ਮਸ਼ਹੂਰ ਕੌਮੇਡੀਅਨ ਕਪਿਲ ਸ਼ਰਮਾ ਇੱਕ ਵਾਰ ਫ਼ਿਰ ਆਪਣਾ ਟੀਵੀ ਸ਼ੋਅ ਸ਼ੁਰੂ ਕਰਨ ਜਾ ਰਿਹਾ ਹੈ। ਉਸ ਦੇ ਇਸ ਸ਼ੋਅ ਨੂੰ ਸਲਮਾਨ ਖ਼ਾਨ ਦਾ ਪ੍ਰੋਡਕਸ਼ਨ ਹਾਊਸ ਬਣਾਏਗਾ …
ਸਲਮਾਨ ਖ਼ਾਨ ਬੌਲੀਵੁਡ ‘ਚ ਨਵੇਂ ਚਿਹਰਿਆਂ ਨੂੰ ਲੌਂਚ ਕਰਨ ਲਈ ਜਾਣਿਆ ਜਾਂਦਾ ਹੈ ਕਿਉਂਕਿ ਉਹ ਹਮੇਸ਼ਾ ਨਵੇਂ ਚਿਹਰਿਆਂ ਨੂੰ ਫ਼ਿਲਮਾਂ ‘ਚ ਮੌਕਾ ਦਿੰਦਾ ਰਹਿੰਦਾ ਹੈ। ਉਸ ਦੇ ਇਸ ਕਾਰਜ ਲਈ ਵੀ ਉਸ ਦੇ ਫ਼ੈਨਜ਼ ਉਸ ਨੂੰ ਕਾਫ਼ੀ ਪਸੰਦ ਕਰਦੇ ਹਨ। ਜਾਣਕਾਰੀ ਮਿਲੀ ਹੈ ਕਿ ਸਲਮਾਨ ਇਸ ਵਾਰ ਕਿਸੇ ਨਵੇਂ ਚਿਹਰੇ ਨੂੰ ਨਹੀਂ ਬਲਕਿ ਇੱਕ ਪੁਰਾਣੇ ਚੰਗੇ ਪਰ ਡੁਬਦੇ ਕਲਾਕਾਰ ਨੂੰ ਪਰਦੇ ‘ਤੇ ਵਾਪਸੀ ਕਰਵਾਉਣ ਜਾ ਰਿਹਾ ਹੈ। ਇਹ ਵਾਪਸੀ ਉਹ ਫ਼ਿਲਮਾਂ ਤੋਂ ਨਹੀਂ ਟੀਵੀ ਸ਼ੋਅ ਤੋਂ ਕਰਵਾਏਗਾ।
ਸਲਮਾਨ ਇਸ ਵਕਤ ਬਿੱਗ ਬੌਸ ਸੀਜ਼ਨ 12 ਨੂੰ ਹੋਸਟ ਕਰ ਰਿਹਾ ਹੈ। ਜਾਣਕਾਰੀ ਮੁਤਾਬਿਕ ਉਹ ਟੀਵੀ ‘ਤੇ ਆਪਣੇ ਨਵੇਂ ਸ਼ੋਅ ‘ਚ ਆਪ ਤਾਂ ਨਹੀਂ ਨਜ਼ਰ ਆਵੇਗਾ, ਪਰ ਉਸ ਦੀ ਪ੍ਰੋਡਕਸ਼ਨ ਕੰਪਨੀ ਇੱਕ ਚੰਗੇ ਕਲਾਕਾਰ ਨੂੰ ਦੁਬਾਰਾ ਲੌਂਚ ਕਰਨ ਦੀ ਯੋਜਨਾ ਬਣਾ ਰਹੀ ਹੈ। ਸੂਤਰਾਂ ਅਨੁਸਾਰ ਸਲਮਾਨ ਦਾ ਪ੍ਰੋਡਕਸ਼ਨ ਹਾਊਸ ਮਸ਼ਹੂਰ ਕੌਮੇਡੀਅਨ ਕਪਿਲ ਸ਼ਰਮਾ ਦੇ ਨਵੇਂ ਸ਼ੋਅ ਨੂੰ ਪ੍ਰੋਡਿਊਸ ਕਰਨ ਦੀ ਤਿਆਰੀ ‘ਚ ਲੱਗਾ ਹੋਇਆ ਹੈ।
ਕੁੱਝ ਸਮਾਂ ਪਹਿਲਾਂ ਕਪਿਲ ਸ਼ਰਮਾ ਦੇ ਸ਼ੋਅ ਨੂੰ ਦੋ ਵਾਰ ਬੰਦ ਕਰਨਾ ਪਿਆ ਸੀ। ਇਸ ਦੀ ਵਜ੍ਹਾ ਉਸ ਦੀ ਖ਼ਰਾਬ ਸਿਹਤ ਅਤੇ ਟੀਮ ਦੇ ਆਪਸੀ ਝਗੜੇ ਸਨ। ਹੁਣ ਉਹ ਮੁੜ ਟੀਵੀ ‘ਤੇ ਆਉਣ ਲਈ ਤਿਆਰ ਹੈ। ਕਪਿਲ ਵੀ ਹੁਣ ਇੱਕ ਵਾਰ ਫ਼ਿਰ ਦਰਸ਼ਕਾਂ ਦਾ ਸਾਹਮਣਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਇਸ ਦੇ ਨਾਲ ਹੀ ਉਹ ਆਪਣੀ ਦੋਸਤ ਗਿੰਨੀ ਚਤਰਥ ਨਾਲ ਵਿਆਹ ਨੂੰ ਲੈ ਕੇ ਵੀ ਚਰਚਾ ‘ਚ ਹੈ।
ਦੂਜੇ ਪਾਸੇ ਸਲਮਾਨ ਖ਼ਾਨ ਆਪਣੀ ਭਾਣਜੀ ਐਲੀਜ਼ਾ ਅਗਨੀਹੋਤਰੀ ਨੂੰ ਵੀ ਫ਼ਿਲਮਾਂ ‘ਚ ਲੌਂਚ ਕਰਨ ਜਾ ਰਿਹਾ ਹੈ। ਉਹ ਆਪਣੀ ਅਗਲੀ ਫ਼ਿਲਮ ਦਬੰਗ- 3 ਨਾਲ ਐਲੀਜ਼ਾ ਨੂੰ ਬੌਲੀਵੁਡ ‘ਚ ਡੈਬਿਓ ਕਰਵਾ ਰਿਹਾ ਹੈ। ਐਲੀਜ਼ਾ ਇਨ੍ਹੀਂ ਦਿਨੀਂ ਮਸ਼ਹੂਰ ਕੋਰੀਓਗ੍ਰਾਫ਼ਰ ਸਰੋਜ ਖ਼ਾਨ ਕੋਲੋਂ ਡਾਂਸ ਦੀ ਟ੍ਰੇਨਿੰਗ ਲੈ ਰਹੀ ਹੈ। ਐਲੀਜ਼ਾ ਸੋਸ਼ਲ ਮੀਡੀਆ ‘ਤੇ ਵੀ ਕਾਫ਼ੀ ਸਰਗਰਮ ਰਹਿੰਦੀ ਹੈ। ਸਲਮਾਨ ਨੂੰ ਐਲੀਜ਼ਾ ‘ਚ ਕਾਫ਼ੀ ਪੋਟੈਂਸ਼ਲ ਨਜ਼ਰ ਆਉਂਦਾ ਹੈ।











