ਡਕਵਰਥ ਲੂਈਸ ‘ਚ ICC ਨੇ ਕੀਤਾ ਬਦਲਾਅ

ਨਵੀਂ ਦਿੱਲੀ – ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਨੇ ਡਕਵਰਥ ਲੂਈਸ ਪ੍ਰਣਾਲੀ (ਡੀ. ਐੱਲ. ਐੱਸ.) ਸਮੇਤ ਖਿਡਾਰੀਆਂ ਲਈ ਖੇਡ ਜ਼ਾਬਤੇ ਦੇ ਨਵੇਂ ਨਿਯਮ ਜਾਰੀ ਕਰ ਦਿੱਤੇ ਹਨ ਜਿਹੜੇ 30 ਸਤੰਬਰ ਤੋਂ ਪ੍ਰਭਾਵ ਵਿੱਚ ਆ ਜਾਣਗੇ। ਆਈ. ਸੀ. ਸੀ. ਨੇ ਦੱਸਿਆ ਕਿ ਕਿਰਬਲੇ ਵਿੱਚ ਦੱਖਣੀ ਅਫ਼ਰੀਕਾ ਅਤੇ ਜ਼ਿੰਬਾਬਵੇ ਵਿਚਾਲੇ ਹੋਣ ਵਾਲੇ ਪਹਿਲੇ ਵਨ ਡੇ ਕੌਮਾਂਤਰੀ ਮੈਚ ਤੋਂ ਇਹ ਨਿਯਮ ਲਾਗੂ ਹੋਣਗੇ। ਕੌਮਾਂਤਰੀ ਕ੍ਰਿਕਟ ਵਿੱਚ ਸਾਲ 2014 ਵਿੱਚ ਲਾਗੂ ਕੀਤੇ ਗਏ ਡਕਵਰਥ ਲੂਈਸ ਨਿਯਮ ਵਿੱਚ ਵਿਸ਼ਵ ਪੱਧਰੀ ਸੰਸਥਾ ਨੇ ਦੂਜੀ ਵਾਰ ਨਵੀਣੀਕਰਣ ਕੀਤਾ ਹੈ ਜਿਸ ਵਿੱਚ ਗੇਂਦ ਦਰ ਗੇਂਦ ਸਕੋਰਿੰਗ ਦੀ ਜਾਣਕਾਰੀ ਅਤੇ ਪਾਵਰਪਲੇਅ ਸ਼ਾਮਿਲ ਹਨ। ਆਈ. ਸੀ. ਸੀ. ਅਨੁਸਾਰ ਮੌਜੂਦਾ ਪ੍ਰਣਾਲੀ ਵਿੱਚ 700 ਵਨ ਡੇ ਅਤੇ 428 ਟੀ-20 ਕੌਮਾਂਤਰੀ ਮੈਚਾਂ ਵਿੱਚ ਸਮੀਖਿਆ ਕੀਤੀ ਗਈ ਹੈ ਜਿਨ੍ਹਾਂ ਵਿੱਚ 240, 000 ਡਿਲਵਿਰੀਆਂ ਦਾ ਬਿਓਰਾ ਦਿੱਤਾ ਗਿਆ ਹੈ। ਮੌਜੂਦਾ ਸਮੀਖਿਆ ਤੋਂ ਸਾਫ਼ ਹੈ ਕਿ ਟੀਮਾਂ ਦਾ ਵਨ ਡੇ ਵਿੱਚ ਔਸਤ ਸਕੋਰ ਵਧਿਆ ਹੈ ਅਤੇ ਟੀਮਾਂ ਆਪਣੀ ਪਾਰੀ ਦੇ ਅੰਤ ਤਕ ਆਪਣੇ ਸਕੋਰ ਨੂੰ ਜ਼ਿਆਦਾ ਤੇਜ਼ੀ ਨਾਲ ਵਧਾ ਰਹੀਆਂ ਹਨ। ਡੀ. ਐੱਲ. ਐੱਸ. ਦੇ ਦੂਜੇ ਨਵੀਣੀਕਰਨ ਵਿੱਚ ਵਨ ਡੇ ਮੈਚਾਂ ਦੇ ਆਖਰੀ 20 ਓਵਰਾਂ ਅਤੇ ਮਹਿਲਾ ਅਤੇ ਪੁਰਸ਼ਾਂ ਦੇ ਕੌਮਾਂਤਰੀ ਮੈਚਾਂ ਦੌਰਾਨ ਸਕੋਰ ਪ੍ਰਣਾਲੀ ਦੀ ਸਮੀਖਿਆ ਕੀਤੀ ਗਈ ਹੈ। ਸਮੀਖਿਆ ਤੋਂ ਪਤਾ ਲੱਗਾ ਹੈ ਕਿ ਮਹਿਲਾ ਅਤੇ ਪੁਰਸ਼ ਮੈਚਾਂ ਵਿੱਚ ਸਕੋਰ ਵੱਖ-ਵੱਖ ਦਰਾਂ ਨਾਲ ਬਣਾਏ ਗਏ, ਪਰ ਵਿਕਟ ਲੈਣ ਦੀ ਦਰ ਲਗਭਗ ਬਰਾਬਰ ਰਹੀ। ਇਸ ਦੇ ਨਾਲ ਹੀ ਇਹ ਵੀ ਸਪੱਸ਼ਟ ਹੋਇਆ ਹੈ ਕਿ ਤਿੰਨੇ ਹੀ ਰੂਪਾਂ ਵਿੱਚ ਡੀ. ਐੱਲ. ਐੱਸ. ਦੀ ਇੱਕ ਹੀ ਪ੍ਰਣਾਲੀ ਉਪਯੋਗੀ ਹੈ।