ਬੌਲੀਵੁਡ ‘ਚ ਅੱਜ ਕੱਲ੍ਹ ਵਿਆਹਾਂ ਦਾ ਜ਼ੋਰ ਹੈ। ਦੀਪਿਕਾ ਤੇ ਰਣਬੀਰ ਤੋਂ ਬਾਅਦ ਪ੍ਰਿਅੰਕਾ ਦਾ ਵੀ ਨਿਕ ਨਾਲ ਵਿਆਹ ਹੋ ਗਿਆ ਹੈ ਅਤੇ ਜਲਦ ਹੀ ਮਸ਼ਹੂਰ ਕੌਮੇਡੀਅਨ ਅਤੇ ਅਦਾਕਾਰ ਕਪਿਲ ਸ਼ਰਮਾ ਵੀ ਆਪਣੀ ਦੋਸਤ ਗਿਨੀ ਚਤਰਥ ਨਾਲ ਵਿਆਹ ਕਰਵਾ ਰਿਹਾ ਹੈ। ਅਜਿਹੇ ‘ਚ ਚਰਚਾ ਸੀ ਕਿ ਆਲੀਆ ਭੱਟ ਅਤੇ ਰਣਬੀਰ ਕਪੂਰ ਵੀ ਜਲਦੀ ਵਿਆਹ ਕਰਨ ਵਾਲੇ ਹਨ, ਪਰ ਹਾਲ ਹੀ ‘ਚ ਆਲੀਆ ਨੇ ਸਪਸ਼ਟ ਕਰ ਦਿੱਤਾ ਹੈ ਕਿ ਅਜੇ ਉਸ ਦਾ ਵਿਆਹ ਕਰਵਾਉਣ ਦਾ ਕੋਈ ਇਰਾਦਾ ਨਹੀਂ।
ਆਲੀਆ ਇਸ ਵਕਤ 1991 ‘ਚ ਰਿਲੀਜ਼ ਹੋਈ ਫ਼ਿਲਮ ਸੜਕ ਦਾ ਸੀਕੁਅਲ ਕਰ ਰਹੀ ਹੈ। ਇਸ ਬਾਰੇ ਆਲੀਆ ਨੇ ਕਿਹਾ ਕਿ ਇਹ ਉਸ ਦੇ ਸੁਪਨੇ ਦੇ ਸੱਚ ਹੋਣ ਵਾਂਗ ਹੈ। ਉਹ ਇਸ ਫ਼ਿਲਮ ਨੂੰ ਲੈ ਕੇ ਕਾਫ਼ੀ ਉਤਸਾਹਿਤ ਹੈ। ਫ਼ਿਲਮਸਾਜ਼ ਮਹੇਸ਼ ਭੱਟ ਆਪਣੀ ਇਸ ਸੁਪਰਹਿੱਟ ਫ਼ਿਲਮ ਦਾ ਨਿਰਦੇਸ਼ਨ ਖ਼ੁਦ ਕਰ ਰਿਹਾ ਹੈ। ਇਸ ਫ਼ਿਲਮ ਨਾਲ ਨਿਰਦੇਸ਼ਕ ਦੇ ਤੌਰ ‘ਤੇ ਉਹ ਬੌਲੀਵੁਡ ‘ਚ ਕਰੀਬ ਦੋ ਦਹਾਕੇ ਬਾਅਦ ਵਾਪਸੀ ਕਰੇਗਾ। ਇਸ ‘ਚ ਆਲੀਆ ਭੱਟ ਤੋਂ ਇਲਾਵਾ ਸੰਜੇ ਦੱਤ, ਪੂਜਾ ਭੱਟ ਤੇ ਆਦਿਤਿਆ ਰਾਏ ਕਪੂਰ ਵੀ ਅਹਿਮ ਕਿਰਦਾਰ ਨਿਭਾਉਣਗੇ।
ਆਲੀਆ ਨੇ 1991 ਵਿੱਚ ਰਿਲੀਜ਼ ਹੋਈ ਫ਼ਿਲਮ ਸੜਕ ਨੂੰ ਲੈ ਕੇ ਆਪਣੇ ਬਚਪਨ ਬਾਰੇ ਯਾਦ ਕਰਦਿਆਂ ਕਿਹਾ, ”ਇਸ ਫ਼ਿਲਮ ‘ਚ ਜਦੋਂ ਮਾਂ ਸੋਨੀ ਰਾਜ਼ਦਾਨ ਨੂੰ ਖਿੜਕੀ ‘ਚੋਂ ਬਾਹਰ ਸੁੱਟ ਦਿੱਤਾ ਜਾਂਦਾ ਹੈ ਤਾਂ ਮੈਂ ਪਿਤਾ ਮਹੇਸ਼ ਭੱਟ ਨੂੰ ਕਿਹਾ ਸੀ ਕਿ ਤੁਸੀਂ ਇਸ ਤਰ੍ਹਾਂ ਮਾਂ ਨੂੰ ਬਾਹਰ ਕਿਵੇਂ ਸੁੱਟ ਸਕਦੇ ਹੋ! ਉਸ ਸਮੇਂ ਮੈਨੂੰ ਇਸ ਗੱਲ ਦਾ ਗਿਆਨ ਨਹੀਂ ਸੀ ਕਿ ਇਹ ਸਿਰਫ਼ ਫ਼ਿਲਮ ਦਾ ਇੱਕ ਸੀਨ ਹੈ ਅਤੇ ਅਸਲ ਜ਼ਿੰਦਗੀ ਵਿੱਚ ਅਜਿਹਾ ਕੁੱਝ ਨਹੀਂ ਹੋ ਰਿਹਾ।” ਆਲੀਆ ਭੱਟ ਨੇ ਕਿਹਾ ਕਿ ਸੜਕ 2 ‘ਚ ਕੰਮ ਕਰਨਾ ਉਸ ਦੀ ਵੱਡੀ ਪ੍ਰਾਪਤੀ ਹੈ। ਇਹ ਕਿਸੇ ਸਪਨੇ ਦੇ ਸੱਚ ਹੋਣ ਵਰਗਾ ਹੈ। ਮੇਰੇ ਪਿਤਾ ਮਹੇਸ਼ ਭੱਟ ਇਸ ਫ਼ਿਲਮਾ ਦਾ ਨਿਰਦੇਸ਼ਨ ਕਰਨਗੇ, ਇਸ ਤੋਂ ਵੱਡੀ ਗੱਲ ਮੇਰੇ ਲਈ ਹੋਰ ਕੀ ਹੋ ਸਕਦੀ ਹੈ?
ਉਸ ਨੇ ਕਿਹਾ, ”ਲੋਕ ਮੇਰੇ ਤੋਂ ਸਵਾਲ ਪੁੱਛਦੇ ਸਨ ਕਿ ਮੈਂ ਪਿਤਾ ਨਾਲ ਕਦੋਂ ਫ਼ਿਲਮ ਕਰਾਂਗੀ? ਹੁਣ ਮੈਂ ਪਿਤਾ ਦੀ ਫ਼ਿਲਮ ਕਰ ਰਹੀ ਹਾਂ, ਇਹ ਮੇਰੇ ਲਈ ਬਹੁਤ ਖ਼ਾਸ ਪਲ ਹਨ। ਆਲੀਆ ਅਤੇ ਰਣਬੀਰ ਕਪੂਰ ਦੀ ਫ਼ਿਲਮ ਬ੍ਰਹਮਾਸਤਰ ਵੀ ਰਿਲੀਜ਼ ਹੋਣ ਵਾਲੀ ਹੈ।











