ਹੀਰਿਆਂ ਦੇ ਲਾਲਚ ‘ਚ ਸਲਵਿੰਦਰ ਨੇ ਦੇਸ਼ ਦੀ ਇੱਜਤ ਨੂੰ ਲਾਇਆ ਦਾਅ ‘ਤੇ

4ਨਵੀਂ ਦਿੱਲੀ/ਪਠਾਨਕੋਟ : ਪਠਾਨਕੋਟ ਹਮਲੇ ਦੀ ਜਾਂਚ ਕਰ ਰਹੀ ਏਜੰਸੀ ਐੱਨ. ਆਈ. ਏ. ਵਲੋਂ ਐੱਸ. ਪੀ. ਸਲਵਿੰਦਰ ਸਿੰਘ, ਜਿਸਨੂੰ ਹਮਲੇ ਤੋਂ ਇਕ ਦਿਨ ਪਹਿਲਾਂ ਅੱਤਵਾਦੀਆਂ ਨੇ ਅਗਵਾ ਕੀਤਾ ਸੀ, ਕੋਲੋਂ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਪੁੱਛਗਿੱਛ ਦੌਰਾਨ ਕਈ ਰਾਜ਼ਾਂ ਤੋਂ ਪਰਦਾ ਉੱਠ ਰਿਹਾ ਹੈ।
ਐੱਨ. ਆਈ. ਏ. ਮੁਤਾਬਕ ਪੁੱਛਗਿੱਛ ਦੌਰਾਨ ਸਲਵਿੰਦਰ ਸਿੰਘ ਨੇ ਕਬੂਲਿਆ ਹੈ ਕਿ ਉਹ ਡਰੱਗ ਸਮੱਗਲਰਾਂ ਦਾ ਸਾਥ ਦਿੰਦਾ ਸੀ। ਡਰੱਗ ਦੀ ਹਰ ਖੇਪ ਦੀ ਸਪਲਾਈ ਕਰਵਾਉਣ ਬਦਲੇ ਉਸਨੂੰ ਹੀਰੇ ਮਿਲਦੇ ਸਨ। ਉਸਦਾ ਦੋਸਤ ਰਾਜੇਸ਼ ਜੋ ਸੁਨਿਆਰਾ ਹੈ, ਡਰੱਗ ਮਾਫੀਆ ਤੋਂ ਮਿਲਣ ਵਾਲੇ ਹੀਰਿਆਂ ਦੀ ਜਾਂਚ ਕਰ ਕੇ ਦੱਸਦਾ ਸੀ ਕਿ ਇਹ ਅਸਲੀ ਹਨ ਜਾਂ ਨਕਲੀ?
ਇਸ ਖੁਲਾਸੇ ਉਪਰੰਤ ਐੱਨ. ਆਈ. ਏ. ਵਲੋਂ ਹੁਣ ਰਾਜੇਸ਼, ਜਿਸਦਾ ਗੁਰਦਾਸਪੁਰ ਵਿਚ ਜਿਊਲਰੀ ਸਟੋਰ ਹੈ, ਕੋਲੋਂ ਵੀ ਪੁੱਛਗਿੱਛ ਕੀਤੀ ਜਾਵੇਗੀ। ਐੱਨ. ਆਈ. ਏ. ਦਾ ਮੰਨਣਾ ਹੈ ਕਿ ਸਲਵਿੰਦਰ ਅਤੇ ਰਾਜੇਸ਼ ਡਰੱਗ ਸਮੱਗਲਰਾਂ ਕੋਲੋਂ ਮਿਲਣ ਵਾਲੇ ਹੀਰਿਆਂ ਅਤੇ ਸੋਨੇ ਨੂੰ ਉਕਤ ਸਟੋਰ ਰਾਹੀਂ ਬੜੀ ਆਸਾਨੀ ਨਾਲ ਵੇਚ ਦਿੰਦੇ ਹੋਣਗੇ।
ਹਾਲਾਂਕਿ ਰਾਜੇਸ਼ ਅਜੇ ਪਠਾਨਕੋਟ ਦੇ ਇਕ ਹਸਪਤਾਲ ਵਿਚ ਇਲਾਜ ਅਧੀਨ ਹੈ, ਤੰਦਰੁਸਤ ਹੋਣ ਉਪਰੰਤ ਹੀ ਉਸ ਕੋਲੋਂ ਪੁੱਛਗਿੱਛ ਹੋਵੇਗੀ। ਜ਼ਿਕਰਯੋਗ ਹੈ ਕਿ ਅੱਤਵਾਦੀ ਉਸਦੀ ਧੌਣ ‘ਤੇ ਵਾਰ ਕੇ ਅੱਧਮੋਈ ਹਾਲਤ ਵਿਚ ਉਸਨੂੰ ਸੜਕ ‘ਤੇ ਸੁੱਟ ਗਏ ਸਨ।
ਸਲਵਿੰਦਰ ਸਿੰਘ ਦੇ ਖੁਲਾਸੇ ਨੇ ਜਾਂਚ ਏਜੰਸੀ ਦੇ ਅੱਗੇ ਕਈ ਨਵੇਂ ਸਵਾਲ ਪੈਦਾ ਕਰ ਦਿੱਤੇ ਹਨ। ਐੱਨ. ਆਈ. ਏ. ਕਿਆਸ ਲਗਾ ਰਹੀ ਹੈ ਕਿ ਸ਼ਾਇਦ ਸਲਵਿੰਦਰ ਸਿੰਘ ਤੇ ਰਾਜੇਸ਼ ਨੇ ਉਸ ਦਿਨ ਅੱਤਵਾਦੀਆਂ ਨੂੰ ਡਰੱਗ ਪੈਡਲਰ ਸਮਝ ਕੇ ਹੀ ਗੱਡੀ ਰੋਕੀ ਹੋਵੇਗੀ। ਇਹ ਵੀ ਸੰਭਵ ਹੈ ਕਿ ਡਰੱਗ ਮਾਫੀਆ ਦੀਆਂ ਹਦਾਇਤਾਂ ‘ਤੇ ਹੀ ਅੱਤਵਾਦੀਆਂ ਨੇ ਸਲਵਿੰਦਰ ਸਿੰਘ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ। ਕੀ ਸਲਵਿੰਦਰ ਸਿੰਘ ਨੇ ਹੀ ਅੱਤਵਾਦੀਆਂ ਨੂੰ ਏਅਰਬੇਸ ਤੱਕ ਪਹੰਚਾਇਆ ਸੀ? ਆਪਣੇ ਸਵਾਲਾਂ ਦੇ ਜਵਾਬ ਲੱਭਣ ਲਈ ਐੱਨ. ਆਈ. ਏ. ਉਸਦਾ ਪੌਲੀਗ੍ਰਾਫ ਟੈਸਟ ਵੀ ਕਰਵਾ ਸਕਦੀ ਹੈ।