ਅਨਿਲ ਕਪੂਰ ਲਈ ਅਮਿਤਾਭ ਵਰਗਾ ਕੋਈ ਨਹੀਂ

ਬੌਲੀਵੁੱਡ ਅਦਾਕਾਰ ਅਨਿਲ ਕਪੂਰ ਦਾ ਕਹਿਣਾ ਹੈ ਕਿ ਉਹ ਕਦੇ ਵੀ ਮਹਾਨਾਇਕ ਅਮਿਤਾਭ ਬੱਚਨ ਜਿਹਾ ਨਹੀਂ ਬਣ ਸਕਦਾ। ਬੌਲੀਵੁੱਡ ਦੇ ਦਬੰਗ ਸਲਮਾਨ ਖ਼ਾਨ ਨੇ ਹਾਲ ਹੀ ‘ਚ ਕਿਹਾ ਸੀ ਕਿ ਉਹ ਅਨਿਲ ਕਪੂਰ ‘ਚ ਅਮਿਤਾਭ ਬੱਚਨ ਜਿਹਾ ਹੁਨਰ ਵੇਖਦੇ ਹਨ। ਅਨਿਲ ਕਪੂਰ ਨੂੰ ਸਲਮਾਨ ਖ਼ਾਨ ਨੇ ਬੌਲੀਵੁੱਡ ਦਾ ਅਗਲਾ ਅਮਿਤਾਭ ਬੱਚਨ ਦੱਸਿਆ ਹੈ। ਇਸ ਤੋਂ ਬਾਅਦ ਹੁਣ ਅਨਿਲ ਕਪੂਰ ਨੇ ਕਿਹਾ, ”ਅਮਿਤਾਭ ਬੱਚਨ ਇੱਕ ਅਜਿਹੇ ਕਲਾਕਾਰ ਹਨ, ਜੋ ਜੀਵਨ ਵਿੱਚ ਇੱਕ ਵਾਰ ਹੀ ਦੇਖਣ ਨੂੰ ਮਿਲਦੇ ਹਨ। ਮੇਰਾ ਅਮਿਤਾਭ ਬੱਚਨ ਜਿਹਾ ਬਣਨਾ ਇੱਕ ਕਦੇ ਨਾ ਸਾਕਾਰ ਹੋਣ ਵਾਲਾ ਸੁਪਨਾ ਹੈ। ਮੇਰੇ ਲਈ ਅਜਿਹਾ ਸੋਚਣਾ ਵੀ ਗ਼ਲਤ ਹੋਵੇਗਾ।”
ਅਨਿਲ ਨੇ ਅੱਗੇ ਕਿਹਾ ਕਿ ਮੇਰੀ ਤੁਲਨਾ ਉਨ੍ਹਾਂ ਨਾਲ ਕੀਤੀ ਜਾ ਰਹੀ ਹੈ, ਮੇਰੇ ਲਈ ਇਹ ਹੀ ਬਹੁਤ ਵੱਡੀ ਗੱਲ ਹੈ, ਪਰ ਮੈਂ ਕਦੇ ਵੀ ਅਜਿਹੇ ਵਹਿਮ ‘ਚ ਨਹੀਂ ਰਿਹਾ ਅਤੇ ਨਾ ਹੀ ਰਹਾਂਗਾ। ਉਸ ਨੇ ਦੱਸਿਆ ਕਿ ਜਦੋਂ ਉਸ ਨੇ ਆਪਣੇ ਫ਼ਿਲਮ ਕਰੀਅਰ ਦੀ ਸ਼ੁਰੂਆਤ ਕੀਤੀ ਸੀ, ਉਸ ਸਮੇਂ ਮੈਂ ਫ਼ਿਲਮ ਮਸ਼ਾਲ ਵਿੱਚ ਦਿਲੀਪ ਕੁਮਾਰ ਨਾਲ ਕੰਮ ਕੀਤਾ ਸੀ। ਓਦੋਂ ਵੀ ਲੋਕਾਂ ਨੇ ਮੇਰੇ ਕੰਮ ਦੀ ਤੁਲਨਾ ਅਮਿਤਾਭ ਬੱਚਨ ਨਾਲ ਕੀਤੀ ਸੀ। 15 ਸਾਲ ਪਹਿਲਾਂ ਵੀ ਅਜਿਹਾ ਹੀ ਕਿਹਾ ਗਿਆ ਸੀ ਅਤੇ ਹੁਣ ਵੀ ਇਹੀ ਕਿਹਾ ਜਾ ਰਿਹਾ ਹੈ। ਜਦੋਂ-ਜਦੋਂ ਇਹ ਤੁਲਨਾ ਹੁੰਦੀ ਹੈ ਅਤੇ ਮੇਰਾ ਨਾਂ ਉਨ੍ਹਾਂ ਨਾਲ ਜੁੜਦਾ ਹੈ, ਮੈਂ ਅੰਦਰੋਂ ਬਹੁਤ ਖ਼ੁਸ਼ ਹੁੰਦਾ ਹਾਂ, ਪਰ ਮੈਂ ਸੱਚਾਈ ਜਾਣਦਾ ਹਾਂ ਅਤੇ ਇਸ ਲਈ ਕਿਸੇ ਗ਼ਲਤਫ਼ਹਿਮੀ ‘ਚ ਨਹੀਂ ਰਹਿੰਦਾ।