ਹਾਲ ਹੀ ‘ਚ ਜਾਣਕਾਰੀ ਸਾਹਮਣੇ ਆਈ ਸੀ ਕਿ ਬੌਲੀਵੁੱਡ ਦੇ ਦਬੰਗ ਜਾਣੀ ਸਲਮਾਨ ਖ਼ਾਨ ਦੀਆਂ ਅਗਲੀਆਂ ਫ਼ਿਲਮਾਂ ‘ਚ ਇੱਕ ਫ਼ਿਲਮ ਧੂਮ 4 ਵੀ ਸ਼ਾਮਿਲ ਹੋਵੇਗੀ। ਜੋ ਜਾਣਕਾਰੀ ਹੁਣ ਸਾਹਮਣੇ ਆਈ ਹੈ, ਉਸ ਵਿੱਚ ਕਿਹਾ ਜਾ ਰਿਹਾ ਹੈ ਕਿ ਸਲਮਾਨ ਨੇ ਇਸ ਫ਼ਿਲਮ ਨੂੰ ਇਨਕਾਰ ਕਰ ਦਿੱਤਾ ਹੈ। ਕਿਹਾ ਜਾ ਰਿਹਾ ਹੈ ਕਿ ਧੂਮ-4 ‘ਚ ਅਭਿਸ਼ੇਕ ਬੱਚਨ ਹੋਣ ਦੀ ਵਜ੍ਹਾ ਕਾਰਨ ਸਲਮਾਨ ਖ਼ਾਨ ਨੇ ਇਸ ਵੱਡੀ ਫ਼ਿਲਮ ਨੂੰ ਕਰਨ ਤੋਂ ਨਾਹ ਆਖ ਦਿੱਤੀ ਹੈ। ਹਾਲਾਂਕਿ ਇਸ ਦੇ ਨਾਲ ਹੀ ਚੰਗੀ ਖ਼ਬਰ ਇਹ ਹੈ ਕਿ ਹੁਣ ਫ਼ਿਲਮ ‘ਚ ਕਿੰਗ ਖ਼ਾਨ ਜਾਣੀ ਸ਼ਾਹਰੁਖ਼ ਖ਼ਾਨ ਨਜ਼ਰ ਆ ਸਕਦੇ ਹਨ। ਧੂਮ 4 ਅਜਿਹੀ ਫ਼ਿਲਮ ਹੈ ਜਿਸ ‘ਚ ਖਲਨਾਇਕ ਯਾਣੀ ਚੋਰ ਹੀ ਮੁੱਖ ਹੀਰੋ ਹੁੰਦਾ ਹੈ। ਇਸ ‘ਚ ਜੌਹਨ ਐਬਰਾਹਮ, ਰਿਤਿਕ ਰੌਸ਼ਨ, ਆਮਿਰ ਖ਼ਾਨ ਜਿਹੇ ਬੌਲੀਵੁੱਡ ਸਟਾਰ ਅਦਾਕਾਰ ਚੋਰ ਬਣ ਚੁੱਕੇ ਹਨ ਅਤੇ ਹੁਣ ਵਾਰੀ ਹੈ ਸ਼ਾਹਰੁਖ਼ ਖ਼ਾਨ ਦੀ। ਸ਼ਾਹਰੁਖ਼ ਭਾਵੇਂ ਅਜੇ ਰੋਮੈਂਟਕ ਅਤੇ ਸਾਈਲੈਂਟ ਫ਼ਿਲਮਾਂ ਕਰ ਰਿਹਾ ਹੈ, ਪਰ ਉਸ ਨੇ ਵਫ਼ਾਦਾਰੀ ਅਤੇ ਮਾਰ-ਧਾੜ ਵਾਲੀਆਂ ਵੀ ਹੁਣ ਤਕ ਬਹੁਤ ਫ਼ਿਲਮਾਂ ਕੀਤੀਆਂ ਹਨ। ਅਜਿਹੇ ‘ਚ ਸ਼ਾਹਰੁਖ਼ ਨੂੰ ਇਸ ਲਾਜਵਾਬ ਫ਼੍ਰੈਚਾਈਜ਼ੀ ਦੀ ਚੌਥੀ ਫ਼ਿਲਮ ਧੂਮ 4 ‘ਚ ਵੇਖਣਾ ਸਿਨੇਮਾ ਪ੍ਰੇਮੀਆਂ ਲਈ ਕਾਫ਼ੀ ਰੋਮਾਂਚਕ ਹੋਵੇਗਾ। ਅਦਿੱਤਿਆ ਚੋਪੜਾ ਜਲਦ ਹੀ ਧੂਮ-4 ‘ਤੇ ਕੰਮ ਸ਼ੁਰੂ ਕਰ ਦੇਵੇਗਾ। ਫ਼ਿਲਹਾਲ ਤਾਂ ਉਹ ਇਸ ਵਕਤ ਆਮਿਰ ਖ਼ਾਨ ਨਾਲ ਫ਼ਿਲਮ ਠਗਜ਼ ਔਫ਼ ਹਿੰਦਸਤਾਨ ਨੂੰ ਪੂਰੀ ਕਰਨ ‘ਚ ਰੁੱਝਿਆ ਹੋਇਆ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਜਲਦ ਹੀ ਉਹ ਇਸ ਫ਼ਿਲਮ ਦੇ ਬਣਨ ਦਾ ਐਲਾਨ ਕਰੇਗਾ। ਦੂਜੇ ਪਾਸੇ ਸ਼ਾਹਰੁਖ਼ ਦਾ ਨਾਂ ਇਸ ਫ਼ਿਲਮਾਂ ਨਾਲ ਜੁੜ ਜਾਣ ਕਾਰਨ ਉਸ ਦੇ ਫ਼ੈਨਜ਼ ਕਾਫ਼ੀ ਖ਼ੁਸ਼ ਹਨ। ਓਦਾਂ ਵੀ ਸ਼ਾਹਰੁਖ਼ ਨੂੰ ਇਸ ਤਰ੍ਹਾਂ ਦੀ ਫ਼ਿਲਮ ਕੀਤੀ ਨੂੰ ਕਾਫ਼ੀ ਦੇਰ ਹੋ ਗਈ ਹੈ। ਧੂਮ-4 ਦੀ ਖ਼ਾਸੀਅਤ ਹੈ ਕਿ ਇਸ ਫ਼ਿਲਮ ‘ਚ ਅਭਿਸ਼ੇਕ ਬੱਚਨ ਤੇ ਉਦੈ ਚੋਪੜਾ ਦੋਹੇਂ ਹੀ ਪੁਲੀਸ ਅਫ਼ਸਰ ਦਾ ਕਿਰਦਾਰ ਨਿਭਾਉਣ ਵਾਲੇ ਹਨ। ਭਾਵੇਂ ਹੁਣ ਤਕ ਇਸ ‘ਚ ਕਿੰਨੇ ਹੀ ਚੋਰ ਬਦਲ ਗਏ ਹਨ, ਪਰ ਇਹ ਦੋਵੇਂ ਪੁਲੀਸ ਅਫ਼ਸਰ ਉਹੀ ਰਹੇ ਹਨ।











