ਸੁਖਬੀਰ ਵੱਲੋਂ ਨਸ਼ਿਆਂ ਦੇ ਅੱਤਵਾਦ ਖਿਲਾਫ ਸਖਤ ਕਦਮ ਚੁੱਕਣ ਦੀ ਵਕਾਲਤ

5ਚੰਡੀਗੜ੍ਹ— ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਸ਼ਨੀਵਾਰ ਨੂੰ ਨਸ਼ਿਆਂ ਤੇ ਅੱਤਵਾਦ ਖਿਲਾਫ ਲੜਾਈ ਲੜਨ ਲਈ ਪਾਕਿਸਤਾਨ ਨਾਲ ਲੱਗਦੀਆਂ ਕੌਮਾਂਤਰੀ ਸਰਹੱਦਾਂ ‘ਤੇ ਆਧੁਨਿਕ ਨਿਗਰਾਨ ਤਰੀਕਿਆਂ ਦੀ ਵਰਤੋਂ ਦੀ ਵਕਾਲਤ ਕੀਤੀ ਹੈ। ਉਨ੍ਹਾਂ ਕਿਹਾ ਕਿ ਨਸ਼ਾ ਸਮੱਗਲਰਾਂ ਨੂੰ ਸਜ਼ਾਵਾਂ ਦੇਣ ਵਿਚ ਪੰਜਾਬ ਦੇਸ਼ ‘ਚ ਸਭ ਤੋਂ ਅੱਗੇ ਹੈ ਅਤੇ ਇਥੇ ਨਸ਼ਾ ਛੁਡਾਊ ਮੁਹਿੰਮ ਵੀ ਅਸਰਦਾਰ ਤਰੀਕੇ ਨਾਲ ਲਾਗੂ ਕੀਤੀ ਗਈ ਹੈ। ਇਥੋਂ ਜਾਰੀ ਇਕ ਬਿਆਨ ਵਿਚ ਉਪ ਮੁੱਖ ਮੰਤਰੀ ਜੋ ਕਿ ਸੂਬੇ ਦੇ ਗ੍ਰਹਿ ਮੰਤਰੀ ਵੀ ਹਨ, ਨੇ ਕਿਹਾ ਕਿ ਪੰਜਾਬ ਸਰਕਾਰ ਕੌਮਾਂਤਰੀ ਸਰਹੱਦ ਤੋਂ ਨਸ਼ਿਆਂ ਦੀ ਸਮੱਗਲਿੰਗ ਨੂੰ ਠੱਲ੍ਹ ਪਾਉਣ ਲਈ ਹਰ ਕਦਮ ਚੁੱਕ ਰਹੀ ਹੈ ਪਰ ਕਿਉਂਕਿ ਪਾਕਿਸਤਾਨ ਨਾਲ ਲੱਗਦਾ ਸਰਹੱਦੀ ਖੇਤਰ ਨਦੀਆਂ ਨਾਲ ਘਿਰਿਆ ਹੋਇਆ ਹੈ ਅਤੇ ਕਈ ਖੇਤਰਾਂ ਵਿਚਲੀਆਂ ਚੋਰ-ਮੋਰੀਆਂ ਦਾ ਫਾਇਦਾ ਚੁੱਕਦੇ ਹੋਏ ਨਸ਼ਾ ਸਮੱਗਲਰ ਆਪਣੇ ਨਾਪਾਕ ਮਨਸੂਬਿਆਂ ‘ਚ ਸਫਲ ਹੋ ਜਾਂਦੇ ਹਨ, ਇਸ ਲਈ ਇਹ ਸਮੇਂ ਦੀ ਲੋੜ ਬਣ ਗਿਆ ਹੈ ਕਿ ਸੁਰੱਖਿਆ ਫੋਰਸਾਂ ਨੂੰ ਢੁੱਕਵੀਂ ਗਿਣਤੀ ‘ਚ ਸਰਹੱਦ ‘ਤੇ ਤਾਇਨਾਤ ਕੀਤਾ ਜਾਵੇ ਅਤੇ ਪੰਜਾਬ ਵਿਚ ਨਸ਼ਿਆਂ ਦੀ ਸਪਲਾਈ ਨੂੰ ਰੋਕਣ ਲਈ ਸਾਰਥਿਕ ਕਦਮ ਚੁੱਕੇ ਜਾਣ।
