ਸ਼ਰੀਫ਼ ਬਿਰਾਦਰਾਨ ਤੋਂ ਨਹੀਂ ਮੱਠੀ ਹੋਣੀ ਮਿਡਲ ਈਸਟ ਦੀ ਸ਼ੀਆ-ਸੁੰਨੀ ਖੁਰਕ!

Editorialਜਿਵੇਂ ਜਿਵੇਂ ਮਿਡਲ ਈਸਟ ਵਿੱਚ ਸ਼ੀਆ-ਸੁੰਨੀ ਮੁਕਾਬਲੇਬਾਜ਼ੀ ਵੱਧ ਰਹੀ ਹੈ, ਰਿਆਧ ਨੂੰ ਦੋ ਪ੍ਰਮੁੱਖ ਵਿਸ਼ਵ ਸ਼ਕਤੀਆਂ, ਅਮਰੀਕਾ ਅਤੇ ਰੂਸ, ਦਾ ਝੁਕਾਅ ਸਾਊਦੀ ਅਰਬ ਦੀ ਅਗਵਾਈ ਵਾਲੀ ਸੁੰਨੀ ‘ਲਾਈਨਅੱਪ’- ਜਿਸ ਵਿੱਚ ਸੰਯੁਕਤ ਰਾਜ ਅਮੀਰਾਤ (ਯੂ.ਏ.ਈ.), ਮਿਸਰ, ਤੁਰਕੀ ਤੇ ਪਾਕਿਸਤਾਨ ਸ਼ਾਮਿਲ ਹਨ – ਦੀ ਬਜਾਏ ਇਰਾਨ, ਇਰਾਕ, ਸੀਰੀਆ ਅਤੇ ਹਿਜ਼ਬੁਲਾਹ ਦੇ ਸ਼ੀਆ ਬਲੌਕ ਵੱਲ ਉੱਲਰਦਾ ਦਿਖਾਈ ਦੇ ਰਿਹੈ। ਇਹ ਉਹੀ ਸਫ਼ਬੰਦੀ ਹੈ ਜਿਸ ਦੀਆਂ ਕਿਆਸ ਆਰਾਈਆਂ ਮੈਂ ਪਿੱਛਲੇ ਕੁਝ ਮਹੀਨਿਆਂ ਤੋਂ ਕਰਦਾ ਆਇਆ ਹਾਂ। ਜਿਵੇਂ ਮੈਂ ਆਪਣੇ ਸੰਪਾਦਕੀ ਨੋਟਾਂ ਵਿੱਚ ਪਹਿਲਾਂ ਵੀ ਕਹਿੰਦਾ ਰਿਹਾਂ ਕਿ ਆਉਣ ਵਾਲੇ ਸਭਿਆਤਾਵਾਂ ਦੇ ਭੇੜ ਕਾਰਨ ਹੋਣ ਵਾਲੇ ਤੀਸਰੇ ਵਿਸ਼ਵ ਯੁੱਧ ਵਿੱਚ ਮਿੱਤਰ ਰਾਸ਼ਟਰ ਹੋਣਗੇ ਸੰਯੁਕਤ ਰਾਜ ਅਮਰੀਕਾ, ਭਾਰਤ, ਰੂਸ ਤੇ ਇਰਾਨ ਜਦੋਂ ਕਿ ਇਸ ਸਮੀਕਰਣ ਦੇ ਦੂਜੇ ਪਾਸੇ ਹੋਣਗੇ ਚੀਨ, ਪਾਕਿਸਤਾਨ ਅਤੇ ਬਾਕੀ ਦੇ ਸੁੰਨੀ ਰਾਸ਼ਟਰ ਬਮੈਅ ਸਾਊਦੀ ਅਰਬ। ਜੇਕਰ ਤੁਸੀਂ ਕੋਈ ਵਿਸ਼ਲੇਸ਼ਕ ਹੋ, ਸਿਆਸਤਦਾਨ ਹੋ, ਫ਼ੌਜੀ ਜਰਨੈਲ ਹੋ ਜਾਂ ਕਿਸੇ ਕੌਲੇਜ ਦੇ ਪ੍ਰਫ਼ੈਸਰ ਹੋ ਜਿਸ ਦੀ ਨੌਕਰੀ ਇਸ ਜਾਣਕਾਰੀ ‘ਤੇ ਨਿਰਭਰ ਕਰਦੀ ਹੈ ਕਿ ਸੰਸਾਰ ਵਿੱਚ ਕੀ ਵਾਪਰ ਰਿਹੈ ਤਾਂ ‘ਜੈਨਰੇਸ਼ਨਲ ਥਿਊਰੀ’ ਪੜ੍ਹਨ ਤੇ ਸਿੱਖਣ ਵਿੱਚ ਥੋੜ੍ਹਾ ਵਕਤ ਲਗਾਣ ਨਾਲ ਆਪੋ ਆਪਣੇ ਕਿੱਤਿਆਂ ਵਿੱਚ ਤੁਹਾਡੀ ਕਾਰਗ਼ੁਜ਼ਾਰੀ ਹੋਰ ਵੀ ਬਿਹਤਰ ਹੋ ਸਕਦੀ ਹੈ। ਜੈਨਰੇਸ਼ਨਲ ਥਿਊਰੀ ਨੂੰ ਪਹਿਲੀ ਵਾਰ 1980 ਤੋਂ 90ਵਿਆਂ ਦਰਮਿਆਨ ਦੋ ਲੇਖਕਾਂ ਵਿਲੀਅਮ ਸਟ੍ਰੌਸ ਤੇ ਨੀਲ ਹੌਵ ਨੇ ਫ਼ਲੋਟ ਕੀਤਾ ਸੀ। ਇਸ ਵਿੱਚ ਉਨ੍ਹਾਂ ਦਿਖਾਇਆ ਸੀ ਕਿ ਕਿਵੇਂ ਪੀੜ੍ਹੀ ਦਰ ਪੀੜ੍ਹੀ ਪੁਰਾਣੀਆਂ ਆਦਤਾਂ ਤੇ ਜੰਗਾਂ ਆਪਣੇ ਆਪ ਨੂੰ ਦੁਹਰਾਉਂਦੀਆਂ ਹਨ। ਇਸ ਲਈ ਉਨ੍ਹਾਂ ਨੇ ਪ੍ਰਮੁੱਖ ਤੌਰ ‘ਤੇ ਬਰਤਾਨੀਆ ਤੇ ਅਮਰੀਕਾ ਦੀਆਂ ਸੰਨ 1400 ਤੋਂ ਲੈ ਕੇ ਹੁਣ ਤਕ ਦੀਆਂ ਇਤਿਹਾਸਕ ਉਦਾਹਰਣਾਂ ਵਰਤੀਆਂ। ਮੈਂ ਤਾਂ ਉਨ੍ਹਾਂ ਦੋਹਾਂ ਹਜ਼ਰਾਤ ਦੀ ਉਸ ਸਾਂਝੀ ਥਿਊਰੀ ਨੂੰ ਖਿੱਚ ਕੇ ਤਮਾਮ ਮਨੁੱਖੀ ਇਤਿਹਾਸ ਲਈ ਵੀ 100 ਪ੍ਰਤੀਸ਼ਤ ਸਹੀ ਮੰਨਣ ਲਈ ਤਿਆਰ ਹਾਂ। ਸਟ੍ਰੌਸ ਤੇ ਹੌਵ ਦੀ ਥਿਊਰੀ ਅਨੁਸਾਰ, ਮਨੁੱਖ ਆਪਣੀਆਂ ਪੁਸ਼ਤੈਨੀ ਜੰਗਾਂ ਹੀ ਪੀੜ੍ਹੀ ਦਰ ਪੀੜ੍ਹੀ ਦੁਹਰਾਉਂਦਾ ਰਹਿੰਦਾ ਹੈ। ਇਸ ਵਿੱਚ ਜੇ ਕੋਈ ਬ੍ਰੇਕ ਜਾਂ ਛੋਟ ਮਿਲਦੀ ਹੈ ਤਾਂ ਉਹ ਉਨ੍ਹਾਂ ਪੀੜ੍ਹੀਆਂ ਨੂੰ ਹੀ ਮਿਲਦੀ ਹੈ ਜਿਨ੍ਹਾਂ ਨੇ ਉਸ ਕਤਲੇਆਮ ਨੂੰ ਦੇਖਿਆ ਜਾਂ ਉਸ ਬਾਰੇ ਘੱਟੋ ਘੱਟ ਸੁਣਿਆ ਹੁੰਦੈ। ਇਹੀ ਉਨ੍ਹਾਂ ਪੀੜ੍ਹੀਆਂ ਦਰਮਿਆਨ ਸ਼ਾਂਤੀ ਦਾ ਵੇਲਾ ਹੁੰਦਾ ਹੈ ਜਦੋਂ ਉਹ ਕਤਲੇਆਮਾਂ ਨੂੰ ਯਾਦ ਕਰ ਕੇ ਉਨ੍ਹਾਂ ਤੋਂ ਤੌਬਾ ਕਰਦੀਆਂ ਹਨ। ਫ਼ਿਰ ਕੁਝ ਦੇਰ ਬਾਅਦ ਉਹੀ ਪੁਰਾਣੇ ਵਿਵਾਦ ਨਾਸੂਰ ਬਣ ਕੇ ਫ਼ਿਰ ਉਭਰ ਆਉਂਦੇ ਹਨ ਅਤੇ ਪੁਸ਼ਤੈਨੀ ਜੰਗਾਂ ਫ਼ਿਰ ਭੜਕ ਉਠਦੀਆਂ ਹਨ।
ਸਾਊਦੀ ਅਰਬ ਵਿੱਚ ਵੀ ਸਮਾਜਕ ਅਸਥਿਰਤਾ ਫ਼ੈਲਣ ਦਾ ਖ਼ਤਰਾ
ਤੇਲ ਦੀ ਕੀਮਤ 30 ਡੌਲਰ ਪ੍ਰਤੀ ਬੈਰਲ ਤੋਂ ਵੀ ਹੇਠਾਂ ਜਾਣ ਅਤੇ ਮਾਹਿਰਾਂ ਵਲੋਂ ਇਸ ਦੇ 10-15 ਡੌਲਰ ਪ੍ਰਤੀ ਬੈਰਲ ਤਕ ਹੇਠਾਂ ਡਿੱਗ ਜਾਣ ਦੀਆਂ ਕਿਆਸ ਆਰਾਈਆਂ ਕਾਰਨ, ਸਾਊਦੀ ਸਰਕਾਰ ਨੂੰ ਕਈ ਪਾਸਿਆਂ ਤੋਂ ਆਪਣੀ ਹੋਂਦ ਨੂੰ ਖ਼ਤਰਾ ਦਿਖਾਈ ਦੇ ਰਿਹੈ। ਉਸ ਨੂੰ ਸਭ ਤੋਂ ਪ੍ਰਤੱਖ ਖ਼ਤਰਾ ਤਾਂ ਹੈ ਆਪਣੇ ਤੇਲ ਦੀ ਦਰਾਮਦ ਦੀ 75 ਫ਼ੀਸਦੀ ਆਮਦਨ ਗੁਆਉਣ ਦਾ। ਇਸ ਕਾਰਨ ਸਾਊਦੀ ਸਰਕਾਰ ਨੂੰ 2016 ਲਈ ਇੱਕ ‘ਸੰਜਮੀ ਬਜਟ’ ਦਾ ਐਲਾਨ ਕਰਨਾ ਪੈਣੈ, ਭਾਵ ਸੋਸ਼ਲ ਸਰਵਿਸਿਜ਼ ਜਿਵੇਂ ਕਿ ਮੁਫ਼ਤ ਸਿਹਤ ਸੁਵਿਧਾਵਾਂ, ਸਸਤੀ ਗੈਸ, ਬਿਜਲੀ ਅਤੇ ਦੂਸਰੀਆਂ ਹੋਰ ਯੁਟਿਲੀਟੀਜ਼ ਵਿੱਚ ਸਬਸਿਡੀਜ਼ ਵਿੱਚ ਕਟੌਤੀ। ਸਾਊਦੀ ਅਰਬ ਇਸ ਵਕਤ ਇੱਕ ਡੂੰਘੇ ਪੁਸ਼ਤੈਨੀ ਸੰਕਟ ਵਿੱਚੋਂ ਲੰਘ ਰਿਹਾ ਹੈ ਅਤੇ ਉਸ ਦੀ ਆਖ਼ਰੀ ਪੁਸ਼ਤੈਨੀ ਜੰਗ 1925 ਵਿੱਚ ਉਸ ਵਕਤ ਆਪਣੇ ਸਿਖਰ ‘ਤੇ ਪੁੱਜੀ ਸੀ ਜਦੋਂ ਇਬਨ ਸੌਦ ਦੇ ਪਰਿਵਾਰ ਦੀ ਵਹਾਬੀ ਸਲਾਫ਼ਿਸਟਾਂ (ਓਸਾਮਾ-ਬਿਨ-ਲਾਦੇਨ ਸਟਾਇਲ ਦੇ ਇਸਲਾਮ ਦੇ ਪੈਰੋਕਾਰਾਂ) ‘ਤੇ ਜਿੱਤ ਹੋਈ। ਇਸ ਜੰਗ ਦਾ ਨਤੀਜਾ ਦੋਹਾਂ ਧਿਰਾਂ ਦਰਮਿਆਨ ਇੱਕ ਅਣਸੁਖਾਵਾਂ ਸ਼ਾਂਤੀ ਸਮਝੌਤਾ ਸੀ ਜਿਸ ਤਹਿਤ ਸੌਦ ਪਰਿਵਾਰ ਮੁਲਕ ‘ਤੇ ਹਕੂਮਤ ਕਰਨ ਲੱਗਾ, ਪਰ ਸਲਾਫ਼ਿਸਟ ਸੋਚ ਦੇ ਧਾਰਣੀ ਮੁੱਲ੍ਹਿਆਂ ਦਾ ਮੁਲਕ ਉੱਪਰ ਸਮਾਜਕ ਕੰਟਰੋਲ ਹੋ ਗਿਆ, ਜਿਸ ਵਿੱਚ ਤਾਲੀਮ ਤੇ ਮਜ਼੍ਹਬੀ ਪੁਲਿਸ ਵੀ ਸ਼ਾਮਿਲ ਸਨ। ਸਲਾਫ਼ਿਸਟ ਵਿਸ਼ਵਾਸ ਅਨੁਸਾਰ ਸੱਚਾ ਮੁਸਲਮਾਨ ਉਹੀ ਹੈ ਜਿਹੜਾ ਇਸਲਾਮ ਨੂੰ ਉਸ ਦੇ ਪ੍ਰਾਚੀਨ ਅਤੇ ਅਸਲੀ ਰੂਪ ਵਿੱਚ ਹੀ ਸਿਜਦਾ ਕਰੇ। ਸਲਾਫ਼ਿਸਟ ਇਸਲਾਮੀ ਸੋਚ ਵਿੱਚ ਸੁਧਾਰ ਜਾਂ ਵਜ਼ਾਹਤ ਦੀ ਹਰ ਗੱਲ ਨੂੰ ਕੁਫ਼ਰ ਕਹਿ ਕੇ ਨਕਾਰਦੇ ਹਨ। ਮਨੁੱਖੀ ਇਤਿਹਾਸ ਵਿੱਚ ਬਹੁਤ ਹੀ ਘੱਟ ਅਜਿਹਾ ਦੇਖਣ ਨੂੰ ਮਿਲਿਆ ਹੋਵੇਗਾ ਕਿ ਕੋਈ ਮੁਲਕ 60-70 ਸਾਲ ਬਿਨਾ ਕੋਈ ਪੁਸ਼ਤੈਨੀ ਜੰਗ ਨੂੰ ਦੁਹਰਾਏ ਕੱਢ ਦੇਵੇ, ਅਤੇ 1979 ਵਿੱਚ ਹਾਲਾਤ ਉਸ ਵਕਤ ਵੀ ਕਾਫ਼ੀ ਖ਼ਰਾਬ ਹੋ ਗਏ ਸਨ ਜਦੋਂ ਇੱਕ ਸਲਾਫ਼ਿਸਟ ਗੁੱਟ ਨੇ ਸਾਊਦੀ ਅਰਬ ਦੀ ‘ਵੱਡੀ ਮਸਜਿਦ’ ‘ਤੇ ਅਤਿਵਾਦੀ ਹਮਲਾ ਕਰ ਕੇ ਹਕੂਮਤ ਦੀਆਂ ਨੀਹਾਂ ਹਿਲਾ ਕੇ ਰੱਖ ਦਿੱਤੀਆਂ। ਉਸ ਅਤਿਵਾਦੀ ਹਮਲੇ ਨੇ ਉਹ ਲਾਂਬੂ ਲਗਾਇਆ ਜਿਸ ਨੇ ਬਾਅਦ ਵਿੱਚ 9/11 ਅਤੇ ਅੱਲ-ਕਾਇਦਾ ਨੂੰ ਜਨਮ ਦਿੱਤਾ ਅਤੇ, ਹਾਲ ਹੀ ਵਿੱਚ, ਤਥਾਕਥਿਤ ਇਸਲਾਮਿਕ ਸਟੇਟ ਜਾਂ ISIS ਨੂੰ ਵੀ।
1979 ਦਾ ਹਮਲਾ ਸ਼ਾਇਦ ਸਾਊਦੀ ਅਰਬ ਵਿੱਚ ਇੱਕ ਨਵੀਂ ਪੁਸ਼ਤੈਨੀ ਜੰਗ ਨੂੰ ਹਵਾ ਦੇਣ ਵਿੱਚ ਸਹਾਈ ਹੋ ਜਾਂਦਾ, ਪਰ ਸਾਊਦੀ ਹਕੂਮਤ ਸਲਾਫ਼ਿਸਟਾਂ ਦੇ ਖ਼ਤਰੇ ਨੂੰ ਉਸ ਵੇਲੇ ਤੋਂ ਲੈ ਕੇ ਹੁਣ ਤਕ ਆਪਣੇ ਤੇਲ ਦੇ ਵਿਸ਼ਾਲ ਭੰਡਾਰਾਂ ਦੇ ਸਿਰ ‘ਤੇ ਹੀ ਆਪਣੇ ਤਖ਼ਤ ਤੋਂ ਦੂਰ ਰੱਖਣ ਵਿੱਚ ਕਾਮਯਾਬ ਰਹੀ। ਸੌਦ ਪਰਿਵਾਰ ਆਪਣੇ ਖ਼ਿਲਾਫ਼ ਕਿਸੇ ਕਿਸਮ ਦੀ ਵੀ ਸਮਾਜਕ ਬਗ਼ਾਵਤ ਨੂੰ ਸਿਰ ਚੁੱਕਣ ਤੋਂ ਰੋਕਣ ਲਈ ਸਾਊਦੀ ਲੋਕਾਂ ਨੂੰ ਸਰਕਾਰੀ ਸਹੂਲਤਾਂ ਦੀ ਖ਼ੈਰਾਤ ਵੰਡਦਾ ਰਿਹੈ! ਪਰ ਹੁਣ, ਇਸ ਨਵੇਂ ‘ਸੰਜਮੀ ਬਜਟ’ ਨੂੰ ਮੁੱਦਾ ਬਣਾ ਕੇ ਸਲਾਫ਼ਿਸਟ ਸਾਊਦੀ ਸਰਕਾਰ ਲਈ ਇੱਕ ਵੱਡਾ ਖ਼ਤਰਾ ਬਣ ਰਹੇ ਹਨ। ਜਦੋਂ ਸਾਊਦੀ ਅਰਬ ਨੇ 47 ‘ਅਤਿਵਾਦੀਆਂ’ ਨੂੰ ਇਸ ਮਹੀਨੇ ਦੇ ਸ਼ੁਰੂ ਵਿੱਚ ਮੌਤ ਦੇ ਘਾਟ ਉਤਾਰਿਆ ਤਾਂ ਉੱਥੋਂ ਦੀ ਸਰਕਾਰ ਨੇ ਇਸ ਪਿੱਛੇ ਆਪਣੀ ਰੱਖਿਆ ਦੀ ਦੁਹਾਈ ਦਿੱਤੀ। ਇੱਕ ਸਰਕਾਰ ਪੱਖੀ ਮੌਲਵੀ ਨੇ ਟਵੀਟ ਵੀ ਕੀਤਾ: ਇਹ ਮੌਤ ਦੀਆਂ ਸਜ਼ਾਵਾਂ ਤਾਂ ਸਮੁੱਚੇ ਵਿਸ਼ਵ ਅਤੇ ਅਪਰਾਧੀਆਂ ਲਈ ਇੱਕ ਸੁਨੇਹਾ ਸੀ ਕਿ ਸਾਡੇ ਸਿਧਾਂਤਾਂ ਨਾਲ ਕਿਸੇ ਕਿਸ ਦਾ ਕੋਈ ਸਮਝੌਤਾ ਨਹੀਂ ਹੋਵੇਗਾ; ਸੁਰੱਖਿਆ ਵਿੱਚ ਵੀ ਕੋਈ ਢਿੱਲ-ਮੱਠ ਨਹੀਂ ਵਰਤੀ ਜਾਵੇਗੀ।” ਪਰ, ਉਨ੍ਹਾਂ ਮਾਰੇ ਗਏ 47 ਵਿੱਚੋਂ ਇੱਕ ਸੀ ਸ਼ੀਆ ਮੌਲਵੀ ਮੋਹੰਮਦ ਬਾਕੀਰ ਨਿਮਰ ਅੱਲ-ਨਿਮਰ ਅਤੇ ਉਸ ਦੀ ਹੱਤਿਆ ਕਾਰਨ ਸਾਰੇ ਇਰਾਨ ਵਿੱਚ ਗੁੱਸੇ ਦੀ ਲਹਿਰ ਦੌੜ ਗਈ, ਅਤੇ ਇਸ ਤੋਂ ਇਲਾਵਾ ਸਾਊਦੀ ਅਰਬ, ਬਹਿਰੀਨ ਤੇ ਪਾਕਿਸਤਾਨ ਵਿਚਲੇ ਸ਼ੀਆ ਮੁਸਲਾਮਾਨਾਂ ਨੇ ਵੀ ਨਿਮਰ ਅੱਲ-ਨਿਮਰ ਦੀ ਹੱਤਿਆ ਵਿਰੁੱਧ ਰੋਸ ਮੁਜ਼ਾਹਰੇ ਕੀਤੇ। ਫ਼ਿਰ ਜਦੋਂ ਇਰਾਨੀਅਨਾਂ ਨੇ ਤਿਹਰਾਨ ਸ਼ਹਿਰ ਵਿੱਚ ਸਥਿਤ ਸਾਊਦੀ ਅਰਬ ਦੀ ਅੰਬੈਸੀ ‘ਤੇ ਅਗਨ ਬੰਬ ਸੁੱਟ ਦਿੱਤੇ ਤਾਂ ਦੋਹਾਂ ਮੁਲਕਾਂ ਨੇ ਇੱਕ ਦੂਜੇ ਨਾਲ ਆਪਣੇ ਕੂਟਨੀਤਕ ਸਬੰਧ ਤੋੜ ਲਏ। ਸੋ ਅੱਜ ਸਾਊਦੀ ਹਕੂਮਤ ਨੂੰ ਮੁਲਕ ਵਿੱਚ ਸੁੰਨੀ ਸਲਾਫ਼ਿਸਟਾਂ ਅਤੇ ਸ਼ੀਆ ਮੁਸਲਮਾਨਾਂ ਤੋਂ ਬਰਾਬਰ ਦਾ ਖ਼ਤਰਾ ਬਣਿਆ ਹੋਇਐ।
ਸਾਊਦੀ ਅਰਬ ਦਾ ਨਵਾਂ ਰਾਜਾ, ਸਲਮਾਨ ਬਿਨ ਅਬਦੁਲਅਜ਼ੀਜ਼ ਅੱਲ ਸਾਊਦ, ਜਨਵਰੀ 2015 ਨੂੰ ਸੱਤਾ ਦੇ ਦਿਸਹੱਦੇ ‘ਤੇ ਉਭਰਿਆ ਸੀ, ਯਾਨੀ ਕਿ ਅੱਜ ਤੋਂ ਲਗਭਗ ਇੱਕ ਸਾਲ ਪਹਿਲਾਂ ਉਹ ਆਪਣੇ ਪਿਤਾ ਕਿੰਗ ਅਬਦੁਲਾਹ ਦੀ ਮੌਤ ਤੋਂ ਬਾਅਦ ਸੱਤਾ ‘ਤੇ ਕਾਬਜ਼ ਹੋਇਆ ਸੀ, ਅਤੇ ਹਾਲੇ ਤਕ ਉੱਥੇ ਸੱਤਾ ਸੰਘਰਸ਼ ਅਤੇ ਮੁਮਕਿਨ ਰਾਜ ਪਲਟੇ ਦੀਆਂ ਚਿੰਤਾਵਾਂ ਕਾਇਮ ਹਨ। ਇੱਕ ‘ਸਬਸਕ੍ਰਾਈਬਰ ਓਨਲੀ ਨਿਊਜ਼ਲੈਟਰ’, ਦੇਬਕਾ, ਦਾ ਕਹਿਣਾ ਹੈ ਕਿ ਸਾਊਦੀ ਅਰਬ ਵਿੱਚ ਰਾਜ ਪਲਟੇ ਦਾ ਖ਼ਤਰਾ ਸਲਮਾਨ ਦੀਆਂ ਨੀਤੀਆਂ ਦੇ ਨਿੱਤ ਵਧਦੇ ਵਿਰੋਧ ਕਾਰਨ ਵੀ ਹੈ। ਸਾਊਦੀ ਅਰਬ ਦੇ ਰੱਖਿਆ ਮੰਤਰੀ ਵਲੋਂ ਯਮਨ ਵਿੱਚ ਪਹਿਲਾਂ ਪ੍ਰੌਕਸੀ ਰਾਹੀਂ ਤੇ ਫ਼ਿਰ ਸਿੱਧੀ ਫ਼ੌਜੀ ਮੁਦਾਖ਼ਲਤ ਨਾਲ ਸ਼ੁਰੂ ਕੀਤੀ ਗਈ ਲੜਾਈ ਹੁਣ ਖੜੋਤ ਵਾਲੀ ਸਥਿਤੀ ਵਿੱਚ ਪਹੁੰਚ ਚੁੱਕੀ ਹੈ। ਉੱਥੇ ਜਿੱਤ ਹਾਸਿਲ ਕਰਨ ਵਿੱਚ ਨਾਕਾਮੀ ਨੇ ਕਿੰਗ ਸਲਮਾਨ ਦੀ ਸਥਿਤੀ ਕਾਫ਼ੀ ਕਮਜ਼ੋਰ ਕਰ ਦਿੱਤੀ ਹੈ। ਯਮਨ ਜੰਗ ਵਿੱਚ ਸਾਊਦੀ ਖ਼ਜ਼ਾਨੇ ਨੂੰ ਇੱਕ ਬਿਲੀਅਨ ਡੌਲਰ ਸਾਲਾਨਾ ਦੀ ਚੱਟੀ ਪੈ ਰਹੀ ਹੈ ਜੋ ਕਿ ਰੂਸ ਦੀ ਸੀਰੀਆ ਵਿੱਚ ਮੁਦਾਖ਼ਲਤ ਦਾ ਪੂਰੇ ਇੱਕ ਸਾਲ ਦਾ ਖ਼ਰਚਾ ਹੈ। ਤੇਲ ਦੀਆਂ ਕੀਮਤਾਂ /30 ਬੈਰਲ ਤੋਂ ਵੀ ਹੇਠਾਂ ਡਿੱਗਣ ਨਾਲ, ਰਿਆਧ ਨੂੰ ਆਪਣੇ ਖ਼ਜ਼ਾਨਿਆਂ ਵਿੱਚ ਥੋੜ੍ਹਾ ਹੋਰ ਡੂੰਘਾ ਲੱਥ ਕੇ ਮਾਇਆ ਕੱਢਣੀ ਪੈ ਰਹੀ ਹੈ। 2015 ਵਿੱਚ, ਸਾਊਦੀਆਂ ਨੇ 90-98 ਬਿਲੀਅਨ ਡੌਲਰ ਕੱਢੇ ਸਨ, ਅਤੇ ਹੁਣ ਤਕ ਕੱਢੀ ਗਈ ਕੁੱਲ ਰਕਮ 600 ਬਿਲੀਅਨ ਡੌਲਰ ਦੇ ਕਰੀਬ ਹੋ ਚੁੱਕੀ ਹੈ। ਤੇਲ ਦੀ ਸਲਤਨਤ ਸਾਊਦੀ ਅਰਬ, ਜਿਸ ਕੋਲ ਸੈਂਟ ਗਿਣਨ ਦਾ ਕੋਈ ਤਜਰਬਾ ਹੀ ਨਹੀਂ, ਆਪਣੀ ਨਵੀਂ ਆਰਥਿਕ ਸਥਿਤੀ ਦੇਖ ਕੇ ਬਹੁਤ ਮਾਯੂਸ ਹੋਈ ਫ਼ਿਰਦੀ ਐ!
ਹੁਣ ਕਿੰਗ ਸਲਮਾਨ ਇੱਕ ਸੰਕਟ ਯੋਜਨਾ ਵੀ ਤਿਆਰ ਕਰ ਰਿਹਾ ਹੈ ਜਿਸ ਤਹਿਤ ਉਹ ਅਰੈਮਕੋ – ਜੋ ਕਿ ਸਾਊਦੀ ਰਾਸ਼ਟਰ ਦੀ ਮਲਕੀਅਤ, ਵਿਸ਼ਵ ਦੀ ਸਭ ਤੋਂ ਵੱਡੀ ਤੇਲ ਨਿਰਮਾਤਾ ਅਤੇ ਸਭ ਤੋਂ ਮਹਿੰਗੀ ਕੰਪਨੀ ਹੈ – ਵਿੱਚੋਂ ਆਪਣਾ 5 ਪ੍ਰਤੀਸ਼ਤ ਸਟੌਕ ਕੱਢ ਰਿਹਾ ਹੈ। ਸ਼ਾਹੀ ਘਰਾਣੇ ਨੇ ਹਾਲੇ ਇਹ ਫ਼ੈਸਲਾ ਕਰਨਾ ਹੈ ਕਿ ਉਹ ਇਸ ਵਿੱਚੋਂ ਕੱਢੇ ਗਏ ਆਪਣੇ ਇਹ ਸ਼ੇਅਰ ਸਿਰਫ਼ ਸਾਊਦੀਆਂ ਨੂੰ ਹੀ ਵੇਚੇਗਾ ਜਾਂ ਫ਼ਿਰ ਵਿਦੇਸ਼ੀ ਨਿਵੇਸ਼ਕ ਵੀ ਉਨ੍ਹਾਂ ਨੂੰ ਖ਼ਰੀਦ ਸਕਣਗੇ। ਸ਼ਾਹੀ ਮਲਕੀਅਤ ਵਾਲੀਆਂ ਕੁਝ ਜ਼ਮੀਨਾਂ ਨੂੰ ਵੇਚਣਾ ਵੀ ਵਿਚਾਰ ਅਧੀਨ ਹੈ। ਸੁੰਨੀ ਅਤਿਵਾਦੀ ਸੰਗਠਨ ਇਸਲਾਮਿਕ ਸਟੇਟ ਸਾਊਦੀ ਸਲਤਨਤ ਦੀ ਸੁਰੱਖਿਆ ਲਈ ਇੱਕ ਵੱਡਾ ਖ਼ਤਰਾ ਹੈ, ਅੰਦਰੂਨੀ ਤੌਰ ‘ਤੇ ਬਦਜ਼ਨ ਹੋਏ ਸਾਊਦੀ ਨੌਜਵਾਨਾਂ ਤੋਂ ਅਤੇ ਬਾਹਰੋਂ ਇਰਾਕ ਤੇ ਯਮਨ ਤੋਂ। ਜਿਵੇਂ ਜਿਵੇਂ ਖਿੱਤੇ ਵਿੱਚ ਸ਼ੀਆ-ਸੁੰਨੀ ਮੁਕਾਬਲੇਬਾਜ਼ੀ ਭੱਖ ਰਹੀ ਹੈ, ਰਿਆਧ ਨੂੰ ਵਿਸ਼ਵ ਦੀਆਂ ਦੋ ਵੱਡੀਆਂ ਸ਼ਕਤੀਆਂ ਦਾ ਝੁਕਾਅ ਵੀ ਇਰਾਨ, ਇਰਾਕ, ਸੀਰੀਆ ਅਤੇ ਹਿਜ਼ਬੁਲਾਹ ਦੇ ਸ਼ੀਆ ਬਲੌਕ ਵੱਲ ਝੁੱਕਿਆ ਹੋਇਆ ਲੱਗ ਰਿਹੈ ਅਤੇ ਉਨ੍ਹਾਂ ਦੇ ਮੁਕਾਬਲੇ ਵਿੱਚ ਹੋਵੇਗੀ ਸਾਊਦੀ ਅਰਬ ਦੀ ਪ੍ਰਧਾਨਗੀ ਵਾਲੀ ‘ਸੁੰਨੀ ਟੀਮ’ ਜਿਸ ਵਿੱਚ ਸੰਯੁਕਤ ਰਾਜ ਅਮੀਰਾਤ, ਮਿਸਰ, ਤੁਰਕੀ ਅਤੇ ਪਾਕਿਸਤਾਨ ਸ਼ਾਮਿਲ ਹੋਣਗੇ। ਅਤੇ ਇਸ ਧਿਰ ਦੇ ਨਾਲ ਹੋਵੇਗੀ ਵਿਸ਼ਵ ਦੀ ਤੀਸਰੀ ਵੱਡੀ ਸ਼ਕਤੀ ਚੀਨ ਜਿਸ ਦਾ ਜ਼ਿਕਰ ਮੈਂ ਇਸ ਆਰਟੀਕਲ ਦੇ ਸ਼ੁਰੂ ਵਿੱਚ ਕੀਤਾ ਸੀ। ਮੇਰੀ ਇਸ ਹਫ਼ਤੇ ਦੀ ਅਜੀਤ ਵੀਕਲੀ ਵਿੱਚ ਭਵਿੱਖਬਾਣੀ ਇਹ ਹੈ ਕਿ ਆਉਣ ਵਾਲੇ ਕੁਝ ਮਹੀਨਿਆਂ ਜਾਂ ਸਾਲਾਂ ਵਿੱਚ ਚੀਨ ਉਸੇ ਪਾਸੇ ਹੋਵੇਗਾ ਜਿਸ ਪਾਸੇ ਪਾਕਿਸਤਾਨ ਤੇ ਸਾਊਦੀ ਅਰਬ ਹੋਣਗੇ।
ਪਾਕਿਸਤਾਨ ਸਾਊਦੀ ਅਰਬ ਤੇ ਇਰਾਨ ਦਰਮਿਆਨ ਮੱਧਵਰਤੀ ਦੀ ਭੂਮਿਕਾ ਨਿਭਾਏਗਾ
ਸ਼ਨੀਵਾਰ ਦੇ ਇਸ ਐਲਾਨ ਤੋਂ ਬਾਅਦ ਕਿ ਇਰਾਨ ਖ਼ਿਲਾਫ਼ ਪਾਬੰਦੀਆਂ ਉਠਾਈਆਂ ਜਾ ਰਹੀਆਂ ਹਨ, ਸਾਊਦੀ ਅਰਬ ਤੇ ਇਰਾਨ ਦਰਮਿਆਨ ਤਨਾਅ ਲਗਾਤਾਰ ਵੱਧ ਰਿਹੈ। ਇਹ ਤਨਾਅ ਇਸ ਮਹੀਨੇ ਦੇ ਸ਼ੁਰੂ ਵਿੱਚ ਉਸ ਵਕਤ ਲੜਾਈ ਵਿੱਚ ਬਦਲ ਗਿਆ ਸੀ ਜਦੋਂ ਸਾਊਦੀ ਅਰਬ ਨੇ 47 ਅਤਿਵਾਦੀਆਂ ਨੂੰ ਫ਼ਾਹੇ ਲਗਾਇਆ ਜਿਨ੍ਹਾਂ ਵਿੱਚ 46 ਸੁੰਨੀ ਅਤੇ ਇੱਕ ਸ਼ੀਆ ਮੁਸਲਮਾਨ, ਮੋਹੰਮਦ ਬਾਕੀਰ ਨਿਮਰ ਅੱਲ-ਨਿਮਰ, ਸੀ ਜਿਸ ਕਾਰਨ ਇਰਾਨ ਅਤੇ ਵਿਸ਼ਵ ਭਰ ਦੇ ਸ਼ੀਆ ਗੁੱਸੇ ਵਿੱਚ ਆ ਗਏ ਕਿਉਂਕਿ ਇਸ ਦਾ ਅਰਥ ਸੀ ਕਿ ਸਾਊਦੀ ਅਰਬ (ਜੋ ਕਿ ਖ਼ੁਦ ਵੀ ਇੱਕ ਸੁੰਨੀ ਮੁਲਕ ਪਰ ਰਜਵਾੜਾਸ਼ਾਹੀ ਹੈ) ਇਸਲਾਮਿਕ ਸਟੇਟ ਦੇ ‘ਸੁੰਨੀ ਅਤਿਵਾਦ’ ਤੇ ਸ਼ੀਆ ਘੱਟਗਿਣਤੀ ਦੇ ਵਿਰੋਧ ਨੂੰ ਇੱਕੋ ਤਰਾਜ਼ੂ ਵਿੱਚ ਤੋਲਦਾ ਹੈ। ਗੁੱਸਾਏ ਇਰਾਨੀ ਹਜੂਮਾਂ ਨੇ ਤਿਹਰਾਨ ਵਿੱਚ ਸਥਿਤ ਸਾਊਦੀ ਅੰਬੈਸੀ ਉੱਪਰ ਅਗਨ ਬੰਬ ਸੁੱਟੇ ਅਤੇ ਇੱਕ ਹੋਰ ਵੱਡੇ ਸ਼ਹਿਰ ਮੇਸ਼ਾਦ ਵਿੱਚ ਸਾਊਦੀ ਕਾਊਂਸਲੇਟ ‘ਤੇ ਹਮਲਾ ਕੀਤਾ। ਇਸ ਕਾਰਨ ਸਾਊਦੀ ਅਰਬ ਦੇ ਕਈ ਮਿੱਤਰ ਰਾਸ਼ਟਰਾਂ ਨੇ ਇਰਾਨ ਨਾਲ ਆਪਣੇ ਸਾਰੇ ਕੂਟਨੀਤਕ ਤੇ ਵਪਾਰਕ ਸਬੰਧ ਤੋੜਨ ਦਾ ਐਲਾਨ ਕਰ ਦਿੱਤਾ। ਪਾਬੰਦੀਆਂ ਹੱਟ ਚੁੱਕੀਆਂ ਹੋਣ ਕਾਰਨ ਹੁਣ ਇਰਾਨ ਮਾਰਕਿਟ ਵਿੱਚ ਤੇਲ ਦਾ ਹੜ੍ਹ ਲਿਆਉਣ ਦੀ ਯੋਜਨਾ ਬਣਾ ਰਿਹੈ। ਹੁਣ ਤੇਲ ਦੀ ਕੀਮਤ 30 ਡੌਲਰ ਪ੍ਰਤੀ ਬੈਰਲ ਤੋਂ ਵੀ ਘੱਟ ‘ਤੇ ਡਿੱਗਣ ਦਾ ਦੋਸ਼ ਦੋਹੇਂ ਮੁਲਕ, ਇਰਾਨ ਤੇ ਸਾਊਦੀ ਅਰਬ, ਇੱਕ ਦੂਜੇ ਦੇ ਸਿਰ ਮੜ੍ਹ ਰਹੇ ਹਨ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਤੇ ਉਸ ਦੇ ‘ਚੀਫ਼ ਔਫ਼ ਆਰਮੀ ਸਟਾਫ਼’ ਜਨਰਲ ਰਾਹੀਲ ਸ਼ਰੀਫ਼ ਅੱਜ ਕੱਲ੍ਹ ਇਰਾਨ ਤੇ ਸਾਊਦੀ ਅਰਬ ਦੀ ਸ਼ਾਂਤੀ ਫ਼ੇਰੀ ‘ਤੇ ਹਨ ਜਿੱਥੇ ਉਹ ਦੋਹਾਂ ਨੂੰ ਸਮਝਾਉਣ ਗਏ ਹਨ ਕਿ ਮੁਸਲਮਾਨ ਸ਼ਕਤੀਆਂ ਨੂੰ ਇੱਕਜੁੱਟ ਹੋਣਾ ਚਾਹੀਦੈ ਅਤੇ ਆਪਸ ਵਿੱਚ ਲੜਨਾ ਨਹੀਂ ਚਾਹੀਦਾ। ਦਰਅਸਲ, ਪਾਕਿਸਤਾਨ, ਸਾਊਦੀ ਅਰਬ ਦਾ ਹਰ ਪੱਖੋਂ ਬੁਰੀ ਤਰ੍ਹਾਂ ਕਰਜ਼ਈ ਹੈ, ਪਰ ਉਹ ਇਸ ਵਕਤ ਕਿਸੇ ਕਿਸਮ ਦੇ ਪੰਗੇ ਵਿੱਚ ਨਹੀਂ ਪੈਣਾ ਚਾਹੁੰਦਾ ਅਤੇ ਸਾਊਦੀ-ਇਰਾਕ ਪੰਗੇ ਵਿੱਚ ਤਾਂ ਬਿਲਕੁਲ ਵੀ ਨਹੀਂ। ਪਾਕਿਸਤਾਨ ਦੀ ਦੋਹਾਂ ਨਾਲ ਪੁਰਾਣੀ ਸਾਂਝ ਹੈ।
ਪਾਕਿਸਤਾਨੀ ਅਧਿਕਾਰੀਆਂ ਅਨੁਸਾਰ, ”ਪਾਕਿਸਤਾਨੀ ਸਰਕਾਰ ਸਾਊਦੀ ਅਰਬ ਦੀ ਸਲਤਨਤ ਅਤੇ ਇਸਲਾਮਿਕ ਰੀਪਬਲਿਕ ਔਫ਼ ਇਰਾਨ ਦਰਮਿਆਨ ਉਠੇ ਹਾਲੀਆ ਵਿਵਾਦ ਤੋਂ ਕਾਫ਼ੀ ਚਿੰਤਤ ਹੈ। … ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੀ ਇਸ ਫ਼ੇਰੀ ਦਾ ਮਕਸਦ ਗੱਲਬਾਤ ਕਰ ਕੇ ਦੋਹਾਂ ਮੁਲਕਾਂ ਦੀਆਂ ਆਪਸੀ ਗ਼ਲਤਫ਼ਹਿਮੀਆਂ ਨੂੰ ਦੂਰ ਅਤੇ ਖ਼ਾਨਾਜੰਗੀ ਵਾਲੀ ਹਾਲਤ ਨੂੰ ਖ਼ਤਮ ਕਰਨਾ ਹੈ।” ਪਾਕਿਸਤਾਨ ਪ੍ਰਮੁੱਖ ਤੌਰ ‘ਤੇ ਇੱਕ ਸੁੰਨੀ ਮੁਲਕ ਹੈ ਅਤੇ ਉਸ ਦੇ ਸਾਊਦੀ ਅਰਬ ਨਾਲ ਬਹੁਤ ਨੇੜਲੇ ਰਿਸ਼ਤੇ ਹਨ, ਅਤੇ ਇਸ ਕੁਰਬਤ ਤਹਿਤ ਲੋੜ ਪੈਣ ‘ਤੇ ਸਾਊਦੀ ਅਰਬ ਨੂੰ ਪਾਕਿਸਤਾਨ ਵਲੋਂ ਫ਼ੌਜੀ ਇਮਦਾਦ ਦੇਣਾ ਵੀ ਸ਼ਾਮਿਲ ਹੈ। ਪਾਕਿਸਤਾਨ ਨੇ ਸਾਊਦੀ ਅਰਬ ਨੂੰ ਇਰਾਨ ਦੀ ਨਿਊਕਲੀਅਰ ਤਾਕਤ ਦਾ ਮੁਕਾਬਲਾ ਕਰਨ ਲਈ ਨਿਊਕਲੀਆਈ ਤਕਨੀਕ ਮੁਹੱਈਆ ਕਰਾਉਣ ਦਾ ਵੀ ਵਾਅਦਾ ਕੀਤਾ ਹੋਇਐ।
