ਬੌਲੀਵੁਡ ਫ਼ਿਲਮਾਂ ਸ਼ਾਦੀ ਮੇਂ ਜ਼ਰੂਰ ਆਨਾ, ਯਮਲਾ ਪਗ਼ਲਾ ਦੀਵਾਨਾ ਫ਼ਿਰ ਸੇ ਅਤੇ ਗੈਸਟ ਇਨ ਲੰਡਨ ‘ਚ ਨਜ਼ਰ ਆ ਚੁੱਕੀ ਕ੍ਰਿਤੀ ਖਰਬੰਦਾ ਆਪਣੀ ਅਗਲੀ ਫ਼ਿਲਮ ਹਾਊਸਫ਼ੁੱਲ 4 ਦੀ ਸ਼ੂਟਿੰਗ ‘ਚ ਰੁੱਝੀ ਹੈ। ਇਸ ਫ਼ਿਲਮ ਨੂੰ ਲੈ ਕੇ ਉਹ ਕਾਫ਼ੀ ਉਤਸ਼ਾਹਿਤ ਹੈ। ਕ੍ਰਿਤੀ ਦਾ ਮੰਨਣਾ ਹੈ ਕਿ ਹਾਊਸਫ਼ੁੱਲ 4 ਬੌਲੀਵੁੱਡ ਦੀਆਂ ਸਫ਼ਲ ਸੀਰੀਜ਼ ‘ਚੋਂ ਇੱਕ ਹੈ ਅਤੇ ਇਸ ਫ਼ਿਲਮ ਦਾ ਹਿੱਸਾ ਬਣ ਕੇ ਉਹ ਬੇਹੱਦ ਖ਼ੁਸ਼ ਹੈ। ਜਦੋਂ ਕ੍ਰਿਤੀ ਤੋਂ ਪੁੱਛਿਆ ਗਿਆ ਕਿ ਕੀ ਉਹ ਹਾਊਸਫ਼ੁੱਲ ਸੀਰੀਜ਼ ਦੀਆਂ ਫ਼ਿਲਮਾਂ ਦੀ ਸਫ਼ਲਤਾਂ ਨੂੰ ਦੇਖਦੇ ਹੋਏ ਇਸ ਦੇ ਚੌਥੇ ਸੀਕੁਅਲ ਨੂੰ ਲੈ ਕੇ ਕੋਈ ਦਬਾਅ ਮਹਿਸੂਸ ਕਰ ਰਹੀ ਹੈ? ਇਸ ਦੇ ਜਵਾਬ ‘ਚ ਕ੍ਰਿਤੀ ਨੇ ਕਿਹਾ ਕਿ ਦਬਾਅ ‘ਚ ਫ਼ਿਲਮ ਦੇ ਪ੍ਰੋਡੀਊਸਰ ਹੋ ਸਕਦੇ ਹਨ ਪਰ ਬਤੌਰ ਕਲਾਕਾਰ ਉਸ ਨੂੰ ਕੋਈ ਦਬਾਅ ਨਹੀਂ। ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਹਾਊਸਫ਼ੁੱਲ 4 ਇੱਕ ਮਲਟੀਸਟਾਰਰ ਫ਼ਿਲਮ ਹੈ। ਫ਼ਿਲਮ ਦੀ ਸ਼ੂਟਿੰਗ ਇਸ ਸਮੇਂ ਰਾਜਸਥਾਨ ‘ਚ ਚੱਲ ਰਹੀ ਹੈ। ਜਾਣਕਾਰੀ ਅਨੁਸਾਰ, ਡਾਇਰੈਕਟਰ ਸਾਜਿਦ ਖ਼ਾਨ ਨੇ ਪਹਿਲਾਂ ਇਸ ਇੱਕ ਗਾਣੇ ਨੂੰ ਸ਼ੂਟ ਕੀਤਾ ਹੈ। ਫ਼ਿਲਮ ‘ਚ ਅਕਸ਼ੈ ਕੁਮਾਰ, ਬੌਬੀ ਦਿਓਲ ਅਤੇ ਰਿਤੇਸ਼ ਦੇਸ਼ਮੁਖ ਮੁੱਖ ਭੂਮਿਕਾਵਾਂ ‘ਚ ਹੋਣਗੇ। ਬੌਬੀ ਪਹਿਲੀ ਵਾਰ ਇਸ ਸੀਰੀਜ਼ ਨਾਲ ਜੁੜਿਆ ਹੈ, ਪਰ ਉਹ ਇਸ ਤੋਂ ਪਹਿਲਾਂ ਅਕਸ਼ੈ ਨਾਲ ਥੈਂਕ ਯੂ ‘ਚ ਕੰਮ ਕਰ ਚੁੱਕਾ ਹੈ। ਫ਼ਿਲਮ ‘ਚ ਦੂਜੀ ਅਭਿਨੇਤਰੀ ਪੂਜਾ ਹੇਗੜੇ ਹੋਵੇਗੀ।
–











