ਨਵੀਂ ਦਿੱਲੀ – ਭਾਰਤੀ ਟੀਮ ਦੇ ਸਾਬਕਾ ਕਪਤਾਨ ਸੁਨੀਲ ਗਾਵਸਕਰ ਨੂੰ ਪਾਕਿਸਤਾਨ ਦੇ ਨਵੇਂ ਬਣੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵਲੋਂ ਸਹੁੰ ਚੁੱਕ ਸਮਾਰੋਹ ‘ਚ ਸ਼ਾਮਿਲ ਹੋਣ ਦਾ ਸੱਦਾ ਮਿਲਿਆ ਹੈ। ਗਾਵਸਕਰ ਨੇ ਕਿਹਾ, ”ਇਮਰਾਨ ਦੀ ਪਾਰਟੀ ਤਹਿਰੀ ਏ ਇਨਸਾਫ਼ ਦੇ ਵਲੋਂ ਮੇਰੇ ਕੋਲ ਸੱਦਾ ਆਇਆ ਹੈ। ਸਾਬਕਾ ਪਾਕਿਸਤਾਨੀ ਕਪਤਾਨ ਇਮਰਾਨ ਖ਼ਾਨ ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ ਬਣਨ ਜਾ ਰਹੇ ਹਨ।
ਇਮਰਾਨ ਖ਼ਾਨ ਦੇ 11 ਅਗਸਤ ਨੂੰ PM ਆਹੁਦੇ ਦੀ ਸਹੁੰ ਚੁੱਕਣ ਦੀਆਂ ਖ਼ਬਰਾਂ ਹਨ। ਇੱਕ ਭਾਰਤੀ ਅਖ਼ਬਾਰ ਨਾਲ ਗੱਲ ਕਰਦੇ ਸੁਨੀਲ ਗਾਵਸਕਰ ਨੇ ਕਿਹਾ, ”ਮੈਨੂੰ ਇਮਰਾਨ ਖ਼ਾਨ ਦੇ ਸਹੁੰ ਚੁੱਕ ਸਮਾਰੋਹ ਲਈ ਸੱਦਾ ਮਿਲਿਆ ਹੈ। ਇਮਰਾਨ ਦੀ ਪਾਰਟੀ ਵਲੋਂ ਉਸ ਨੂੰ ਫ਼ੋਨ ਆਇਆ ਸੀ, ਪਰ ਅਜੇ ਤਕ ਸਮਾਰੋਹ ਲਈ ਮਿਤੀ ਪੱਕੀ ਨਹੀਂ ਹੋਈ ਹੈ। ਜਦੋਂ ਕੋਈ ਮਿਤੀ ਪੱਕੀ ਹੋਵੇਗੀ ਤਾਂ ਹੀ ਅਧਿਕਾਰਤ ਸੱਦਾ ਆਏਗਾ। ਹਾਲਾਂਕਿ ਗਾਵਸਕਰ ਨੇ ਅਜੇ ਜਾਣ ਦਾ ਫ਼ੈਸਲਾ ਨਹੀਂ ਲਿਆ। ਗਾਵਸਕਰ ਨੇ ਕਿਹਾ ਕਿ ਭਾਰਤ ਅਤੇ ਇੰਗਲੈਂਡ ਵਿਚਾਲੇ ਦੂਜੇ ਟੈੱਸਟ ਮੈਚ ਵਿੱਚ ਰੁੱਝੇ ਹੋਣ ਕਾਰਨ ਮੇਰਾ ਜਾਣਾ ਮੁਸ਼ਕਿਲ ਹੈ। ਇਸ ਤੋਂ ਇਲਾਵਾ ਭਾਰਤ ਸਰਕਾਰ ਵਲੋਂ ਵੀ ਇਸ ਦੇ ਲਈ ਇਜਾਜ਼ਤ ਲੈਣਾ ਚਾਹੁੰਗਾ, ਉਸ ਦੇ ਬਾਅਦ ਹੀ ਕੋਈ ਫ਼ੈਸਲਾ ਲੈ ਸਕਾਂਗਾ। ਜੇਕਰ ਸਰਕਾਰ ਮੈਨੂੰ ਜਾਣ ਦੀ ਇਜਾਜ਼ਤ ਦੇਵੇਗੀ ਫ਼ਿਰ ਹੀ ਮੈਂ ਜਾ ਸਕਦਾ ਹਾਂ। ਜ਼ਿਕਰਯੋਗ ਹੈ ਕਿ ਸਾਬਕਾ ਭਾਰਤੀ ਸਲਾਮੀ ਬੱਲੇਬਾਜ਼ ਨਵਜੋਤ ਸਿੰਘ ਸਿੱਧੂ ਨੇ ਇਮਰਾਨ ਦੇ ਸਹੁੰ ਚੁੱਕ ਸਮਾਰੋਹ ‘ਚ ਜਾਣ ਦੀ ਗੱਲ ਕਹੀ ਸੀ। ਸਿੱਧੂ ਨੇ ਇਸ ਨੂੰ ਨਿਜੀ ਸੱਦਾ ਕਰਾਰ ਦਿੱਤਾ ਹੈ। ਉਸ ਨੇ ਇਸ ਦੌਰਾਨ ਇਮਰਾਨ ਦੀ ਰੱਜ ਕੇ ਤਾਰੀਫ਼ ਵੀ ਕੀਤੀ। ਇਮਰਾਨ ਦੇ ਸਹੁੰ ਚੁੱਕ ਸਮਾਰੋਹ ਦਾ ਸੱਦਾ ਸਾਬਕਾ ਭਾਰਤੀ ਕਪਿਲ ਦੇਵ, ਸੁਨੀਲ ਗਾਵਸਕਰ ਅਤੇ ਨਵਜੋਤ ਸਿੰਘ ਦੇ ਇਲਾਵਾ ਬੌਲੀਵੁੱਡ ਅਦਾਕਾਰ ਆਮਿਰ ਖ਼ਾਨ ਨੂੰ ਮਿਲਿਆ ਹੈ। ਪਾਕਿਸਤਾਨ ‘ਚ ਹਾਲ ਹੀ ‘ਚ ਹੋਈਆਂ ਆਮ ਚੋਣਾਂ ‘ਚ ਇਮਰਾਨ ਦੀ ਪਾਰਟੀ PTI 116 ਸੀਟਾਂ ‘ਤੇ ਜਿੱਤ ਹਾਸਲ ਕਰ ਕੇ ਸਭ ਤੋਂ ਵੱਡੀ ਪਾਰਟੀ ਬਣੀ ਹੈ। ਇਹ ਵੀ ਸੱਚ ਹੈ ਕਿ ਇਮਰਾਨ ਖ਼ਾਨ ਦੇ ਭਾਰਤੀ ਕ੍ਰਿਕਟਰਾਂ ਨਾਲ ਚੰਗੇ ਰਿਸ਼ਤੇ ਹਨ।















