ਜੌਹਨ ਐਬਰਾਹਿਮ ਜਲਦੀ ਹੀ ਨਿਖਿਲ ਅਡਵਾਨੀ ਦੀ ਫ਼ਿਲਮ ‘ਚ ਨਜ਼ਰ ਆਉਣ ਜਾ ਰਿਹਾ ਹੈ। ਇਹ ਫ਼ਿਲਮ ਬਾਟਲਾ ਹਾਊਸ ਐਨਕਾਊਂਟਰ ‘ਤੇ ਬਣਾਈ ਜਾ ਰਹੀ ਹੈ। ਇਸ ਫ਼ਿਲਮ ‘ਚ ਜੌਹਨ ਐਬਰਾਹਿਮ ਸੰਜੀਵ ਕੁਮਾਰ ਯਾਦਵ ਦਾ ਕਿਰਦਾਰ ਨਿਭਾਏਗਾ। ਕੁੱਝ ਦਿਨ ਪਹਿਲਾਂ ਫ਼ਿਲਮ ਦਾ ਪੋਸਟਰ ਰਿਲੀਜ਼ ਕੀਤਾ ਗਿਆ। ਫ਼ਿਲਮ ‘ਚ ਜੌਹਨ ਨਾਲ ਕਿਹੜੀ ਅਭਿਨੇਤਰੀ ਨਜ਼ਰ ਆਵੇਗੀ ਇਹ ਸਵਾਲ ਕਾਫ਼ੀ ਸਮੇਂ ਤੋਂ ਹਰ ਇੱਕ ਦੇ ਦਿਮਾਗ਼ ‘ਚ ਚੱਲ ਰਿਹਾ ਸੀ। ਹੁਣ ਇਸ ਫ਼ਿਲਮ ਦੀ ਮੁੱਖ ਅਦਾਕਾਰਾ ਵੀ ਸਾਹਮਣੇ ਆ ਗਈ ਹੈ।
ਫ਼ਿਲਮ ਸੁਪਰ 30 ‘ਚ ਰਿਤਿਕ ਰੌਸ਼ਨ ਨਾਲ ਨਜ਼ਰ ਆਉਣ ਵਾਲੀ ਮ੍ਰਿਣਾਲ ਠਾਕੁਰ ਹੀ ਨਿਖਿਲ ਅਡਵਾਨੀ ਦੀ ਫ਼ਿਲਮ ਬਾਟਲਾ ਹਾਊਸ ‘ਚ ਜੌਹਨ ਐਬਰਾਹਿਮ ਨਾਲ ਜੋੜੀ ਬਣਾਏਗੀ। ਮ੍ਰਿਣਾਲ ਇਸ ‘ਚ ਨੰਦਿਤਾ ਦਾ ਕਿਰਦਾਰ ਨਿਭਾਏਗੀ ਜੋ ਪੱਤਰਕਾਰਾ ਸ਼ੋਭਨਾ ਯਾਦਵ ਦਾ ਹੋਵੇਗਾ। ਸ਼ੋਭਨਾ ਅਸਲ ਜ਼ਿੰਦਗੀ ‘ਚ ਸੰਜੀਵ ਦੀ ਪਤਨੀ ਹੈ। ਜ਼ਿਕਰਯੋਗ ਹੈ ਕਿ ਦਿੱਲੀ ਸੀਰੀਅਲ ਬੰਬ ਬਲਾਸਟ ਦੇ ਕੁੱਝ ਹੀ ਦਿਨਾਂ ਮਗਰੋਂ 19 ਸਤੰਬਰ, 2008 ਨੂੰ ਦਿੱਲੀ ਦੇ ਬਾਟਲਾ ਹਾਊਸ ਇਲਾਕੇ ‘ਚ ਪੁਲੀਸ ਅਤੇ ਕੱਟੜਪੰਥੀਆਂ ਵਿਚਕਾਰ ਮੁਕਾਬਲਾ ਹੋਇਆ ਸੀ ਜਿਸ ‘ਚ ਸਾਜਿਦ ਅਤੇ ਆਤੀਫ਼ ਨਾਂ ਦੇ ਦੋ ਮੁੰਡੇ ਮਾਰੇ ਗਏ ਸਨ ਜਿਨ੍ਹਾਂ ਨੂੰ ਪੁਲਿਸ ਨੇ ਕੱਟੜਪੰਥੀ ਦੱਸਿਆ ਸੀ ਜਦ ਕਿ ਦੋ ਅੱਤਵਾਦੀ ਮੁਹੰਮਦ ਸੈਫ਼ ਅਤੇ ਜੀਸ਼ਾਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਇੱਕ ਅੱਤਵਾਦੀ ਭੱਜਣ ‘ਚ ਕਾਮਯਾਬ ਰਿਹਾ ਸੀ ਹਾਲਾਂਕਿ ਸਾਲ 2010 ‘ਚ ਉਸ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਇਸ ਐਨਕਾਊਂਟਰ ‘ਚ ਜ਼ਖ਼ਮੀ ਇੰਸਪੈਕਟਰ ਮੋਹਨ ਚੰਦ ਸ਼ਰਮਾ ਦੀ ਇਲਾਜ ਸਮੇਂ ਮੌਤ ਹੋ ਗਈ ਸੀ।











