ਨਵੀਂ ਦਿੱਲੀ – ਭਾਰਤੀ ਕ੍ਰਿਕਟ ਟੀਮ ਨੇ 72 ਕੌਮਾਂਤਰੀ ਇੱਕ ਰੋਜ਼ਾ ਮੈਚਾਂ ਵਿੱਚ 11 ਬੱਲੇਬਾਜ਼ਾਂ ਨੂੰ ਟੀਮ ਦੇ ਨੰਬਰ ਚਾਰ ਖਿਡਾਰੀ ਵਜੋਂ ਆਜ਼ਮਾਇਆ ਹੈ। ਭਾਰਤ ਨੇ ਵਿਸ਼ਵ ਕੱਪ-2015 ਮਗਰੋਂ 72 ਮੈਚਾਂ ਵਿੱਚ ਜਿਹੜੇ 11 ਬੱਲੇਬਾਜ਼ ਪਰਖੇ ਹਨ ਉਨ੍ਹਾਂ ਵਿੱਚੋਂ ਕਪਤਾਨ ਵਿਰਾਟ ਕੋਹਲੀ ਨੂੰ ਪਹਿਲੀ ਵਾਰ ਹੁਣ ਅੰਬਾਤੀ ਰਾਇਡੂ ਵਜੋਂ ਇੱਕ ਬੁੱਧੀਮਾਨ ਬੱਲੇਬਾਜ਼ ਮਿਲਿਆ।
ਦਿਲਚਸਪ ਗੱਲ ਇਹ ਹੈ ਕਿ ਰਾਇਡੂ ਸਿਰਫ਼ ਚਾਰ ਪਾਰੀਆਂ ਵਿੱਚ ਨੰਬਰ ਚਾਰ ‘ਤੇ ਖੇਡਣ ਲਈ ਉਤਰਿਆ ਜਿਨ੍ਹਾਂ ਵਿੱਚ ਉਸ ਨੇ 72.33 ਦੀ ਔਸਤ ਨਾਲ 217 ਦੌੜਾਂ ਬਣਾਈਆਂ। ਇਨ੍ਹਾਂ ਵਿੱਚ ਵੈੱਸਟ ਇੰਡੀਜ਼ ਖ਼ਿਲਾਫ਼ ਮੁੰਬਈ ਵਿੱਚ ਬਣਾਇਆ ਸੈਂਕੜਾ ਵੀ ਸ਼ਾਮਿਲ ਹੈ ਜਿਸ ਮਗਰੋਂ ਕੋਹਲੀ ਅਤੇ ਉੱਪ ਕਪਤਾਨ ਰੋਹਿਤ ਸ਼ਰਮਾ ਨੇ ਉਸ ਨੂੰ ਇਸ ਨੰਬਰ ਲਈ ਸਭ ਤੋਂ ਵਧੀਆ ਬੱਲੇਬਾਜ਼ ਐਲਾਨਿਆ।
ਕੋਹਲੀ ਨੇ ਮੈਚ ਮਗਰੋਂ ਕਿਹਾ, ”ਰਾਇਡੂ ਨੇ ਮੌਕੇ ਦਾ ਪੂਰਾ ਫ਼ਾਇਦਾ ਉਠਾਇਆ ਹੈ। ਸਾਨੂੰ 2019 ਵਿਸ਼ਵ ਕੱਪ ਤਕ ਉਸ ਦਾ ਸਮਰਥਨ ਕਰਨ ਦੀ ਲੋੜ ਹੈ। ਉਹ ਖੇਡ ਨੂੰ ਚੰਗੀ ਤਰ੍ਹਾਂ ਸਮਝਦਾ ਹੈ, ਇਸ ਲਈ ਸਾਨੂੰ ਖ਼ੁਸ਼ੀ ਹੈ ਕਿ ਕੋਈ ਬੁੱਧੀਮਾਨ ਬੱਲੇਬਾਜ਼ ਨੰਬਰ ਚਾਰ ‘ਤੇ ਬੱਲੇਬਾਜ਼ੀ ਕਰ ਰਿਹਾ ਹੈ।”
ਏਸ਼ੀਆ ਕੱਪ ਵਿੱਚ ਕੋਹਲੀ ਦੀ ਗ਼ੈਰ-ਮੌਜੂਦਗੀ ਵਿੱਚ ਰਾਇਡੂ ਨੰਬਰ ਤਿੰਨ ‘ਤੇ ਬੱਲੇਬਾਜ਼ੀ ਲਈ ਉਤਰਿਆ ਸੀ ਜਿੱਥੇ ਉਸ ਨੇ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਕੀਤਾ। ਹੁਣ ਕਪਤਾਨ ਦੀ ਵਾਪਸੀ ਮਗਰੋਂ ਉਸ ਨੂੰ ਨੰਬਰ ਚਾਰ ‘ਤੇ ਆਜ਼ਮਾਇਆ ਗਿਆ ਜਿਸ ਵਿੱਚ ਉਹ ਖਰਾ ਉਤਰਿਆ ਹੈ। ਏਸ਼ੀਆ ਕੱਪ ਦੌਰਾਨ ਕਪਤਾਨ ਰਹੇ ਰੋਹਿਤ ਨੂੰ ਲਗਦਾ ਹੈ ਕਿ ਭਾਰਤ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਨੰਬਰ ਚਾਰ ਦੀ ਸਮੱਸਿਆ ਹੱਲ ਹੋ ਗਈ ਹੈ।