ਕਿਸੇ ਵੀ ਮਾਹਿਰ ਨੂੰ ਇਸ ਗੱਲ ਦਾ ਪੱਕਾ ਯਕੀਨ ਨਹੀਂ ਕਿ ਪਾਕਿਸਤਾਨ ਇਨ੍ਹਾਂ ਦੋਹਾਂ ਮੁਲਕਾਂ ਦਰਮਿਆਨ ਸਮਝੌਤਾ ਕਰਾਉਣ ਵਿੱਚ ਸਫ਼ਲ ਹੋ ਜਾਵੇਗਾ। ਇਰਾਕ ਪਾਕਿਸਤਾਨ ਨੂੰ ਸਾਊਦੀ ਅਰਬ ਦੇ ਵਧੇਰੇ ਨਜ਼ਦੀਕ ਵੀ ਸਮਝ ਸਕਦੈ, ਪਰ ਪਾਕਿਸਤਾਨ ਇੱਥੇ ਉਸ ਨੂੰ ਇਹ ਦਲੀਲ ਦੇ ਸਕਦੈ ਕਿ ਉਸ ਨੇ ਹਾਲ ਹੀ ਵਿੱਚ ਸਾਊਦੀ ਅਰਬ ਨੂੰ ਯਮਨ ਜੰਗ ਵਿੱਚ ਪ੍ਰੌਕਸੀ ਲਈ ਆਪਣੀ ਫ਼ੌਜ ਦੇਣ ਤੋਂ ਇਨਕਾਰ ਵੀ ਤਾਂ ਕਰ ਦਿੱਤਾ ਸੀ। ਪਾਕਿਸਤਾਨ ਨੇ ਉਸ ਜੰਗ ਵਿੱਚ ਸਾਊਦੀ ਅਰਬ ਦੀ ਕੇਵਲ ਕੂਟਨੀਤਕ ਮਦਦ ਹੀ ਕੀਤੀ ਹੈ ਜਿਸ ਕਾਰਨ ਸਾਊਦੀ ਉਸ ਤੋਂ ਨਾਰਾਜ਼ ਵੀ ਹਨ। ਸਾਊਦੀ ਅਰਬ ਦਾ ਰੱਖਿਆ ਮੰਤਰੀ ਪਿੱਛਲੇ ਸਾਲ ਨਵਾਜ਼ ਨੂੰ ਉਚੇਚਾ ਇਸ ਫ਼ੌਜੀ ਮਦਦ ਲਈ ਹੀ ਮਿਲਣ ਗਿਆ ਸੀ, ਪਰ ਉਹ ਇਹ ਮਦਦ ਹਾਸਿਲ ਕਰਨ ਵਿੱਚ ਨਾਕਾਮ ਰਿਹਾ। ਚੇਤੇ ਰਹੇ ਕਿ ਯਮਨ ਜੰਗ ਵਿੱਚ ਸੁੰਨੀ ਯਮਨੀ ਹਕੂਮਤ ਖ਼ਿਲਾਫ਼ ਹੂਥੀ ਸ਼ੀਆ ਬਾਗ਼ੀਆਂ ਦੀ ਹਮਾਇਤ ਇਰਾਨ ਹੀ ਕਰਦਾ ਹੈ। ਇੱਕ ਪਾਕਿਸਤਾਨੀ ਅਧਿਕਾਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਵਿੱਚ ਕਿਹਾ: ”ਸਾਡੀ ਨੀਤੀ ਸਪੱਸ਼ਟ ਹੈ। ਅਸੀਂ ਇਨ੍ਹਾਂ ਦੋ ਮੁਸਲਮਾਨ ਮੁਲਕਾਂ ਦਰਮਿਆਨ ਉਠੇ ਕਿਸੇ ਵੀ ਵਿਵਾਦ ਨੂੰ ਸੁਲਝਾਣ ਵੇਲੇ ਬਿਲਕੁਲ ਨਿਰਪੱਖ ਰਹਾਂਗੇ। ਹਾਲਾਂਕਿ ਅਸੀਂ ਇਰਾਨ ਦੀ ਸਾਊਦੀ ਅਰਬ ਦੇ ਅੰਦਰੂਨੀ ਮਾਮਲਿਆਂ ਵਿੱਚ ਦਖ਼ਲਅੰਦਾਜ਼ੀ ਦੀ ਨਿਖੇਧੀ ਕਰਦੇ ਹਾਂ, ਜਿਸ ਵਿੱਚ ਸ਼ੇਖ਼ ਨਿਮਰ ਬਾਕੀਰ ਅੱਲ-ਨਿਮਰ ਦੀ ਮੌਤ ਦੀ ਸਜ਼ਾ ਪ੍ਰਤੀ ਉਸ ਦਾ ਪ੍ਰਤੀਕਰਮ ਵੀ ਸ਼ਾਮਿਲ ਹੈ, ਫ਼ਿਰ ਵੀ ਅਸੀਂ ਇਸ ਖਿੱਤੇ ਵਿੱਚ ਕਿਸੇ ਵੀ ਮੁਲਕ ਦੇ ਖ਼ਿਲਾਫ਼ ਜਾਂ ਹੱਕ ਵਿੱਚ ਕੋਈ ਫ਼ੌਜੀ ਦਖ਼ਲ ਨਹੀਂ ਦੇਵਾਂਗੇ।” ਇਹ ਠੀਕ ਹੈ ਕਿ ਆਖ਼ਰੀ ਖ਼ਬਰਾਂ ਆਉਣ ਤਕ ਦੋਹੇਂ ਪਾਕਿਸਤਾਨੀ ਸ਼ਰੀਫ਼ ਬਿਰਾਦਰ ਸਾਊਦੀ ਅਰਬ ਅਤੇ ਇਰਾਨ ਦਾ ਇੱਕ ਸਫ਼ਲ ਗੇੜਾ ਮਾਰ ਆਏ ਸਨ, ਪਰ ਮੈਨੂੰ ਕੋਈ ਉਮੀਦ ਨਹੀਂ ਕਿ ਇਨ੍ਹਾਂ ਦੋਹਾਂ ਮੁਲਕਾਂ ਦਰਮਿਆਨ ਸਬੰਧ ਆਮ ਵਰਗੇ ਕੀਤੇ ਜਾ ਸਕਦੇ ਹਨ ਜਾਂ ਇਨ੍ਹਾਂ ਦਰਮਿਆਨ ਪਨਪ ਰਹੀ ਖ਼ਾਨਾਜੰਗੀ ਖ਼ਤਮ ਕੀਤੀ ਜਾ ਸਕਦੀ ਹੈ।