ਨਵੀਂ ਦਿੱਲੀ – ਟੀਮ ਇੰਡੀਆ ਦੇ ਨੌਜਵਾਨ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੇ ਐਡੀਲੇਡ ਟੈੱਸਟ ‘ਚ ਆਸਟਰੇਲੀਆ ਦੇ ਕਪਤਾਨ ਟਿਮ ਪੇਨ (41 ਦੌੜਾਂ) ਦਾ ਸ਼ਾਨਦਾਰ ਕੈਚ ਲੈ ਕੇ ਨਾ ਸਿਰਫ਼ ਭਾਰਤ ਨੂੰ ਵੱਡੀ ਰਾਹਤ ਦਿਵਾਈ ਬਲਕਿ ਇੱਕ ਨਵਾਂ ਰਿਕਾਰਡ ਵੀ ਆਪਣੇ ਨਾਂ ਕਰ ਲਿਆ ਹੈ। ਇਸ ਕੈਚ ਨਾਲ ਹੀ ਉਨ੍ਹਾਂ ਨੇ ਆਸਟਰੇਲੀਆ ‘ਚ ਬਤੌਰ ਵਿਦੇਸ਼ੀ ਵਿਕਟਕੀਪਰ ਇੱਕ ਮੈਚ ‘ਚ ਸਭ ਤੋਂ ਜ਼ਿਆਦਾ 10 ਖਿਡਾਰੀਆਂ ਨੂੰ ਸ਼ਿਕਾਰ ਬਣਾਉਣ ਦਾ ਕਾਰਨਾਮਾ ਕਰ ਦਿੱਤਾ। ਪੰਤ ਨੇ ਪਹਿਲੀ ਪਾਰੀ ‘ਚ 6 ਅਤੇ ਦੂਜੇ ਪਾਰੀ ‘ਚ ਚਾਰ ਕੈਚ ਫ਼ੜੇ ਹਨ।
21 ਸਾਲ ਦੇ ਪੰਤ ਤੋਂ ਪਹਿਲਾਂ ਆਸਟਰੇਲੀਆ ‘ਚ ਇੱਕ ਮੈਚ ‘ਚ ਸਭ ਤੋਂ ਜ਼ਿਆਦਾ ਕੈਚ ਫ਼ੜਨ ਦਾ ਰਿਕਾਰਡ ਵੈੱਸਟਇੰਡੀਜ਼ ਦੇ ਡੇਵਿਡ ਮੁਰੇ ਦੇ ਨਾਂ ਸੀ ਜਿਸ ਨੇ 1981 ‘ਚ 9 ਖਿਡਾਰੀਆਂ ਨੂੰ ਆਊਟ ਕੀਤਾ ਸੀ। ਇੰਨਾ ਹੀ ਨਹੀਂ, ਪਹਿਲੀ ਪਾਰੀ ‘ਚ ਛੈ ਕੈਚ ਲਪਕਣ ਦੇ ਨਾਲ ਰਿਸ਼ਭ ਪੰਤ ਨੇ ਐੱਮ.ਐੱਸ. ਧੋਨੀ ਦੇ ਨੌਂ ਸਾਲ ਪੁਰਾਣੇ ਰਿਕਾਰਡ ਦੀ ਬਰਾਬਰੀ ਕਰ ਲਈ ਹੈ। ਧੋਨੀ ਨੇ ਸਾਲ 2009 ‘ਚ ਵੈਲਿੰਗਟਨ ‘ਚ ਨਿਊ ਜ਼ੀਲੈਂਡ ਖ਼ਿਲਾਫ਼ ਇੱਕ ਪਾਰੀ ‘ਚ 6 ਕੈਚ ਲਪਕੇ ਸਨ।
ਇੱਕ ਹੋਰ ਕੈਚ ਬਣਾ ਦੇਵਗਾ ਪੰਤ ਨੂੰ ਖ਼ਾਸ ਕਲੱਬ ਦਾ ਹਿੱਸਾ
ਇੱਕ ਮੈਚ ‘ਚ ਸਭ ਤੋਂ ਜ਼ਿਆਦਾ ਕੈਚ ਫ਼ੜਨ ਦਾ ਰਿਕਾਰਡ ਇੰਗਲੈਂਡ ਦੇ ਸਾਬਕਾ ਵਿਕਟਕੀਪਰ ਜੈਕ ਰਸਲ ਅਤੇ ਸਾਊਥ ਅਫ਼ਰੀਕਾ ਦੇ ਏ.ਬੀ. ਡੀਵਿਲੀਅਰਸ ਦੇ ਨਾਂ ਹੈ ਜਿਨ੍ਹਾਂ ਨੇ 11-11 ਕੈਚ ਲਏ ਹਨ। ਰਸਲ ਨੇ 1995 ‘ਚ ਸਾਊਥ ਅਫ਼ਰੀਕਾ ਖ਼ਿਲਾਫ਼ ਅਤੇ ਡੀਵਿਲੀਅਰਸ ਨੇ 2013 ‘ਚ ਪਾਕਿਸਤਾਨ ਖ਼ਿਲਾਫ਼ ਅਜਿਹਾ ਰਿਕਾਰਡ ਕਾਇਮ ਕੀਤਾ ਸੀ।
ਸਾਹਾ ਦੀ ਬਰਾਬਰੀ
ਸ਼ੌਅਨ ਮਾਰਸ਼ ਦੇ ਕੈਚ ਨਾਲ ਪੰਤ ਨੇ ਨਾਂ ਸਿਰਫ਼ ਐਡੀਲੇਡ ‘ਚ ਦਸ ਕੈਚ ਪੂਰੇ ਕੀਤੇ ਬਲਕਿ ਉਸ ਨੇ ਰਿਧੀਮਾਨ ਸਾਹਾ ਦੀ ਵੀ ਬਰਾਬਰੀ ਕਰ ਲਈ ਹੈ। ਸਾਹਾ ਨੇ ਇੱਕ ਮੈਚ ‘ਚ ਸਭ ਤੋਂ ਜ਼ਿਆਦਾ ਕੈਚ ਲੈਣ ਦਾ ਰਿਕਾਰਡ ਬਣਾਇਆ ਸੀ, ਅਤੇ ਉਸ ਨੇ ਇਸੇ ਸਾਲ ਕੈਪਟਾਊਨ ਟੈੱਸਟ ‘ਚ ਦਸ ਕੈਚ ਲਏ ਸਨ। ਇਨ੍ਹਾਂ ਦੋਹਾਂ ਤੋਂ ਇਲਾਵਾ ਨਇਨ ਮੋਂਗੀਆ ਨੇ ਦੋ ਵਾਰ 8-8 ਕੈਚ ਲਏ ਹਨ। ਉਨ੍ਹਾਂ ਨੇ ਪਹਿਲੀ ਵਾਰ 1996 ‘ਚ ਸਾਊਥ ਅਫ਼ਰੀਕਾ ਖ਼ਿਲਾਫ਼ ਡਰਬਨ ਅਤੇ ਦੂਜੀ ਵਾਰ 1999 ‘ਚ ਕੋਲਕਾਤਾ ‘ਚ ਪਾਕਿਸਤਾਨ ਦੇ ਖਿਡਾਰੀ ਦਾ ਕੈਚ ਲਿਆ ਸੀ ਜਦਕਿ ਮਹਿੰਦਰ ਸਿੰਘ ਨੇ ਮੈਲਬੋਰਨ ‘ਚ 2014 ‘ਚ 8 ਕੈਚ ਲਏ ਸਨ।












