ ਤਰ੍ਹਾਂ ਟੀਮ ਸਭ ਤੋਂ ਪਹਿਲਾਂ ਆਉਂਦੀ ਹੈ। ਕੋਹਲੀ ਨੇ ਕਿਹਾ, ”ਇੱਥੋਂ ਤਕ ਕਿ ਮੈਚ ਤੋਂ ਬਾਅਦ ਬੁਮਰਾਹ ਦਾ ਇੰਟਰਵਿਊ ਵੀ ਇਸੇ ਬਾਰੇ ਸੀ ਕਿ ਮੈਂ ਕਿਵੇਂ ਟੀਮ ‘ਚ ਯੋਗਦਾਨ ਦੇ ਸਕਦਾ ਹਾਂ। ਪਰਥ ‘ਚ ਉਸ ਨੂੰ ਵਿਕਟ ਨਹੀਂ ਮਿਲੇ ਅਤੇ ਉਸ ਨੇ ਇੱਥੇ ਜਿਸ ਤਰ੍ਹਾਂ ਗੇਂਦਬਾਜ਼ੀ ਕੀਤੀ ਉਹ ਦਿਖਾਉਂਦਾ ਹੈ ਕਿ ਉਹ ਨਿਰਾਸ਼ ਨਹੀਂ ਹੁੰਦਾ ਅਤੇ ਉਸ ਨੂੰ ਪਤਾ ਹੈ ਕਿ ਕਦੀ ਨਾ ਕਦੀ ਵਿਕਟ ਮਿਲਣਗੇ।”












