ਉਮਰ ਨੇ ਭਾਜਪਾ ਨਾਲ ਜੰਮੂ-ਕਸ਼ਮੀਰ ‘ਚ ਗਠਜੋੜ ਦੀਆਂ ਅਟਕਲਾਂ ਨੂੰ ਲਾਇਆ ਵਿਰਾਮ

2ਸ਼੍ਰੀਨਗਰ— ਨੈਸ਼ਨਲ ਕਾਨਫਰੰਸ (ਨੇਕਾਂ) ਦੇ ਕਾਰਜਕਾਰੀ ਪ੍ਰਧਾਨ ਉਮਰ ਅਬਦੁੱਲਾ ਨੇ ਜੰਮੂ-ਕਸ਼ਮੀਰ ਵਿਚ ਭਾਜਪਾ ਪਾਰਟੀ ਨਾਲ ਹੱਥ ਮਿਲਾਉਣ ‘ਤੇ ਦਿੱਤੇ ਗਏ ਆਪਣੇ ਪਿਤਾ ਅਤੇ ਪਾਰਟੀ ਪ੍ਰਧਾਨ ਫਾਰੂਕ ਅਬਦੁੱਲਾ ਦੇ ਬਿਆਨ ‘ਤੇ ਸਾਰੀਆਂ ਅਟਕਲਾਂ ਨੂੰ ਵਿਰਾਮ ਦਿੰਦੇ ਕਿਹਾ ਕਿ ਭਾਜਪਾ ਤੋਂ ਦੂਰ ਰਹਿਣ ਦੇ ਪਾਰਟੀ ਦੇ ਰੁਖ ‘ਚ ਕੋਈ ਬਦਲਾਅ ਨਹੀਂ ਹੋਇਆ ਹੈ।
ਨੇਕਾਂ ਪ੍ਰਧਾਨ ਅਬਦੁੱਲਾ ਨੇ ਕਿਹਾ ਸੀ ਕਿ ਨਵੀਂ ਸਰਕਾਰ ਦੇ ਗਠਨ ਬਾਰੇ ਭਾਜਪਾ ਵਲੋਂ ਜੇਕਰ ਕੋਈ ਪ੍ਰਸਤਾਵ ਮਿਲੇਗਾ ਤਾਂ ਪਾਰਟੀ ਦੀ ਕਾਰਜਕਾਰੀ ਕਮੇਟੀ ਉਸ ‘ਤੇ ਵਿਚਾਰ ਕਰੇਗੀ। ਉਨ੍ਹਾਂ ਦੇ ਇਸ ਬਿਆਨ ਤੋਂ ਬਾਅਦ ਪਾਰਟੀ ਦੇ ਭਾਜਪਾ ਨਾਲ ਗਠਜੋੜ ਕਰਨ ਦੇ ਕਿਆਸ ਲਾਏ ਜਾ ਰਹੇ ਸਨ ਅਤੇ ਸੋਸ਼ਲ ਮੀਡੀਆ ‘ਤੇ ਵੀ ਇਸ ਦੀ ਤਿੱਖੀ ਆਲੋਚਨਾ ਕੀਤੀ ਗਈ। ਉਮਰ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਸੱਤਾ ਦੀ ਭੁੱਖੀ ਨਹੀਂ ਹੈ ਅਤੇ ਵਿਚਾਰਧਾਰਾ ਨਾਲ ਕੋਈ ਸਮਝੌਤਾ ਨਹੀਂ ਕਰੇਗੀ। ਆਪਣੇ ਫੇਸਬੁੱਕ ਦੇ ਅਧਿਕਾਰਤ ਪੇਜ਼ ‘ਤੇ ਕਿਹਾ ਕਿ ਅਜਿਹੀ ਸਿਆਸੀ ਸੱਤਾ ‘ਚ ਉਨ੍ਹਾਂ ਦੀ ਦਿਲਚਸਪੀ ਨਹੀਂ ਹੈ, ਜੋ ਕਿ ਵਿਚਾਰਧਾਰਾਤਮਕ ਸਮਝੌਤਾ ਕਰ ਕੇ ਮਿਲਦੀ ਹੋਵੇ। ਅਸੀਂ ਇਕ ਸਾਲ ਪਹਿਲਾਂ ਹੀ ਭਾਜਪਾ ਨਾਲ ਗਠਜੋੜ ਦੀ ਸੰਭਾਵਨਾ ਛੱਡ ਦਿੱਤੀ ਸੀ ਅਤੇ ਅਜਿਹਾ ਕਰਨ ਦੀ ਵਜ੍ਹਾ ਨਹੀਂ ਬਦਲੀ ਹੈ।