ਸੁਲਤਾਨਪੁਰ ਲੋਧੀ — ਹਲਕਾ ਸੁਲਤਾਨਪੁਰ ਲੋਧੀ ‘ਚ ਉਸ ਸਮੇਂ ਅਕਾਲੀ ਦਲ ਨੂੰ ਤਗੜਾ ਝਟਕਾ ਲੱਗਾ ਜਦੋਂ ਪਿੰਡ ਭੁਲਾਣਾ ਦੇ 31 ਟਕਸਾਲੀ ਅਕਾਲੀ ਦਲ ਪਰਿਵਾਰ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਕਹਿੰਦੇ ਹੋਏ ਕਾਂਗਰਸ ਪਾਰਟੀ ਦੇ ਹਲਕਾ ਵਿਧਾਇਕ ਨਵਤੇਜ ਸਿੰਘ ਚੀਮਾ ਦੀ ਰਹਿਨੁਮਾਈ ਹੇਠ ਕਾਂਗਰਸ ਪਾਰਟੀ ‘ਚ ਸ਼ਾਮਲ ਹੋ ਗਏ। ਪਿੰਡ ਭੁਲਾਣਾ ਵਿਖੇ ਕਰਵਾਏ ਇਕ ਸਮਾਗਮ ‘ਚ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਕਈ ਅਕਾਲੀ ਵਰਕਰਾਂ ਨੂੰ ਸਿਰੋਪਾਉ ਪਾ ਕੇ ਕਾਂਗਰਸ ਪਾਰਟੀ ‘ਚ ਸ਼ਾਮਿਲ ਕੀਤਾ।
ਇਸ ਮੌਕੇ ਆਪਣੇ ਸੰਬੋਧਨ ‘ਚ ਵਿਧਾਇਕ ਚੀਮਾ ਨੇ ਕਿਹਾ ਕਿ ਇਨ੍ਹਾਂ ਵਰਕਰਾਂ ਦਾ ਕਾਂਗਰਸ ਪਾਰਟੀ ‘ਚ ਪੂਰਾ ਸਨਮਾਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸਮੇਂ ਪੂਰੇ ਪੰਜਾਬ ‘ਚ ਕਾਂਗਰਸ ਪਾਰਟੀ ਦੇ ਹੱਕ ‘ਚ ਹਨ੍ਹੇਰੀ ਚੱਲ ਰਹੀ ਹੈ ਤੇ ਲੋਕ ਕੈਪਟਨ ਅਮਰਿੰਦਰ ਸਿੰਘ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਕਾਂਗਰਸ ਪਾਰਟੀ ‘ਚ ਸ਼ਾਮਲ ਹੋ ਰਹੇ ਹਨ। ਅਕਾਲੀ ਦਲ ਨੂੰ ਡੁੱਬਦਾ ਜਹਾਜ਼ ਦੱਸਦਿਆਂ ਉਨ੍ਹਾਂ ਕਿਹਾ ਕਿ 2017 ਦੀਆਂ ਚੋਣਾਂ ‘ਚ ਇਸ ਦਾ ਪੂਰਾ ਸਫਾਇਆ ਹੋ ਜਾਵੇਗਾ ਤੇ ਇਸ ਗੱਲ ਦਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੂੰ ਇਲਮ ਹੋ ਚੁੱਕਾ ਹੈ।
ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦਾ ਹਰੇਕ ਵਰਗ ਅਕਾਲੀ-ਭਾਜਪਾ ਤੋਂ ਦੁਖੀ ਹੈ। ਆਮ ਆਦਮੀ ਪਾਰਟੀ ‘ਤੇ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿ ਜਲਦੀ ਹੀ ਇਸ ਪਾਰਟੀ ਦਾ ਨਾਮ ਆਮ ਆਦਮੀ ਪਾਰਟੀ ਤੋਂ ਨਕਾਰੇ ਹੋਏ ਲੋਕਾਂ ਦੀ ਪਾਰਟੀ ਪੈ ਜਾਵੇਗਾ ਕਿਉਂਕਿ ਜਿਹੜੇ ਵੀ ਆਗੂ ਇਸ ਵਿਚ ਸ਼ਾਮਲ ਹੋ ਰਹੇ ਹਨ ਉਹ ਲੋਕਾਂ ਵਲੋਂ ਨਕਾਰੇ ਹੋਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਲਈ ਨਾ ਤਾਂ ਇਨ੍ਹਾਂ ਕੋਲ ਕੋਈ ਨੁਕਾਤੀ ਪ੍ਰੋਗਰਾਮ ਹੈ ਤੇ ਨਾ ਹੀ ਕੋਈ ਨੀਤੀ, ਜਿਸ ਨਾਲ ਪੰਜਾਬ ਦੇ ਲੋਕ ਇਸ ‘ਤ ਭਰੋਸਾ ਕਰ ਸਕਣ।













