ਨਵੀਂ ਦਿੱਲੀ – ਦਿੱਲੀ ਦੇ ਸਿੱਖਿਆ ਵਿਭਾਗ ਨੇ ਆਪਣੇ ਇਕ ਤਾਜ਼ਾ ਹੁਕਮ ‘ਚ ਦਿੱਲੀ ਦੇ ਸਭ ਸਕੂਲ ਮੁਖੀਆਂ ਨੂੰ ਆਫਤ ਪ੍ਰਬੰਧਨ ਲਈ ਕੀਤੀਆਂ ਜਾ ਰਹੀਆਂ ਕਾਰਵਾਈਆਂ ਨੂੰ ਕੀਤੇ ਜਾਣ ਸੰਬੰਧੀ ਰਿਪੋਰਟ 25 ਜਨਵਰੀ 2019 ਤੱਕ ਵਿਭਾਗ ਦੀ ਈ. ਮੇਲ ‘ਤੇ ਭੇਜਣ ਦੇ ਹੁਕਮ ਜਾਰੀ ਕੀਤੇ ਹਨ। ਸਿੱਖਿਆ ਵਿਭਾਗ ਦੇ ਤਾਲਮੇਲ ਬ੍ਰਾਂਚ ਦੇ ਸਿੱਖਿਆ ਨਿਰਦੇਸ਼ਕ ਸ਼੍ਰੀ ਮਾਰਸ਼ਲ ਏਕਾ ਨੇ ਆਦੇਸ਼ ਜਾਰੀ ਕਰਦੇ ਹੋਏ ਅਕਤੂਬਰ ‘ਚ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵੱਲੋਂ ‘ਰਾਸ਼ਟਰੀ ਆਫਤ ਪ੍ਰਬੰਧਨ ਅਥਾਰਿਟੀ’ ਦੀ ਛੇਵੀਂ ਮੀਟਿੰਗ ‘ਚ ਦਿੱਤੇ ਨਿਰਦੇਸ਼ਾਂ ਦਾ ਹਵਾਲਾ ਦਿੰਦੇ ਹੋਏ ਆਪਣੇ ਆਦੇਸ਼ ਨਾਲ ਸੰਬੰਧਿਤ ਪੱਤਰ ਵੀ ਨੱਥੀ ਕੀਤੇ ਹਨ।
ਪ੍ਰਧਾਨ ਮੰਤਰੀ ਸ਼੍ਰੀ ਮੋਦੀ ਰਾਹੀਂ ਇਸ ਮੀਟਿੰਗ ‘ਚ ਇਹ ਨਿਰਦੇਸ਼ ਦਿੱਤੇ ਗਏ ਸੀ ਕਿ ਅੱਗ ਬੁਝਾਉ ਦਸਤੇ ਸਕੂਲਾਂ ‘ਚ ਜਾ ਕੇ ਵਿਦਿਆਰਥੀਆਂ ਨੂੰ ਇਹੋ ਜਿਹੇ ਮੌਕੇ ਬਚਣ ਦੀ ਸਿਖਲਾਈ ਦੇਣ। ਵਿਦਿਆਰਥੀਆਂ ‘ਚ ਇਸ ਸੰਬੰਧੀ ਜਾਗਰੂਕਤਾ ਪੈਦਾ ਕਰਨ ਲਈ ਸਕੂਲਾਂ ‘ਚ ਲੇਖ ਮੁਕਾਬਲੇ ਪੋਸਟਰ ਮੁਕਾਬਲੇ ਅਤੇ ਹੋਰ ਗਤੀਵਿਧੀਆਂ ਕਰਵਾਈਆ ਜਾਣ। ਸਕੂਲਾਂ ਨੂੰ ਬਣਾਉਣ ‘ਚ ਇਹੋ ਜਿਹੀ ਬਿਪਤਾ ਸਮੇਂ ਘੱਟ ਤੋਂ ਘੱਟ ਜਾਨੀ ਨੁਕਸਾਨ ਹੋਵੇ, ਨਾਲ ਹੀ ਸਕੂਲਾਂ ‘ਚ ਇਹੋ ਜਿਹੀਆਂ ਘਟਨਾਵਾਂ ਲਈ ਕਾਲਪਨਿਕ ਮਾਹੌਲ ਸਿਰਜ ਕੇ ਅਭਿਆਸ ਕਰਵਾਏ ਸੀ। ਮਾਨਵੀਂ ਸੰਸਾਧਨ ਵੱਲੋਂ ਪ੍ਰਧਾਨ ਮੰਤਰੀ ਦੇ ਇਨ੍ਹਾਂ ਨਿਰਦੇਸ਼ਾਂ ਵਾਲੇ ਪੱਤਰ ਨੂੰ ਜਾਰੀ ਕਰਦਿਆ ਰਾਸ਼ਟਰੀ ਆਫਤ ਪ੍ਰਬੰਧਨ ਅਥਾਰਿਟੀ ਨੂੰ ਇਸ ‘ਤੇ ਸੋਧ ਕਾਰਵਾਈ ਕਰਨ ਦੀ ਗੱਲ ਕੀਤੀ ਗਈ ਹੈ। ਆਫਤ ਪ੍ਰਬੰਧਨ ਦੇ ਸਕੱਤਰ ਸ਼੍ਰੀ ਆਰ. ਕੇ. ਜੈਨ (ਆਈ. ਏ. ਐੱਸ) ਨੇ ਸਿੱਖਿਆ ਵਿਭਾਗ ਅਤੇ ਹੋਰ ਸੰਬੰਧਿਤ ਵਿਭਾਗਾਂ ਨੂੰ ਪ੍ਰਧਾਨ ਮੰਤਰੀ ਦੇ ਇਹ ਨਿਰਦੇਸ਼ ਪੁੱਜਦੇ ਕਰ ਦਿੱਤੇ ਹਨ।
ਜ਼ਿਕਰਯੋਗ ਹੈ ਦਿੱਲੀ ਦੇ ਸਕੂਲਾਂ ‘ਚ ਸਮੇਂ-ਸਮੇਂ ‘ਤੇ ਇਹੋ ਜਿਹੀਆਂ ਬਿਪਤਾਵਾਂ ਜਿਵੇਂ ਭੂਚਾਲ, ਅੱਗ ਲੱਗਣ, ਇਮਾਰਤ ਡਿੱਗ ਜਾਣਾ ਦੇ ਅਪਾਤਕਾਲ ਵੇਲੇ ਕਿਵੇਂ ਬਚਣਾ ਹੈ ਆਦਿ ਦੀਆਂ ਅਭਿਆਸ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਰਹਿੰਦੀਆਂ ਹਨ। ਭੂਚਾਲ ਆਦਿ ਦਾ ਕਾਲਪਨਿਕ ਮਾਹੌਲ ਸਿਰਜ ਕੇ ਜਮਾਤ ‘ਚ ਹੀ ਬੱਚਿਆਂ ਨੂੰ ਡੈਸਕਾਂ ਦੇ ਥੱਲੇ ਸਿਰ ਕਰ ਕੇ ਬੈਠਣਾ ਦੀ ਸਿਖਲਾਈ ਦਿੱਤੀ ਜਾਂਦੀ ਹੈ। ਸਕੂਲ ਮੁਖੀ ਵੱਲੋਂ ਵਿਭਾਗ ਨੂੰ ਹਰ ਮਹੀਨੇ ਸਕੂਲ ਦੇ ਬੱਚਿਆਂ ਦੇ ਸੁਰੱਖਿਆ ਸੰਬੰਧੀ 22 ਨੁਕਾਤੀ ਫਾਰਮਾਂ ਨੂੰ ਭਰ ਕੇ ਭੇਜਣਾ ਲਾਜ਼ਮੀ ਕੀਤਾ ਹੋਇਆ ਹੈ, ਜਿਸ ‘ਚ ਸਕੂਲ ਦੇ ਦਰਵਾਜਿਆਂ ਦੀ ਸਥਿਤੀ, ਬਿਜਲੀ ਦੀਆਂ ਨੰਗੀਆਂ ਤਾਰਾਂ ਨੂੰ ਢੱਕਣਾ, ਇਮਾਰਤ ਦੀ ਰੱਖ ਰਖਾਵ ਅਤੇ ਹੋਰ ਕਈ ਨੁਕਤਿਆਂ ਬਾਬਤ ਕਾਲਮ ਬਣੇ ਹੁੰਦੇ ਹਨ। ਦਿੱਲੀ ਦੇ ਸਿੱਖਿਆ ਵਿਭਾਗ ਵੱਲੋਂ ਸਮੇਂ-ਸਮੇਂ ‘ਤੇ ਇਹੋ ਜਿਹੇ ‘ਮੌਕੇ ਡਰਿੱਲ’ ਕਰਨ ਲਈ ਆਦੇਸ਼ ਜਾਰੀ ਕੀਤੇ ਜਾਂਦੇ ਹਨ ਅਤੇ ਅਚਨਚੇਤ ਨਿਰੀਖਣ ਟੀਮਾਂ ਵੀ ਦੌਰਾ ਕਰਦੀਆਂ ਹਨ ਪਰ ਪ੍ਰਧਾਨ ਮੰਤਰੀ ਦੇ ਤਾਜ਼ਾ ਨਿਰਦੇਸ਼ਾ ਨਾਲ ਸੰਬੰਧਿਤ ਇਹ ਆਦੇਸ਼ ਸਕੂਲਾਂ ‘ਚ ਬੱਚਿਆਂ ਦੀ ਸੁਰੱਖਿਆ ਨੂੰ ਹੋਰ ਵੀ ਸੁਰੱਖਿਅਤ ਤਰੀਕੇ ਨਾਲ ਪੁਖਤਾ ਇੰਤਜ਼ਾਮ ਕਰਨ ਲਈ ਜ਼ਰੂਰ ਸਹਾਈ ਹੋਣਗੇ।















