ਕ੍ਰਾਈਸਟਚਰਚ – ਨਿਊ ਜ਼ੀਲੈਂਡ ਨੇ ਸ਼੍ਰੀਲੰਕਾ ਨੂੰ ਦੂਜੇ ਕ੍ਰਿਕਟ ਟੈੱਸਟ ਵਿੱਚ ਪੰਜਵੇਂ ਅਤੇ ਆਖ਼ਰੀ ਦਿਨ 423 ਦੌੜਾਂ ਦੇ ਰਿਕਾਰਡ ਫ਼ਰਕ ਨਾਲ ਹਰਾ ਕੇ ਆਪਣੇ ਟੈੱਸਟ ਇਤਿਹਾਸ ਦੀਆਂ ਦੌੜਾਂ ਦੇ ਲਿਹਾਜ਼ ਨਾਲ ਸਭ ਤੋਂ ਵੱਡੀ ਜਿੱਤ ਦਰਜ ਕੀਤੀ ਅਤੇ ਦੋ ਮੈਚਾਂ ਦੀ ਸੀਰੀਜ਼ 1-0 ਨਾਲ ਜਿੱਤ ਲਈ।
ਸ਼੍ਰੀਲੰਕਾ ਨੇ 660 ਦੌੜਾਂ ਦੇ ਪਹਾੜ ਵਰਗੇ ਟੀਚੇ ਦਾ ਪਿੱਛਾ ਕਰਦਿਆਂ ਛੇ ਵਿਕਟਾਂ ‘ਤੇ 231 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਅਤੇ ਪਾਰੀ ਵਿੱਚ ਸਿਰਫ਼ ਪੰਜ ਦੌੜਾਂ ਦਾ ਵਾਧਾ ਕਰ ਕੇ 236 ਦੌੜਾਂ ‘ਤੇ ਸਿਮਟ ਗਈ। ਸ਼੍ਰੀਲੰਕਾ ਦੇ ਬਾਕੀ ਬੱਲੇਬਾਜ਼ ਸੰਘਰਸ਼ ਕਰ ਕੇ ਵਿਕਟ ‘ਤੇ ਟਿਕੇ ਰਹਿਣ ਦਾ ਮਾਦਾ ਨਹੀਂ ਦਿਖਾ ਸਕੇ ਅਤੇ 12 ਮਿੰਟ ਦੀ ਖੇਡ ਵਿੱਚ ਪੰਜ ਦੌੜਾਂ ਬਣਾ ਕੇ ਹੀ ਸਮਰਪਣ ਕਰ ਗਏ।
ਨਿਊ ਜ਼ੀਲੈਂਡ ਦੀ 423 ਦੌੜਾਂ ਦੀ ਜਿੱਤ ਦੇ ਲਿਹਾਜ਼ ਨਾਲ ਉਸ ਦੀ ਇਹ ਸਭ ਤੋਂ ਵੱਡੀ ਜਿੱਤ ਅਤੇ ਟੈੱਸਟ ਇਤਿਹਾਸ ਵਿੱਚ 8ਵੀਂ ਸਭ ਤੋਂ ਵੱਡੀ ਜਿੱਤ। ਨਿਊ ਜ਼ੀਲੈਂਡ ਦੀ ਪਹਿਲੀ ਪਾਰੀ ਵਿੱਚ ਮਹੱਤਵਪੂਰਨ 68 ਦੌੜਾਂ ਬਣਾਉਣ ਵਾਲੇ ਅਤੇ ਮੈਚ ਵਿੱਚ ਕੁੱਲ ਪੰਜ ਵਿਕਟਾਂ ਲੈਣ ਵਾਲੇ ਸਾਊਥੀ ਨੂੰ ਮੈਨ ਔਫ਼ ਦਾ ਮੈਚ ਦਾ ਪੁਰਸਕਾਰ ਦਿੱਤਾ ਗਿਆ।












