2019 ਵਿਸ਼ਵ ਕੱਪ ਖੇਡ ਸਕਦੇ ਹਨ ਡਿਵਿਲੀਅਰਜ਼, ਵਾਪਸੀ ਦੇ ਦਿੱਤੇ ਸੰਕੇਤ

ਨਵੀਂ ਦਿੱਲੀ – ਤੁਫ਼ਾਨੀ ਬੱਲੇਬਾਜ਼ ਏ. ਬੀ. ਡਿਵਿਲੀਅਰਜ਼ ਨੇ ਜਦੋਂ ਇਸ ਸਾਲ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲਿਆ ਤਾਂ ਪੂਰੀ ਦੁਨੀਆ ਹੈਰਾਨ ਰਹਿ ਗਈ। ਪ੍ਰਸ਼ੰਸਕਾਂ ਨੂੰ ਉਸ ਦੇ ਫ਼ੈਸਲੇ ‘ਤੇ ਯਕੀਨ ਨਹੀਂ ਹੋ ਰਿਹਾ ਸੀ ਕਿ ਏ.ਬੀ. ਹੁਣ ਦੱਖਣੀ ਅਫ਼ਰੀਕਾ ਲਈ ਕ੍ਰਿਕਟ ਨਹੀਂ ਖੇਡੇਗਾ। ਹੁਣ ਅਗਲੇ ਸਾਲ ਹੋਣ ਵਾਲੇ ਵਿਸ਼ਵ ਕੱਪ ਵਿੱਚ ਏ.ਬੀ. ਡਿਵਿਲੀਅਰਜ਼ ਦੇ ਖੇਡਣ ਦੀ ਖ਼ਬਰ ਸਾਹਮਣੇ ਆ ਰਹੀ ਹੈ।

ਸੂਤਰਾਂ ਮੁਤਾਬਿਕ, ਅਗਲੇ ਸਾਲ ਜਨਵਰੀ ਵਿੱਚ ਡਿਵਿਲੀਅਰਜ਼ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਵਾਪਸੀ ਨੂੰ ਲੈ ਕੇ ਆਖ਼ਰੀ ਫ਼ੈਸਲਾ ਲਵੇਗਾ। ਮਈ ਵਿੱਚ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿਣ ਵਾਲੇ ਡਿਵਿਲੀਅਰਜ਼ ਨੇ ਕਿਹਾ ਸੀ ਕਿ ਉਹ ਵਿਸ਼ਵ ਕੱਪ ਜਿੱਤਣ ਦੀ ਰੀਝ ਨੂੰ ਛੱਡ ਕੇ ਇਹ ਫ਼ੈਸਲਾ ਲੈ ਰਿਹਾ ਹੈ। ਬਹੁਤ ਜ਼ਿਆਦਾ ਕ੍ਰਿਕਟ ਖੇਡਣ ਦੀ ਵਜ੍ਹਾ ਕਾਰਨ ਉਨ੍ਹਾਂ ਨੇ ਫ਼ੈਸਲਾ ਲਿਆ ਸੀ।
ਡਿਵਿਲੀਅਰਜ਼ ਦੇ ਸੰਨਿਆਸ ਲੈਣ ਤੋਂ ਬਾਅਦ ਦੱਖਣੀ ਅਫ਼ਰੀਕਾ ਦਾ ਮਿਡਲ ਆਰਡਰ ਕਾਫ਼ੀ ਕਮਜ਼ੋਰ ਹੋ ਗਿਆ ਹੈ, ਅਤੇ ਅਜਿਹੇ ‘ਚ ਜੇਕਰ ਉਹ ਵਾਪਸੀ ਦਾ ਫ਼ੈਸਲਾ ਲੈਂਦਾ ਹੈ ਤਾਂ ਏ.ਬੀ. ਦੇ ਪ੍ਰਸ਼ੰਸਕਾਂ ਅਤੇ ਅਫ਼ਰੀਕੀ ਟੀਮ ਲਈ ਬਹੁਤ ਵੱਡੀ ਖ਼ੁਸ਼ਖਬਰੀ ਹੋਵੇਗੀ। ਸੰਨਿਆਸ ਦੇ ਸਮੇਂ ਡਿਵਿਲੀਅਰਜ਼ ਨੇ ਕਿਹਾ ਸੀ ਕਿ ਉਹ ਟੀ-20 ਲੀਗ ਵਿੱਚ ਵੀ ਘੱਟ ਹੀ ਹਿੱਸਾ ਲਵੇਗਾ, ਪਰ ਸਮੇਂ ਦੇ ਨਾਲ ਉਸ ਨੇ ਕੁੱਝ ਟੀ-20 ਲੀਗਜ਼ ਨਾਲ ਆਪਣਾ ਨਾਂ ਜੋੜਿਆ ਅਤੇ ਇੰਡੀਅਨ ਪ੍ਰੀਮਿਅਰ ਲੀਗ ਵਿੱਚ ਖੇਡਣ ਦੀ ਪੁਸ਼ਟੀ ਕੀਤੀ ਸੀ।