ਕੈਟਰੀਨਾ ਕਾਰਨ ਨਹੀਂ ਮਿਲੀ ਜੈਕਲੀਨ ਨੂੰ ਭਾਰਤ

ਜਦੋਂ ਤੋਂ ਪ੍ਰਿਅੰਕਾ ਚੋਪੜਾ ਨੇ ਫ਼ਿਲਮ ਭਾਰਤ ਛੱਡੀ ਹੈ ਓਦੋਂ ਤੋਂ ਫ਼ਿਲਮ ਹੋਰ ਵੀ ਚਰਚਾ ‘ਚ ਆ ਗਈ ਹੈ। ਫ਼ਿਲਮ ‘ਚ ਹੁਣ ਸਲਮਾਨ ਖ਼ਾਨ ਨਾਲ ਕੈਟਰੀਨਾ ਕੈਫ਼ ਨੂੰ ਲਿਆ ਗਿਆ ਹੈ। ਇਹ ਦੋਵੇਂ ਟਾਈਗਰ ਜ਼ਿੰਦਾ ਹੈ ਤੋਂ ਬਾਅਦ ਹੁਣ ਫ਼ਿਰ ਵੱਡੇ ਪਰਦੇ ‘ਤੇ ਇਕੱਠੇ ਨਜ਼ਰ ਆਉਣਗੇ। ਇਸ ਫ਼ਿਲਮ ਤੋਂ ਪਹਿਲਾਂ ਸਲਮਾਨ ਅਤੇ ਕੈਟਰੀਨਾ ਦਬੰਗ ਟੂਰ ‘ਚ ਵੀ ਇਕੱਠੇ ਸਨ। ਇਨ੍ਹਾਂ ਨਾਲ ਜੈਕਲੀਨ ਫ਼ਰਨਾਂਡੀਜ਼, ਡੇਜ਼ੀ ਸ਼ਾਹ, ਮਨੀਸ਼ ਪਾਲ, ਸੋਨਾਕਸ਼ੀ ਸਿਨਹਾ, ਆਦਿ ਕਈ ਸਿਤਾਰੇ ਇਸ ਟੂਰ ‘ਚ ਸ਼ਾਮਿਲ ਹੋਏ ਸਨ। ਓਦੋਂ ਖ਼ਬਰ ਆਈ ਸੀ ਕਿ ਜੈਕਲੀਨ ਅਤੇ ਕੈਟਰੀਨਾ ਦੀ ਆਪਸ ‘ਚ ਬਣਦੀ ਨਹੀਂ। ਹੁਣ ਇੱਕ ਵਾਰ ਫ਼ਿਰ ਜਾਣਕਾਰੀ ਮਿਲੀ ਹੈ ਕਿ ਫ਼ਿਲਮ ਭਾਰਤ ਵਿੱਚ ਜੈਕਲੀਨ ਨੂੰ ਕੈਟਰੀਨਾ ਦੀ ਵਜ੍ਹਾ ਤੋਂ ਜਗ੍ਹਾ ਨਹੀਂ ਮਿਲੀ।
ਸਲਮਾਨ ਨੇ ਚੁਣੀ ਕੈਟਰੀਨਾ
ਸੂਤਰਾਂ ਮੁਤਾਬਿਕ, ਜਿਵੇਂ ਹੀ ਜੈਕਲੀਨ ਨੂੰ ਪਤਾ ਲੱਗਾ ਕਿ ਅਦਾਕਾਰਾ ਪ੍ਰਿਅੰਕਾ ਚੋਪੜਾ ਫ਼ਿਲਮ ਭਾਰਤ ਤੋਂ ਬਾਹਰ ਹੋ ਗਈ ਹੈ ਉਸ ਨੇ ਫ਼ਿਲਮ ਲਈ ਅਲੀ ਅੱਬਾਸ ਅਤੇ ਸਲਮਾਨ ਖ਼ਾਨ ਦੇ ਸਾਹਮਣੇ ਆਉਣ ਦੀ ਕੋਸ਼ਿਸ਼ ਕੀਤੀ। ਉਸ ਨੇ ਆਪਣੇ ਕੁੱਝ ਲੋਕ ਉਨ੍ਹਾਂ ਦੋਹਾਂ ਕੋਲ ਵੀ ਭੇਜੇ, ਪਰ ਜਦੋਂ ਇਹ ਵੀ ਕੰਮ ਨਹੀਂ ਬਣਿਆ ਤਾਂ ਜੈਕਲੀਨ ਖ਼ੁਦ ਸਲਮਾਨ ਨੂੰ ਮਿਲਣ ਪਹੁੰਚੀ ਅਤੇ ਫ਼ਿਲਮ ਦੀ ਗੱਲ ਕੀਤੀ। ਸੂਤਰਾਂ ਨੇ ਅੱਗੇ ਦੱਸਿਆ ਕਿ ਇਸ ਦੇ ਬਾਵਜੂਦ ਜੈਕਲੀਨ ਨੂੰ ਫ਼ਾਈਦਾ ਨਹੀਂ ਹੋਇਆ। ਸਲਮਾਨ ਖ਼ਾਨ ਨੇ ਜੈਕਲੀਨ ਦੀ ਗੱਲ ਨੂੰ ਨਜ਼ਰਅੰਦਾਜ਼ ਕਰ ਦਿੱਤਾ। ਫ਼ਿਲਮ ਰੇਸ-3 ‘ਚ ਇਨ੍ਹਾਂ ਦੋਵਾਂ ਨੇ ਇਕੱਠੇ ਕੰਮ ਕੀਤਾ ਸੀ। ਹੁਣ ਇਹ ਦੋਵੇਂ ਕਿਕ-2 ‘ਚ ਵੀ ਨਜ਼ਰ ਆਉਣ ਵਾਲੇ ਹਨ। ਅਜਿਹੇ ‘ਚ ਸਲਮਾਨ ਬਾਰ-ਬਾਰ ਦਰਸ਼ਕਾਂ ਨੂੰ ਇਕੋਂ ਜੋੜੀ ਨਹੀਂ ਵਿਖਾਉਣਾ ਚਾਹੁੰਦਾ ਸੀ। ਇਸ ਜੋੜੀ ਨੂੰ ਇੱਕ ਬ੍ਰੇਕ ਦੀ ਜ਼ਰੂਰਤ ਸੀ ਜੋ ਸਲਮਾਨ ਨੇ ਵੀ ਮਹਿਸੂਸ ਕੀਤੀ। ਇਸ ਤੋਂ ਇਲਾਵਾ ਭਾਰਤ ਲਈ ਸਲਮਾਨ ਦੇ ਮਨ ‘ਚ ਪਹਿਲਾਂ ਤੋਂ ਹੀ ਕੈਟਰੀਨਾ ਕੈਫ਼ ਚੱਲ ਰਹੀ ਸੀ। ਹੁਣ ਮੰਨਿਆ ਤਾਂ ਇਹੀ ਜਾਵੇਗਾ ਕਿ ਫ਼ਿਲਮ ‘ਚ ਕੈਟਰੀਨਾ ਦੀ ਵਜ੍ਹਾ ਕਾਰਨ ਜੈਕਲੀਨ ਨੂੰ ਮੌਕਾ ਨਹੀਂ ਮਿਲਿਆ। ਜਲਦ ਹੀ ਕੈਟਰੀਨਾ ਇਸ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਕਰੇਗੀ।