ਰਣਵੀਰ ਸਿੰਘ ਹਾਸੇ-ਮਜ਼ਾਕ ਨਾਲ ਕੰਮ ਕਰਨ ਵਾਲੇ ਮਸ਼ਹੂਰ ਅਦਾਕਾਰ ਗੋਵਿੰਦਾ ਨੂੰ ਆਪਣਾ ਪ੍ਰੇਰਨਾਸ੍ਰੋਤ ਮੰਨਦਾ ਹੈ। ਰਣਵੀਰ ਇਨ੍ਹੀਂ ਦਿਨੀਂ ਰੋਹਿਤ ਸ਼ੈਟੀ ਦੀ ਫ਼ਿਲਮ ਸਿੰਬਾ ਦੀ ਸ਼ੂਟਿੰਗ ‘ਚ ਰੁੱਝਿਆ ਹੋਇਆ ਹੈ। ਉਹ ਆਪਣੇ ਹੁਣ ਤਕ ਦੇ ਫ਼ਿਲਮੀ ਕਰੀਅਰ ‘ਚ ਕਈ ਤਰ੍ਹਾਂ ਦੇ ਕਿਰਦਾਰ ਨਿਭਾ ਚੁੱਕਿਆ ਹੈ। ਫ਼ਿਲਮ ਪਦਮਾਵਤ ‘ਚ ਰਣਵੀਰ ਸਿੰਘ ਨੇ ਅਲਾਊਦੀਨ ਖਿਲਜੀ ਦਾ ਨੈਗੇਟਿਵ ਕਿਰਦਾਰ ਨਿਭਾਇਆ ਸੀ। ਫ਼ਿਲਮ ਸਿੰਬਾ ‘ਚ ਰਣਵੀਰ ਕੌਮੇਡੀ ਵਾਲੇ ਕਿਰਦਾਰ ‘ਚ ਨਜ਼ਰ ਆਏਗਾ। ਰਣਵੀਰ ਦਾ ਕਹਿਣਾ ਹੈ ਕਿ ਉਹ ਇਸ ਫ਼ਿਲਮ ਅਤੇ ਕਿਰਦਾਰ ਨਾਲ ਪੂਰਾ ਨਿਆਂ ਕਰੇਗਾ। ਹਾਲ ਹੀ ‘ਚ ਇੱਕ ਗੱਲਬਾਤ ਦੌਰਾਨ ਰਣਵੀਰ ਨੇ ਕਿਹਾ, ”ਮੈਂ ਗੋਵਿੰਦਾ ਦਾ ਵੱਡਾ ਫ਼ੈਨ ਹਾਂ। ਮੈਂ ਜਾਣਦਾ ਹਾਂ ਕਿ ਪਹਿਲੀ ਵਾਰ ਪੂਰੀ ਤਰ੍ਹਾਂ ਨਾਲ ਕੌਮੇਡੀ ਭਰਪੂਰ ਫ਼ਿਲਮ ਸਿੰਬਾ ਮੈਨੂੰ ਔਫ਼ਰ ਹੋਈ ਹੈ, ਪਰ ਮੇਰਾ ਹਮੇਸ਼ਾ ਇਹੀ ਮੰਨਣਾ ਹੈ ਕਿ ਇਸ ‘ਚ ਮੈਨੂੰ ਕੋਈ ਪਰੇਸ਼ਾਨੀ ਨਹੀਂ ਹੋਵੇਗੀ। ਇਸ ਦੀ ਵਜ੍ਹਾ ਹੈ ਕਿ ਮੇਰੀਆਂ ਕੁੱਝ ਪਸੰਦੀਦਾ ਫ਼ਿਲਮਾਂ ਹਨ ਜਿਨ੍ਹਾਂ ਨੂੰ ਦੇਖ ਕੇ ਮੈਂ ਵੱਡਾ ਹੋਇਆ ਹਾਂ, ਅਤੇ ਉਹ ਸਾਰੀਆਂ ਗੋਵਿੰਦਾ ਦੀਆਂ ਹਨ। ਇਸ ਲਈ ਇਸ ਸਟਾਈਲ ਦੀਆਂ ਫ਼ਿਲਮਾਂ ਤੋਂ ਮੈਂ ਪੂਰੀ ਤਰ੍ਹਾਂ ਵਾਕਿਫ਼ ਹਾਂ।”
ਰਣਵੀਰ ਨੇ ਮੰਨਿਆ ਕਿ ਕੌਮੇਡੀ ਫ਼ਿਲਮਾਂ ‘ਚ ਕੰਮ ਕਰਨਾ ਇੰਨਾ ਵੀ ਸੌਖਾ ਨਹੀਂ ਹੁੰਦਾ। ਉਸ ਨੇ ਕਿਹਾ, ”ਮੈਨੂੰ ਪਤਾ ਲੱਗ ਗਿਆ ਹੈ ਕਿ ਨੌ ਰਸ ‘ਚੋਂ ਜੋ ਇੱਕ ਰਸ ਨਿਭਾਉਣ ‘ਚ ਮੈਨੂੰ ਸਭ ਤੋਂ ਜ਼ਿਆਦਾ ਮੁਸ਼ਕਿਲ ਆਉਂਦੀ ਹੈ, ਉਹ ਹੈ ਹਾਸਰਸ ਕਿਰਦਾਰ ਯਾਣੀ ਕਿ ਕੌਮੇਡੀ। ਇਸ ਲਈ ਤੁਸੀਂ ਕੌਮੇਡੀ ‘ਚ ਸੰਪੂਰਨ ਹੋਣੇ ਚਾਹੀਦੇ ਹੋ। ਰਣਵੀਰ ਦਾ ਕਹਿਣਾ ਹੈ ਕਿ ਇਸ ਫ਼ਿਲਮ ‘ਚ ਕੰਮ ਕਰਨ ਤੋਂ ਬਾਅਦ ਉਸ ਦੇ ਮਨ ‘ਚ ਗੋਵਿੰਦਾ ਅਤੇ ਅਨੁਪਮ ਖੇਰ ਜਿਹੇ ਕੌਮੇਡੀ ‘ਚ ਮਾਹਿਰ ਸਟਾਰ ਅਦਾਕਾਰਾਂ ਪ੍ਰਤੀ ਸਨਮਾਨ ਹੋਰ ਵੱਧ ਗਿਆ ਹੈ। ਜ਼ਿਕਰਯੋਗ ਹੈ ਕਿ ਫ਼ਿਲਮ ਸਿੰਬਾ ‘ਚ ਰਣਬੀਰ ਇੱਕ ਪੁਲੀਸ ਇੰਸਪੈਕਟਰ ਦਾ ਕਿਰਦਰ ਨਿਭਾ ਰਿਹਾ ਹੈ। ਇਸ ‘ਚ ਉਸ ਨਾਲ ਅਦਾਕਾਰਾ ਸਾਰ੍ਹਾ ਅਲ਼ੀ ਖ਼ਾਨ ਰੋਮਾਂਸ ਕਰਦੀ ਨਜ਼ਰ ਆਵੇਗੀ। ਇਹ ਫ਼ਿਲਮ ਤੇਲਗੂ ਬਲੌਕਬਸਟਰ ਫ਼ਿਲਮ ਟੈਂਪਰ ਦੀ ਹਿੰਦੀ ਰੀਮੇਕ ਹੈ, ਅਤੇ ਇਸ ਨੂੰ ਮਸ਼ਹੂਰ ਫ਼ਿਲਮ ਨਿਰਮਾਤਾ ਕਰਨ ਜੌਹਰ ਪ੍ਰੋਡਿਊਸ ਕਰ ਰਿਹਾ ਹੈ। ਇਹ ਸਾਲ ਦੇ ਆਖ਼ੀਰ ਤਕ ਇਹ ਫ਼ਿਲਮ ਰਿਲੀਜ਼ ਹੋਵੇਗੀ।











