ਗੰਭੀਰ ਅਦਾਕਾਰੀ ਲਈ ਜਾਣਿਆ ਜਾਂਦਾ ਮਸ਼ਹੂਰ ਅਦਾਕਾਰ ਰਾਜਕੁਮਾਰ ਰਾਓ ਸੁਪਰਹਿੱਟ ਫ਼ਿਲਮ ਦੋਸਤਾਨਾ ਦੇ ਸੀਕੁਅਲ ‘ਚ ਕੰਮ ਕਰਦਾ ਨਜ਼ਰ ਆਵੇਗਾ। ਬੌਲੀਵੁਡ ਫ਼ਿਲਮਸਾਜ਼ ਕਰਨ ਜੋਹਰ ਨੇ ਸਾਲ 2008 ‘ਚ ਦੋਸਤਾਨਾ ਫ਼ਿਲਮ ਬਣਾਈ ਸੀ। ਇਸ ਨੂੰ ਤਰੁਣ ਮਨਸੁਖਾਨੀ ਨੇ ਡਾਇਰੈਕਟ ਕੀਤਾ ਸੀ। ਫ਼ਿਲਮ ‘ਚ ਅਭਿਸ਼ੇਕ ਬੱਚਨ, ਜਾਨ ਐਬਰਾਹਿਮ ਅਤੇ ਅਦਾਕਾਰਾ ਪ੍ਰਿਅੰਕਾ ਚੋਪੜਾ ਨੇ ਮੁੱਖ ਭੂਮਿਕਾ ਨਿਭਾਈ ਸੀ। ਕਰਨ ਕਾਫ਼ੀ ਸਮੇਂ ਤੋਂ ਦੋਸਤਾਨਾ ਦੀ ਸੀਕੁਅਲ ਫ਼ਿਲਮ ਬਣਾਉਣ ਦੀ ਯੋਜਨਾ ਬਣਾ ਰਿਹਾ ਹੈ। ਸੂਤਰਾਂ ਅਨੁਸਾਰ, ਰਾਜਕੁਮਾਰ ਰਾਏ ਇਸ ਸੀਕੁਅਲ ‘ਚ ਕੰਮ ਕਰਦਾ ਨਜ਼ਰ ਆ ਸਕਦਾ ਹੈ। ਰਾਓ ਨਾਲ ਫ਼ਿਲਮ ‘ਚ ਕੌਣ-ਕੌਣ ਹੋਵੇਗਾ ਅਜੇ ਇਸ ਦੀ ਜਾਣਕਾਰੀ ਨਹੀਂ ਦਿੱਤੀ ਗਈ। ਕਰਨ ਇਸ ਵਾਰ ਦੋਸਤਾਨਾ-2 ‘ਚ ਨਵੀਂ ਟੀਮ ਨਾਲ ਕੰਮ ਕਰਨਾ ਚਾਹੁੰਦਾ ਹੈ। ਇਸੇ ਲਈ ਉਸ ਨੇ ਇਸ ਫ਼ਿਲਮ ਦੀ ਟੀਮ ਬਦਲੀ ਹੈ। ਰਾਓ ਦੀ ਹਾਲ ਹੀ ‘ਚ ਫ਼ਿਲਮ ਇਸਤਰੀ ਰਿਲੀਜ਼ ਹੋਈ ਹੈ। ਇਸ ਫ਼ਿਲਮ ‘ਚ ਉਸ ਨਾਲ ਸ਼੍ਰਧਾ ਕਪੂਰ ਨੇ ਮੁੱਖ ਭੂਮਿਕਾ ਨਿਭਾਈ ਹੈ। ਇਹ ਇੱਕ ਹੌਰਰ ਕੌਮੇਡੀ ਫ਼ਿਲਮ ਸੀ ਜਿਸ ਨੇ ਪਰਦੇ ‘ਤੇ ਜ਼ਬਰਦਸਤ ਕਮਾਈ ਕੀਤੀ। ਇਸ ਸਫ਼ਲਤਾ ਤੋਂ ਬਾਅਦ ਰਾਓ ਦੇ ਬੌਲੀਵੁਡ ‘ਚ ਪੈਰ ਹੋਰ ਵੀ ਮਜ਼ਬੂਤ ਹੋ ਗਏ ਹਨ। ਰਾਓ ਨੇ ਹੁਣ ਤਕ ਆਪਣੀ ਦਮਦਾਰ ਅਦਾਕਾਰੀ ਨਾਲ ਹਰ ਇੱਕ ਦਾ ਦਿਲ ਜਿੱਤਿਆ ਹੈ। ਦੂਜੇ ਪਾਸੇ ਕਰਨ ਦੀ ਪ੍ਰੋਡਕਸ਼ਨ ਕੰਪਨੀ ਇਸ ਸਮੇਂ ਕਈ ਫ਼ਿਲਮਾਂ ਬਣਾ ਰਹੀ ਹੈ ਜਿਨ੍ਹਾਂ ‘ਚ ਦੋ ਮਲਟੀਸਟਾਰਰ ਫ਼ਿਲਮਾਂ ਕਲੰਕ ਅਤੇ ਤਖ਼ਤ ਸ਼ਾਮਿਲ ਹਨ। ਇਨ੍ਹਾਂ ਫ਼ਿਲਮਾਂ ‘ਚ ਕਈ ਦਮਦਾਰ ਕਲਾਕਾਰ ਨਜ਼ਰ ਆਉਣਗੇ।












