ਬੌਲੀਵੁਡ ਇੰਡਸਟਰੀ ਦਾ ਕਿੰਗ ਯਾਨੀ ਸ਼ਾਹਰੁਖ਼ ਖ਼ਾਨ ਫ਼ਿਲਮਸਾਜ਼ ਆਨੰਦ ਐੱਲ. ਰਾਏ ਦੀ ਇੱਕ ਹੋਰ ਫ਼ਿਲਮ ‘ਚ ਨਜ਼ਰ ਆਵੇਗਾ। ਸ਼ਾਹਰੁਖ਼ ਅੱਜਕੱਲ੍ਹ ਆਨੰਦ ਦੇ ਨਿਰਦੇਸ਼ਕ ‘ਚ ਬਣ ਰਹੀ ਫ਼ਿਲਮ ਜ਼ੀਰੋ” ਚ ਕੰਮ ਕਰ ਰਿਹਾ ਹੈ। ਇਸ ‘ਚ ਉਹ ਇੱਕ ਬੌਣੇ ਬੰਦੇ ਦੀ ਭੂਮਿਕਾ ਨਿਭਾ ਰਿਹਾ ਹੈ। ਸੂਤਰਾਂ ਅਨੁਸਾਰ ਜ਼ੀਰੋ ਤੋਂ ਬਾਅਦ ਵੀ ਸ਼ਾਹਰੁਖ਼ ਅਤੇ ਆਨੰਦ ਦਾ ਸਾਥ ਜਾਰੀ ਰਹੇਗਾ। ਸ਼ਾਹਰੁਖ਼ ਨੇ ਆਨੰਦ ਦੀ ਪ੍ਰੋਡਕਸ਼ਨ ਨਾਲ ਮਿਲ ਕੇ ਅਗਲੇ ਪੰਜ ਸਾਲਾਂ ‘ਚ ਕੁੱਝ ਹੋਰ ਫ਼ਿਲਮਾਂ ਬਣਾਉਣ ਦਾ ਫ਼ੈਸਲਾ ਲਿਆ ਹੈ। ਇਨ੍ਹਾਂ ‘ਚੋਂ ਕਿੰਨੀਆਂ ਫ਼ਿਲਮਾਂ ‘ਚ ਸ਼ਾਹਰੁਖ਼ ਬਤੌਰ ਹੀਰੋ ਨਜ਼ਰ ਆਏਗਾ ਇਹ ਤੈਅ ਹੋਣਾ ਅਜੇ ਬਾਕੀ ਹੈ। ਸ਼ਾਹਰੁਖ਼ ਦੀ ਜ਼ੀਰੋ ਇਸ ਸਾਲ ਦੇ ਆਖ਼ੀਰ ‘ਚ 22 ਦਸੰਬਰ ਨੂੰ ਰਿਲੀਜ਼ ਹੋਵੇਗੀ ਜਿਸ ‘ਚ ਉਸ ਤੋਂ ਇਲਾਵਾ ਅਦਾਕਾਰਾ ਅਨੁਸ਼ਕਾ ਸ਼ਰਮਾ ਅਤੇ ਕੈਟਰੀਨਾ ਕੈਫ਼ ਨੇ ਵੀ ਅਹਿਮ ਭੂਮਿਕਾਵਾਂ ਨਿਭਾਈਆਂ ਹਨ। ਫ਼ਿਲਮ ਜ਼ੀਰੋ ‘ਜ਼ਰੀਏ ਇੱਕ ਵਾਰ ਫ਼ਿਰ ਸ਼ਾਹਰੁਖ਼, ਕੈਟਰੀਨਾ ਅਤੇ ਅਨੁਸ਼ਕਾ ਦੀ ਜੋੜੀ ਦਰਸ਼ਕਾਂ ਨੂੰ ਦੇਖਣ ਲਈ ਮਿਲੇਗੀ। ਇਸ ਤੋਂ ਪਹਿਲਾਂ ਇਹ ਤਿੰਨੋਂ ਯਸ਼ ਚੋਪੜਾ ਦੀ ਪ੍ਰੋਡਕਸ਼ਨ ‘ਚ ਬਣੀ ਫ਼ਿਲਮ ਜਬ ਤਕ ਹੈ ਜਾਨ ‘ਚ ਨਜ਼ਰ ਆ ਚੁੱਕੇ ਹਨ। ਸੂਤਰਾਂ ਮੁਤਾਬਿਕ, ਫ਼ਿਲਮ ਜ਼ੀਰੋ ‘ਚ ਅਨੁਸ਼ਕਾ ਇੱਕ ਵਿਗਿਆਨੀ ਦਾ ਕਿਰਦਾਰ ਨਿਭਾ ਰਹੀ ਹੈ। ਅਨੁਸ਼ਕਾ ਦੀ ਪਿਛਲੇ ਮਹੀਨੇ ਰਿਲੀਜ਼ ਹੋਈ ਫ਼ਿਲਮ ਸੂਈ ਧਾਗਾ ਵੀ ਕਾਫ਼ੀ ਸਫ਼ਲ ਰਹੀ। ਇਸ ‘ਚ ਉਸ ਨਾਲ ਵਰੁਣ ਧਵਨ ਨੇ ਮੁੱਖ ਭੂਮਿਕਾ ਨਿਭਾਈ ਹੈ। ਇਹ ਫ਼ਿਲਮ ਮੇਕ ਇੰਨ ਇੰਡੀਆ ਥੀਮ ‘ਤੇ ਆਧਾਰਿਤ ਹੈ। ਫ਼ਿਲਮ ‘ਚ ਵਰੁਣ ਨੇ ਇੱਕ ਦਰਜ਼ੀ ਦਾ ਅਤੇ ਅਨੁਸ਼ਕਾ ਨੇ ਉਸ ਦੀ ਪਤਨੀ ਦਾ ਕਿਰਦਾਰ ਨਿਭਾਇਆ ਹੈ। ਆਲੋਚਕਾਂ ਵਲੋਂ ਵੀ ਫ਼ਿਲਮ ਦੀ ਖ਼ੂਬ ਤਾਰੀਫ਼ ਕੀਤੀ ਗਈ ਹੈ।