ਕੋਹਲੀ ਪਹਿਲਾਂ ਹੀ ਮਹਾਨ ਬਣਨ ਦੇ ਹੈ ਨੇੜੇ: ਧੋਨੀ

ਮੁੰਬਈ- ਵਿਰਾਟ ਕੋਹਲੀ ਦੇ ਉਭਰਦੇ ਨੌਜਵਾਨ ਕ੍ਰਿਕਟਰ ਤੋਂ ਸੁਲਝਿਆ ਹੋਇਆ ਬੱਲੇਬਾਜ਼ ਬਣਨ ਦੌਰਾਨ ਭਾਰਤੀ ਟੀਮ ਦੇ ਕਪਤਾਨ ਰਹੇ ਮਹਿੰਦਰ ਸਿੰਘ ਧੋਨੀ ਨੇ ਮੰਗਲਵਾਰ ਨੂੰ ਕਿਹਾ ਕਿ ਮੌਜੂਦਾ ਕਪਤਾਨ ਨੇ ਪਿਛਲੇ ਕੁੱਝ ਸਾਲਾਂ ਵਿੱਚ ਜਿਹੜਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਉਸ ਨਾਲ ਉਹ ਪਹਿਲਾਂ ਹੀ ਮਹਾਨ ਬਣਨ ਦੇ ਨੇੜੇ ਪਹੁੰਚ ਗਿਆ ਹੈ।
ਧੋਨੀ ਨੇ ਇੱਥੇ ਇੱਕ ਪ੍ਰੋਗਰਾਮ ਦੌਰਾਨ ਕਿਹਾ, ”ਉਹ (ਕੋਹਲੀ) ਸਰਵਸ੍ਰੇਸ਼ਠ ਹੈ ਅਤੇ ਪਹਿਲਾਂ ਹੀ ਉਸ ਮੁਕਾਮ ‘ਤੇ ਪਹੁੰਚ ਚੁੱਕਾ ਹੈ ਜਿੱਥੇ ਉਹ ਮਹਾਨ ਬਣਨ ਦੇ ਨੇੜੇ ਹੈ। ਇਸ ਲਈ ਮੈਂ ਉਸ ਲਈ ਬਹੁਤ ਖ਼ੁਸ਼ ਹਾਂ ਅਤੇ ਖ਼ਾਸ ਤੌਰ ‘ਤੇ ਜਿਸ ਤਰ੍ਹਾਂ ਉਹ ਪਿਛਲੇ ਕੁੱਝ ਸਾਲਾਂ ਤੋਂ ਹਰ ਦੇਸ਼ ਵਿੱਚ ਚੰਗਾ ਪ੍ਰਦਰਸ਼ਨ ਕਰ ਰਿਹਾ ਹੈ, ਉਹ ਸ਼ਾਨਦਾਰ ਅਤੇ ਮਹਾਨ ਹੈ।”
ਸਾਬਕਾ ਕਪਤਾਨ ਧੋਨੀ ਨੇ ਇੱਕ ਸਮੇਂ ਆਪਣੇ ਉੱਪ ਕਪਤਾਨ ਰਹੇ ਕੋਹਲੀ ਦੀ ਬੱਲੇਬਾਜ਼ੀ ਦੀ ਜੰਮ ਕੇ ਸ਼ਲਾਘਾ ਕੀਤੀ। ਕੋਹਲੀ ਨੇ ਆਪਣੇ ਕ੍ਰਿਕਟ ਦੀ ਸ਼ੁਰੂਆਤ ਕ੍ਰਿਕਟ ਸਮਰਾਤ ਧੋਨੀ ਦੀ ਕਪਤਾਨੀ ਵਿੱਚ ਹੀ ਕੀਤੀ ਸੀ ਅਤੇ ਧੋਨੀ ਹੇਠ ਹੀ ਉਹ ਇੱਕ ਪ੍ਰਤਿਭਾਸ਼ਾਲੀ ਨੌਜਵਾਨ ਤੋਂ ਵਿਸ਼ਵ ਦਾ ਸਰਵਸ੍ਰੇਸ਼ਠ ਬੱਲੇਬਾਜ਼ ਬਣਿਆ।
ਇੰਗਲੈਂਡ ਵਿਰੁੱਧ ਪਹਿਲੇ ਟੈੱਸਟ ਮੈਚ ਵਿੱਚ ਆਪਣੀ 149 ਦੌੜਾਂ ਦੀ ਪਾਰੀ ਨਾਲ ਭਾਰਤੀ ਕਪਤਾਨ ਨੇ ਆਖਰੀ ਕਿਲਾ ਵੀ ਫ਼ਤਿਹ ਕਰ ਲਿਆ। ਧੋਨੀ ਨੂੰ ਖੁਸ਼ੀ ਹੈ ਕਿ ਕੋਹਲੀ ਟੀਮ ਨੂੰ ਅੱਗੇ ਲੈ ਕੇ ਜਾ ਰਿਹਾ ਹੈ। ਧੋਨੀ ਨੇ ਕਿਹਾ, ”ਉਹ ਟੀਮ ਨੂੰ ਅੱਗੇ ਲੈ ਕੇ ਜਾ ਰਿਹਾ ਹੈ ਤੇ ਤੁਸੀਂ ਇੱਕ ਕਪਤਾਨ ਤੋਂ ਇਹ ਚਾਹੁੰਦੇ ਹੋ। ਉਸ ਨੂੰ ਮੇਰੀਆਂ ਸ਼ੁਭਕਾਮਨਾਵਾ।”