ਮੁਹੰਮਦ ਆਮਿਰ ਦੀ ਸਾਰੇ ਫ਼ੌਰਮੈਟਸ ‘ਚੋਂ ਹੋਈ ਛੁੱਟੀ

ਨਵੀਂ ਦਿੱਲੀ – ਅਜੇ ਸਾਲ ਪਹਿਲਾਂ ਪਾਕਿਸਤਾਨ ਦੀ ਤੇਜ਼ ਗੇਂਦਬਾਜ਼ੀ ਫ਼ੌਜ ਦੇ ਕਮਾਂਡਰ ਰਹੇ ਮੁਹੰਮਦ ਆਮਿਰ ਨੂੰ ਖ਼ਰਾਬ ਫ਼ਾਰਮ ਕਾਰਨ ਟੀ-20 ਟੀਮ ‘ਚੋਂ ਬਾਹਰ ਕਰ ਦਿੱਤਾ ਗਿਆ ਹੈ। ਭਾਰਤੀ ਫ਼ੈਨਜ਼ ਨੂੰ ਪਿਛਲੇ ਸਾਲ ਇੰਗਲੈਂਡ ‘ਚ ਖੇਡੀ ਗਈ ਚੈਂਪੀਅਨਜ਼ ਟ੍ਰਾਫ਼ੀ ਦੇ ਫ਼ਾਈਨਲ ‘ਚ ਮੁਹੰਮਦ ਆਮਿਰ ਦੀ ਘਾਤਕ ਗੇਂਦਬਾਜ਼ੀ ਤਾਂ ਯਾਦ ਹੀ ਹੋਵੇਗੀ ਜਿਸ ਨੇ ਭਾਰਤ ਦੇ ਟੌਪ ਔਰਡਰ ਨੂੰ ਤਬਾਹ ਕਰ ਦਿੱਤਾ ਸੀ, ਪਰ ਹੁਣ ਖੱਬੇ ਹੱਥ ਦੇ ਸੀਨੀਅਰ ਤੇਜ਼ ਗੇਂਦਬਾਜ਼ ਮੁਹੰਮਦ ਆਮਿਰ ਨਿਊ ਜ਼ੀਲੈਂਡ ਖ਼ਿਲਾਫ਼ ਬੁੱਧਵਾਰ ਤੋਂ ਯੂ.ਏ.ਈ. ‘ਚ ਸ਼ੁਰੂ ਹੋਈ ਟੀ-20 ਸੀਰੀਜ਼ ਲਈ ਪਾਕਿਸਤਾਨੀ ਟੀਮ ‘ਚ ਜਗ੍ਹਾ ਨਹੀਂ ਬਣਾ ਸਕੇ ਜਦਕਿ ਵਕਾਸ ਮਕਸੂਦ ਨੇ ਆਪਣੀ ਜਗ੍ਹਾ ਬਰਕਰਾਰ ਰੱਖੀ ਹੈ।
ਮਕਸੂਦ ਪਿਛਲੇ ਮਹੀਨੇ ਨਿਊ ਜ਼ੀਲੈਂਡ-ਏ ਖ਼ਿਲਾਫ਼ ਖੇਡਣ ਵਾਲੀ ਪਾਕਿਸਤਾਨ-ਏ ਟੀਮ ਦਾ ਹਿੱਸਾ ਸਨ। ਆਸਟਰੇਲੀਆ ਖ਼ਿਲਾਫ਼ ਸੀਰੀਜ਼ ‘ਚ ਉਹ ਸੀਨੀਅਰ ਟੀਮ ਦਾ ਹਿੱਸਾ ਸਨ, ਪਰ ਉਨ੍ਹਾਂ ਨੂੰ ਖੇਡਣ ਦਾ ਮੌਕਾ ਨਹੀਂ ਸੀ ਮਿਲ ਸਕਿਆ।
ਮੁਹੰਮਦ ਆਮਿਰ ਪਿਛਲੇ ਕੁੱਝ ਮਹੀਨਿਆਂ ਤੋਂ ਖ਼ਰਾਬ ਫ਼ੌਰਮ ਦਾ ਸਾਹਮਣਾ ਕਰ ਰਹੇ ਹਨ। ਪਾਕਿਸਤਾਨੀ ਅਖ਼ਬਾਰ ਦਾ ਨੈਸ਼ਨਲ ਨਾਲ ਗੱਲ ਕਰਦੇ ਹੋਏ ਮੁਹੰਮਦ ਆਮਿਰ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਅੰਦਰ ਹੁਣ ਵਿਸ਼ਵਾਸ ਦੀ ਕਮੀ ਹੁੰਦੀ ਜਾ ਰਹੀ ਹੈ ਜਿਸ ਕਾਰਨ ਉਨ੍ਹਾਂ ਦੀ ਫ਼ੌਰਮ ਲਗਾਤਾਰ ਗਿਰ ਰਹੀ ਹੈ। ਆਮਿਰ ਹੁਣ ਤਿੰਨਾਂ ਫ਼ੌਰਮੈਟਸ ‘ਚ ਪਾਕਿਸਤਾਨ ਦੀ ਟੀਮ ਤੋਂ ਬਾਹਰ ਹੋ ਚੁੱਕਾ ਹੈ। ਪਹਿਲਾ ਟੀ-20 ਮੈਚ 31 ਅਕਤੂਬਰ ਨੂੰ ਆਬੂਧਾਬੀ ‘ਚ ਖੇਡਿਆ ਗਿਆ, ਦੂਜਾ ਦੋ ਨਵੰਬਰ ਅਤੇ ਤੀਜਾ ਚਾਰ ਨਵੰਬਰ ਨੂੰ ਹੋਵੇਗਾ।