ਕੰਗਨਾ ਨੇ ਸ਼ੂਟਿੰਗ ਪੂਰੀ ਹੋਣ ‘ਤੇ ਮਨਾਇਆ ਜਸ਼ਨ

ਹਾਲ ਹੀ ‘ਚ ਕੰਗਨਾ ਨੇ ਆਪਣੀ ਅਗਲੀ ਫ਼ਿਲਮ ਮਣੀਕਰਣਿਕਾ ਦੀ ਸ਼ੂਟਿੰਗ ਪੂਰੀ ਹੋਣ ‘ਤੇ ਜਸ਼ਨ ਮਨਾਇਆ, ਪਰ ਇਸ ਪਾਰਟੀ ਤੋਂ ਫ਼ਿਲਮ ਦੇ ਨਿਰਦੇਸ਼ਕ ਕ੍ਰਿਸ਼ ਨੇ ਦੂਰੀ ਬਣਾਈ ਰੱਖੀ …

ਅਗਲੇ ਸਾਲ ਦੀ ਸ਼ੁਰੂ ਦੀ ਸਭ ਤੋਂ ਵੱਡੀ ਫ਼ਿਲਮ ਮੰਨੀ ਜਾ ਰਹੀ ਮਣੀਕਰਣਿਕਾ ਦਾ ਕੁਈਨ ਔਫ਼ ਝਾਂਸੀ ਦੀ ਹਾਲ ਹੀ ਵਿੱਚ ਸ਼ੂਟਿੰਗ ਖ਼ਤਮ ਹੋ ਗਈ ਹੈ। ਸ਼ੂਟਿੰਗ ਖ਼ਤਮ ਹੋਣ ‘ਤੇ ਇਸ ‘ਚ ਕੰਮ ਕਰ ਰਹੇ ਕਲਾਕਾਰਾਂ ਅਤੇ ਫ਼ਿਲਮ ਦੀ ਬਾਕੀ ਟੀਮ ਨੇ ਮੁੰਬਈ ‘ਚ ਜਸ਼ਨ ਵੀ ਮਨਾਇਆ। ਫ਼ਿਲਮ ਦੀ ਮੁੱਖ ਹੀਰੋਇਨ ਕੰਗਨਾ ਰਨੌਤ ਇਸ ਜਸ਼ਨ ਪਾਰਟੀ ‘ਚ ਸਭ ਤੋਂ ਜ਼ਿਆਦਾ ਖਿੱਚ ਦਾ ਕੇਂਦਰ ਬਣੀ ਰਹੀ। ਗੋਲਡਨ ਕਲਰ ਦੇ ਕੱਪੜਿਆਂ ‘ਚ ਕੰਗਨਾ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ। ਉਹ ਕਾਫ਼ੀ ਸਮੇਂ ਤਕ ਫ਼ੋਟੋਗ੍ਰਾਫ਼ਰਜ਼ ਪਾਸੋਂ ਵੱਖ-ਵੱਖ ਅੰਦਾਜ਼ ‘ਚ ਤਸਵੀਰਾਂ ਖਿਚਵਾਉਾਂਦੀ ਰਹੀ। ਫ਼ਿਲਮ ਦਾ ਪ੍ਰੋਡਿਊਸਰ ਕਮਲ ਜੈਨ ਵੀ ਇਸ ਪਾਰਟੀ ਵਿੱਚ ਵੱਖਰੇ ਅੰਦਾਜ਼ ‘ਚ ਨਜ਼ਰ ਆ ਰਿਹਾ ਸੀ।
ਦੂਜੇ ਪਾਸੇ, ਇਸ ਫ਼ਿਲਮ ਦੇ ਡਾਇਰੈਕਟਰ ਕ੍ਰਿਸ਼ ਨੇ ਇਸ ਪਾਰਟੀ ਤੋਂ ਆਪਣੀ ਦੂਰੀ ਬਣਾਈ ਰੱਖੀ। ਕ੍ਰਿਸ਼ ਨੇ ਇਸ ਫ਼ਿਲਮ ਦੀ ਸ਼ੂਟਿੰਗ ਪੂਰੀ ਹੋਣ ਤੋਂ ਪਹਿਲਾਂ ਹੀ ਖ਼ੁਦ ਨੂੰ ਇਸ ਨਾਲੋਂ ਵੱਖ ਕਰ ਲਿਆ ਸੀ। ਬਾਕੀ ਰਹਿੰਦੀ ਡਾਇਰੈਕਸ਼ਨ ਦਾ ਕੰਮ ਕੰਗਨਾ ਨੇ ਆਪਣੀ ਨਿਗਰਾਨੀ ‘ਚ ਪੂਰਾ ਕਰਵਾਇਆ। ਕ੍ਰਿਸ਼ ਦੀ ਡਾਇਰੈਕਸ਼ਨ ‘ਚ ਇੱਕ ਹੋਰ ਫ਼ਿਲਮ ਬਣ ਰਹੀ ਹੈ ਜੋ ਐੱਨ. ਟੀ. ਰਾਮਾਰਾਓ ਦੀ ਬਾਇਓਪਿਕ ਹੈ। ਉਹ ਇਸ ਫ਼ਿਲਮ ਨੂੰ ਮਣੀਕਰਣਿਕਾ ਦੇ ਨਾਲ ਹੀ ਮੁਕਾਬਲੇ ਵਿੱਚ ਪਰਦੇ ‘ਤੇ ਰਿਲੀਜ਼ ਕਰਨ ਦੀ ਤਿਆਰੀ ਕਰ ਰਿਹਾ ਹੈ। ਇਸ ਨਾਲ ਦੋਹਾਂ ਫ਼ਿਲਮਾਂ ਦਾ ਨੁਕਸਾਨ ਵੀ ਹੋ ਸਕਦਾ ਹੈ।
ਦੂਜੇ ਪਾਸੇ ਫ਼ਿਲਮ ਮਣੀਕਰਣਿਕਾ ਸ਼ੁਰੂ ਤੋਂ ਹੀ ਮੁਸ਼ਕਿਲਾਂ ‘ਚ ਘਿਰੀ ਰਹੀ ਹੈ। ਕੁੱਝ ਸਮਾਂ ਪਹਿਲਾਂ ਅਦਾਕਾਰ ਸੋਨੂੰ ਸੂਦ ਨੇ ਇਸ ਫ਼ਿਲਮ ਨੂੰ ਵਿਚਕਾਰ ਹੀ ਛੱਡ ਦਿੱਤਾ ਸੀ। ਸੋਨੂੰ ਇਸ ‘ਚ ਅਹਿਮ ਕਿਰਦਾਰ ਨਿਭਾ ਰਿਹਾ ਸੀ, ਪਰ ਉਸ ਦੀ ਅਤੇ ਕੰਗਨਾ ਰਨੌਤ ਦੀ ਆਪਸ ‘ਚ ਕਿਸੇ ਗੱਲ ਨੂੰ ਲੈ ਕੇ ਲੜਾਈ ਹੋ ਗਈ ਜਿਸ ਕਾਰਨ ਉਸ ਨੇ ਆਖ਼ਰੀ ਸਕੈਜੁਅਲ ਸਮੇਂ ਇਹ ਫ਼ਿਲਮ ਛੱਡ ਦਿੱਤੀ। ਕੰਗਨਾ ਅਤੇ ਸੋਨੂੰ ਦੀ ਲੜਾਈ ਦਾ ਅਸਰ ਇਸ ਫ਼ਿਲਮ ਦੇ ਬਜਟ ‘ਤੇ ਵੀ ਪਿਆ ਕਿਉਂਕਿ ਸੋਨੂੰ ਸੂਦ ਵਾਲੇ ਕਿਰਦਾਰ ਦੀ ਮੁੜ ਸ਼ੂਟਿੰਗ ਕਰਨੀ ਪਈ। ਕੰਗਨਾ ਇਸ ਫ਼ਿਲਮ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਹੈ। ਹਾਲ ਹੀ ‘ਚ ਫ਼ਿਲਮ ਦਾ ਟੀਜ਼ਰ ਵੀ ਰਿਲੀਜ਼ ਕੀਤਾ ਗਿਆ ਹੈ। ਇਹ ਫ਼ਿਲਮ ਅਗਲੇ ਸਾਲ 25 ਜਨਵਰੀ ਨੂੰ ਰਿਲੀਜ਼ ਕੀਤੀ ਜਾਵੇਗੀ।