ਉਪ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਦਾ ਇਹ ਸਟੈਂਡ ਹੈ ਕਿ ਕੌਮਾਂਤਰੀ ਸਰਹੱਦ ਪੂਰੀ ਤਰ੍ਹਾਂ ਸੀਲ ਹੋਣੀ ਚਾਹੀਦੀ ਹੈ, ਜਿਸ ਨੂੰ ਹਾਲ ਹੀ ‘ਚ ਮਾਣਯੋਗ ਅਦਾਲਤਾਂ ਵੱਲੋਂ ਵੀ ਜਾਇਜ਼ ਠਹਿਰਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਬੀ. ਐੱਸ. ਐੱਫ. ਨੂੰ ਪੂਰੀ ਤਰ੍ਹਾਂ ਆਧੁਨਿਕ ਟੈਕਨਾਲੋਜੀ ਨਾਲ ਲੈਸ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਪਾਕਿਸਤਾਨ ਵੱਲੋਂ ਨਸ਼ਿਆਂ ਦੇ ਅੱਤਵਾਦ ਨੂੰ ਫੈਲਾਉਣ ਦੀਆਂ ਯੋਜਨਾਵਾਂ ਨਾਕਾਮ ਕੀਤੀਆਂ ਜਾ ਸਕਣ।
ਉਪ ਮੁੱਖ ਮੰਤਰੀ ਨੇ ਦੱਸਿਆ ਕਿ ਪੰਜਾਬ ਪੁਲਸ ਵੱਲੋਂ ਵੀ ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਹਰ ਹੀਲਾ ਵਰਤਿਆ ਜਾ ਰਿਹਾ ਹੈ ਅਤੇ ਸੂਬੇ ਵਿਚ ਨਸ਼ਿਆਂ ਦੀ ਆਮਦ ਰੋਕਣ ਲਈ ਕੌਮਾਂਤਰੀ ਸਰਹੱਦਾਂ ‘ਤੇ ਪੂਰੀ ਚੌਕਸੀ ਵਰਤੀ ਜਾ ਰਹੀ ਹੈ। ਇਸ ਮੁਹਿੰਮ ਦੇ ਹਿੱਸੇ ਵਜੋਂ ਪੰਜਾਬ ਪੁਲਸ ਨਸ਼ਾ ਸਮੱਗਲਰਾਂ ਖਿਲਾਫ ਵੱਡੇ ਪੱਧਰ ‘ਤੇ ਕਾਰਵਾਈ ਕਰ ਰਹੀ ਹੈ, ਜਿਸ ਦਾ ਸਬੂਤ ਇਸੇ ਗੱਲ ਤੋਂ ਮਿਲਦਾ ਹੈ ਕਿ 2007 ਤੋਂ 2014 ਦੌਰਾਨ 75399 ਵਿਅਕਤੀਆਂ ਨੂੰ ਜੇਲਾਂ ਵਿਚ ਡੱਕਿਆ ਗਿਆ ਹੈ। ਪੰਜਾਬ ਪੁਲਸ ਨੇ ਨਸ਼ਾ ਸਮੱਗਲਿੰਗ ਵਿਚ ਸ਼ਾਮਲ ਬੀ. ਐੱਸ. ਐੱਫ ਦੇ 5 ਜਵਾਨਾਂ ਨੂੰ ਵੀ ਗ੍ਰਿਫਤਾਰ ਕੀਤਾ ਹੈ।