ਨਵੀਂ ਦਿੱਲੀ – ਭਾਰਤ ਦੇ ਸਾਬਕਾ ਤੇਜ਼ ਗੇਂਦਬਾਜ਼ ਮਨੋਜ ਪ੍ਰਭਾਕਰ ਨੇ ਮਹਿਲਾ ਟੀਮ ਦੇ ਰਾਸ਼ਟਰੀ ਕੋਚ ਲਈ ਅਪੀਲ ਕੀਤੀ ਹੈ ਅਤੇ ਜੇਕਰ ਉਸ ਦੀ ਅਪੀਲ ਦੀ ਚੋਣ ਹੁੰਦੀ ਹੈ ਤਾਂ ਉਸ ਦੇ ਸਹਿਯੋਗੀ ਕਪਿਲ ਦੇਵ ਦੀ ਅਗਵਾਈ ਵਾਲਾ ਪੈਨਲ ਉਸ ਦਾ ਇਟਰਵਿਊ ਕਰ ਸਕਦਾ ਹੈ। ਟੀਮ ‘ਚ ਇਕੱਠੇ ਖੇਡਣ ਤੋਂ ਲੈ ਕੇ 2000 ‘ਚ ਉਠੇ ਮੈਚ ਫ਼ਿਕਸਿੰਗ ਵਿਵਾਦ ਤਕ ਕਪਿਲ ਦੇਵ ਅਤੇ ਮਨੋਜ ਪ੍ਰਭਾਕਰ ਦੀ ਨਰਾਜ਼ਗੀ ਕਿਸੇ ਤੋਂ ਲੁਕੀ ਹੋਈ ਨਹੀਂ।
BCCI ਨੇ ਮਹਿਲਾ ਟੀਮ ਦੇ ਕੋਚ ਲਈ ਵਿਗਿਆਪਨ ਦਿੱਤਾ ਸੀ ਜਿਸ ਲਈ ਪ੍ਰਭਾਕਰ ਤੋਂ ਇਲਾਵਾ ਦੱਖਣੀ ਅਫ਼ਰੀਕਾ ਦੇ ਹਰਸ਼ਲ ਗਿਬਜ਼ ਨੇ ਵੀ ਅਰਜ਼ੀ ਭਰੀ ਹੈ। ਪ੍ਰਭਾਕਰ ਨੇ ਆਪਣੀ ਉਮੀਦਵਾਰੀ ਦੀ ਪੁਸ਼ਟੀ ਕਰਦੇ ਕਿਹਾ, ”ਹਾਂ ਮੈਂ ਮੁੱਖ ਕੋਚ ਦੇ ਪੱਦ ਲਈ ਐਪਲਾਈ ਕੀਤਾ ਹੈ। ਰਾਸ਼ਟਰੀ ਕ੍ਰਿਕਟ ਟੀਮ ਦੀ ਕਿਸੇ ਵੀ ਹੈਸੀਅਤ ਨਾਲ ਜੁੜਨਾ ਮਾਣ ਦੀ ਗੱਲ ਹੈ।”
ਚੋਣ ਕਮੇਟੀ ਪੈਨਲ ਦੇ ਪ੍ਰਧਾਨ ਸਾਬਕਾ ਭਾਰਤੀ ਕਪਤਾਨ ਕਪਿਲ ਦੇਵ ਹਨ। ਜਦਕਿ ਅੰਸ਼ੁਮਨ ਗਾਇਕਵਾੜ ਅਤੇ ਸ਼ਾਂਤਾ ਰੰਗਾਸੁਵਾਮੀ ਇਸ ਦੇ ਮੈਂਬਰ ਹਨ। ਪ੍ਰਭਾਕਰ ਨੂੰ ਜਦੋਂ ਦੱਸਿਆ ਗਿਆ ਕਿ ਚੋਣ ਕਮੇਟੀ ਪੈਨਲ ਦੇ ਪ੍ਰਧਾਨ ਕਪਿਲ ਦੇਵ ਹੋ ਸਕਦੇ ਹਨ ਤਾਂ ਉਨ੍ਹਾਂ ਨੇ ਬੇਰੁਖ਼ੀ ਨਾਲ ਇਸ ਦਾ ਜਵਾਬ ਨਾ ਦਿੱਤਾ, ”ਤੁਸੀਂ ਮੇਰੇ ਤੋਂ ਪੁੱਛਿਆ ਕਿ ਮੈਂ ਐਪਲਾਈ ਕੀਤਾ ਜਾ ਨਹੀਂ? ਮੈਂ ਕਿਹਾ ਹਾਂ, ਮੈਂ ਕੀਤਾ ਹੈ ਕਿਉਂਕਿ ਮੈਨੂੰ ਲੱਗਦਾ ਹੈ ਕ੍ਰਿਕਟ ਦੇ ਆਪਣੇ ਗਿਆਨ ਨਾਲ ਮੈਂ ਯੋਗਦਾਨ ਦੇ ਸਕਦਾ ਹਾਂ।”
ਉਨ੍ਹਾਂ ਕਿਹਾ, ”ਮਹਿਲਾ ਕ੍ਰਿਕਟ ‘ਚ ਕਾਫ਼ੀ ਪ੍ਰਤਿਭਾ ਹੈ ਅਤੇ ਮੈਨੂੰ ਲਗਦਾ ਹੈ ਕਿ ਮਿਤਾਲੀ ਰਾਜ, ਹਰਮਨਪ੍ਰੀਤ ਕੌਰ ਅਤੇ ਸਮ੍ਰਿਤੀ ਮੰਧਾਨਾ ਵਰਗੀਆਂ ਖਿਡਾਰਣਾਂ ਦੀ ਮਦਦ ਕਰਨ ਦਾ ਮੇਰੇ ਕੋਲ ਅਨੁਭਵ ਹੈ।” ਪ੍ਰਭਾਕਰ ਤੋਂ ਇਹ ਵੀ ਪੁੱਛਿਆ ਗਿਆ ਕਿ 2000 ਦੇ ਵਿਵਾਦ ਤੋਂ ਬਾਅਦ ਕਦੀ ਕਪਿਲ ਨੂੰ ਮਿਲੇ ਹਨ। ਉਨ੍ਹਾਂ ਕਿਹਾ, ”ਇਸ ਮਾਮਲੇ ਨਾਲ ਇਸ ਦਾ ਕੋਈ ਸਰੋਕਾਰ ਨਹੀਂ।”
BCCI ਦੇ ਇੱਕ ਅਧਿਕਾਰੀ ਨੇ ਕਿਹਾ, ”ਜੇਕਰ ਕਮੇਟੀ ਉਨ੍ਹਾਂ ਦੀ ਉਮੀਦਵਾਰੀ ਨੂੰ ਉਪਯੁਕਤ ਪਾਉਂਦੀ ਹੈ ਤਾਂ ਇਟਰਵਿਊ ਲਈ ਉਨ੍ਹਾਂ ਦੀ ਚੋਣ ਹੋਵੇਗੀ।” ਉਨ੍ਹਾਂ ਕਿਹਾ, ”ਜਿੱਥੋਂ ਤਕ ਵਿਵਾਦਾਂ ਦਾ ਸਵਾਲ ਹੈ ਤਾਂ ਵਿਵਾਦ ਤੋਂ ਬਾਅਦ ਵੀ ਗਿਬਜ਼ ਆਈ.ਪੀ.ਐੱਲ. ‘ਚ 2008 ਤੋਂ ਬਾਅਦ ਡੈਕਨ ਚਾਰਜਰਜ਼ ਲਈ ਖੇਡੇ ਸਨ ਜਦਕਿ ਪ੍ਰਭਾਕਰ ਰਣਜੀ ਟ੍ਰਾਫ਼ੀ ‘ਚ ਦਿੱਲੀ, ਉਤਰ ਪ੍ਰਦੇਸ਼ ਅਤੇ ਰਾਜਸਥਾਨ ਟੀਮ ਦੇ ਕੋਚ ਰਹਿ ਚੁੱਕੇ ਹਨ। ਇਸ ਲਈ ਇਹ ਵੱਡਾ ਮੁੱਦਾ ਨਹੀਂ ਹੈ।”












