ਰਣਵੀਰ ਸਿੰਘ ਨਾਲ ਵਿਆਹ ਤੋਂ ਬਾਅਦ ਦੀਪਿਕਾ ਪਾਦੁਕੋਣ ਫ਼ਿਲਮਾਂ ‘ਚ ਮੁੜ ਸਰਗਰਮ ਹੋਣ ਜਾ ਰਹੀ ਹੈ। ਉਹ ਜਲਦ ਨਿਰਦੇਸ਼ਕ ਮੇਘਨਾ ਗ਼ੁਲਜ਼ਾਰ ਦੀ ਅਗਲੀ ਫ਼ਿਲਮ ਦੀਆਂ ਤਿਆਰੀਆਂ ਸ਼ੁਰੂ ਕਰ ਦੇਵੇਗੀ …
ਦੀਪਿਕਾ ਦੀ ਵਿਆਹ ਤੋਂ ਬਾਅਦ ਪਰਦੇ ‘ਤੇ ਵਾਪਸੀ
ਦੀਪਿਕਾ ਪਾਦੁਕੋਣ ਅਤੇ ਰਣਵੀਰ ਸਿੰਘ 14-15 ਨਵੰਬਰ ਨੂੰ ਵਿਆਹ ਦੇ ਰਿਸ਼ਤੇ ‘ਚ ਬੱਝ ਚੁੱਕੇ ਹਨ। 21 ਨਵੰਬਰ ਨੂੰ ਦੋਹਾਂ ਨੇਂ ਬੰਗਲੁਰੂ ਵਿਖੇ ਰਿਸੈਪਸ਼ਨ ਪਾਰਟੀ ਦਾ ਪ੍ਰਬੰਧ ਕੀਤਾ ਸੀ ਅਤੇ 28 ਨਵੰਬਰ ਨੂੰ ਦੂਜੀ ਰਿਸੈਪਸ਼ਨ ਪਾਰਟੀ ਮੁੰਬਈ ਵਿਖੇ ਕੀਤੀ ਗਈ। ਇਸ ਵਿੱਚ ਬੌਲੀਵੁਡ ਦੇ ਕਈ ਸਿਤਾਰੇ ਸ਼ਾਮਿਲ ਹੋਏ। ਇਨ੍ਹਾਂ ਪਾਰਟੀਆਂ ਤੋਂ ਬਾਅਦ ਹੁਣ ਦੀਪਿਕਾ ਆਪਣੇ ਕੰਮ ਵੱਲ ਧਿਆਨ ਦੇ ਰਹੀ ਹੈ।
ਰਣਵੀਰ ਸਿੰਘ ਜਿੱਥੇ 28 ਦਸੰਬਰ ਨੂੰ ਰਿਲੀਜ਼ ਹੋ ਰਹੀ ਆਪਣੀ ਫ਼ਿਲਮ ਸਿੰਬਾ ਦੀ ਪ੍ਰਮੋਸ਼ਨ ‘ਚ ਰੁੱਝ ਜਾਵੇਗਾ, ਉੱਥੇ ਦੀਪਿਕਾ ਆਪਣੀ ਅਗਲੀ ਫ਼ਿਲਮ ‘ਤੇ ਕੰਮ ਸ਼ੁਰੂ ਕਰ ਦੇਵੇਗੀ। ਦੱਸਣਯੋਗ ਹੈ ਕਿ ਦੀਪਿਕਾ ਤੇ ਰਣਵੀਰ ਸਿੰਘ ਨੇ ਇਟਲੀ ਵਿੱਚ ਵਿਆਹ ਕਰਵਾਇਆ ਸੀ। ਬੀਤੇ ਕਾਫ਼ੀ ਸਮੇਂ ਤੋਂ ਬੌਲੀਵੁਡ ‘ਚ ਦੋਹਾਂ ਦੇ ਵਿਆਹ ਦੀ ਚਰਚਾ ਸੀ। ਹੁਣ ਇੱਕ ਸਾਲ ਬਾਅਦ ਦੀਪਿਕਾ ਪਰਦੇ ‘ਤੇ ਵਾਪਸੀ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਦੀਪਿਕਾ ਲੇਖਕ ਅਤੇ ਨਿਰਦੇਸ਼ਕ ਮੇਘਨਾ ਗ਼ੁਲਜ਼ਾਰ ਦੀ ਐਸਿਡ ਅਟੈਕ ਪੀੜਿਤਾ ਲਕਸ਼ਮੀ ਅੱਗਰਵਾਲ ਬਾਰੇ ਬਣ ਰਹੀ ਬਾਇਓਪਿਕ ‘ਚ ਨਜ਼ਰ ਆਵੇਗੀ। ਮੇਘਨਾ ਇਸ ਫ਼ਿਲਮ ਦੀ ਕੋ-ਪ੍ਰੋਡਿਊਸਰ ਵੀ ਹੈ। ਵੈਸੇ ਦੀਪਿਕਾ ਵੀ ਇਸ ਫ਼ਿਲਮ ਨੂੰ ਪ੍ਰੋਡਿਊਸ ਕਰ ਰਹੀ ਹੈ। ਇਹ ਉਸ ਵਲੋਂ ਪ੍ਰੋਡਿਊਸ ਕੀਤੀ ਜਾ ਰਹੀ ਪਹਿਲੀ ਫ਼ਿਲਮ ਹੋਵੇਗੀ।
ਫ਼ਿਲਮ ਦੀ ਸ਼ੂਟਿੰਗ ਅਗਲੇ ਸਾਲ ਮਾਰਚ ‘ਚ ਸ਼ੁਰੂ ਹੋਵੇਗੀ ਅਤੇ ਅਗਲੇ ਸਾਲ ਦੇ ਅਖ਼ੀਰ ਤਕ ਇਹ ਰਿਲੀਜ਼ ਹੋ ਜਾਵੇਗੀ। ਦੀਪਿਕਾ ਇਸ ਫ਼ਿਲਮ ਦੀ ਸਕ੍ਰਿਪਟ ਪੜ੍ਹ ਕੇ ਕਾਫ਼ੀ ਭਾਵੁਕ ਹੋ ਗਈ ਸੀ, ਅਤੇ ਉਸ ਨੇ ਤੁਰੰਤ ਇਸ ਕਿਰਦਾਰ ਨੂੰ ਨਿਭਾਉਣ ਲਈ ਹਾਂ ਕਰ ਦਿੱਤੀ ਸੀ। ਦੀਪਿਕਾ ਨੇ ਇਸ ਸਾਲ ਜਨਵਰੀ ‘ਚ ਰਿਲੀਜ਼ ਹੋਈ ਪਦਮਾਵਤ ਤੋਂ ਬਾਅਦ ਕੋਈ ਫ਼ਿਲਮ ਸਾਈਨ ਨਹੀਂ ਕੀਤੀ।
ਉਸ ਨੇ ਇੱਕ ਫ਼ਿਲਮ ਇਰਫ਼ਾਨ ਖ਼ਾਨ ਨਾਲ ਕਰਨੀ ਸੀ ਜੋ ਇਰਫ਼ਾਨ ਦੇ ਬਿਮਾਰ ਹੋਣ ਕਾਰਨ ਰੁਕੀ ਹੋਈ ਹੈ। ਪਦਮਾਵਤ ‘ਚ ਅਦਾਕਾਰੀ ਲਈ ਦੀਪਿਕਾ ਨੂੰ ਕਈ ਐਵਾਰਡ ਵੀ ਮਿਲ ਚੁੱਕੇ ਹਨ। ਸੰਜੇ ਲੀਲਾ ਭੰਸਾਲੀ ਦੀ ਇਹ ਫ਼ਿਲਮ ਰਿਲੀਜ਼ ਤੋਂ ਪਹਿਲਾਂ ਕਾਫ਼ੀ ਵਿਵਾਦਾਂ ‘ਚ ਰਹੀ, ਪਰ ਰਿਲੀਜ਼ ਹੋਣ ਤੋਂ ਬਾਅਦ ਫ਼ਿਲਮ ਨੇ ਰਿਕਾਰਡ 200 ਕਰੋੜ ਤੋਂ ਜ਼ਿਆਦਾ ਦੀ ਕਮਾਈ ਕੀਤੀ। ਇਸ ‘ਚ ਰਣਵੀਰ ਨੇ ਨੈਗੇਟਿਵ ਕਿਰਦਾਰ ਨਿਭਾਇਆ ਸੀ ਅਤੇ ਉਸ ਦੀ ਅਦਾਕਾਰੀ ਦੀ ਵੀ ਕਾਫ਼ੀ ਤਾਰੀਫ਼ ਹੋਈ ਸੀ।











