ਬਿਹਾਰ ਦੀ ਨਿਤੀਸ਼ ਸਰਕਾਰ ਨੂੰ ਸੁਪਰੀਮ ਕੋਰਟ ਵਲੋਂ ਝਾੜ

ਨਵੀਂ ਦਿੱਲੀ— ਆਮ ਆਦਮੀ ਪਾਰਟੀ ਅਤੇ ਸਮਾਜਵਾਦੀ ਪਾਰਟੀ ਦੇ ਮੈਂਬਰਾਂ ਨੇ ਉੱਤਰ ਪ੍ਰਦੇਸ਼ ਦੇ ਦੇਵਰੀਆ ਸਥਿਤ ਇਕ ਬਾਲਿਕਾ ਗ੍ਰਹਿ ਵਿਖੇ ਬੱਚੀਆਂ ਦੇ ਸੈਕਸ ਸ਼ੋਸ਼ਣ ਦੇ ਮੁੱਦੇ ਨੂੰ ਲੈ ਕੇ ਮੰਗਲਵਾਰ ਰਾਜ ਸਭਾ ਵਿਚ ਭਾਰੀ ਹੰਗਾਮਾ ਕੀਤਾ, ਜਿਸ ਕਰਦੇ ਹੋਏ ਸੁਪਰੀਮ ਕੋਰਟ ਨੇ ਕਿਹਾ ਕਿ ਦੇਸ਼ ਵਿਚ ਹਰ ਪਾਸੇ ਔਰਤਾਂ ਨਾਲ ਜਬਰ-ਜ਼ਨਾਹ ਕੀਤਾ ਜਾ ਰਿਹਾ ਹੈ।
ਜਸਟਿਸ ਐੱਮ. ਬੀ. ਲੋਕੁਰ, ਜਸਟਿਸ ਦੀਪਕ ਗੁਪਤਾ ਅਤੇ ਜਸਟਿਸ ਕੇ. ਐੱਮ. ਜੋਸਿਫ ਦੇ ਬੈਂਚ ਨੇ ਔਰਤਾਂ ਨਾਲ ਹੋ ਰਹੇ ਜਬਰ-ਜ਼ਨਾਹ ‘ਤੇ ਡੂੰਘੀ ਚਿੰਤਾ ਪ੍ਰਗਟਾਈ ਹੈ। ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ ਦੇ ਅੰਕੜਿਆਂ ਦੇ ਆਧਾਰ ‘ਤੇ ਬੈਂਚ ਨੇ ਕਿਹਾ ਕਿ ਦੇਸ਼ ਵਿਚ ਹਰ 6 ਘੰਟਿਆਂ ਵਿਚ ਇਕ ਔਰਤ ਨਾਲ ਜਬਰ-ਜ਼ਨਾਹ ਹੁੰਦਾ ਹੈ। ਅੰਕੜਿਆਂ ਅਨੁਸਾਰ 2016 ਵਿਚ ਭਾਰਤ ਵਿਚ 38,947 ਔਰਤਾਂ ਨਾਲ ਜਬਰ-ਜ਼ਨਾਹ ਹੁੰਦਾ ਹੈ। ਅਦਾਲਤ ਨੇ ਕਿਹਾ ਕਿ ਕੀ ਕੀਤਾ ਜਾਵੇ ਹਰ ਜਗ੍ਹਾ ਲੜਕੀਆਂ ਅਤੇ ਔਰਤਾਂ ਨਾਲ ਜਬਰ-ਜ਼ਨਾਹ ਹੋ ਰਹੇ ਹਨ। ਸੁਣਵਾਈ ਦੌਰਾਨ ਕੋਰਟ ਨੇ ਮੁਜ਼ੱਫਰਪੁਰ ਬਾਲਿਕਾ ਗ੍ਰਹਿ ਮਾਮਲੇ ਵਿਚ ਇਕ ਮੁਲਜ਼ਮ ਦੀ ਪਤਨੀ ਨੂੰ ਪੀੜਤਾਵਾਂ ਦੇ ਨਾਂ ਉਜਾਗਰ ਕਰਨ ਦੇ ਦੋਸ਼ ਵਿਚ ਗ੍ਰਿਫਤਾਰ ਕਰਨ ਨੂੰ ਕਿਹਾ। ਬੈਂਚ ਨੇ ਸੂਬਾ ਸਰਕਾਰ ਤੋਂ ਇਹ ਵੀ ਪੁੱਛਿਆ ਕਿ ਬਾਲਿਕਾ ਗ੍ਰਹਿ ਚਲਾਉਣ ਵਾਲੇ ਐੱਨ. ਜੀ. ਓਜ਼ ਨੂੰ ਫੰਡ ਦੀ ਰਕਮ ਦੇਣ ਤੋਂ ਪਹਿਲਾਂ ਉਸ ਦੀ ਸਾਖ ਬਾਰੇ ਕਿਉਂ ਜਾਂਚ ਨਹੀਂ ਕੀਤੀ ਗਈ। ਸੁਪਰੀਮ ਕੋਰਟ ਨੇ ਇਸ ਮਾਮਲੇ ਵਿਚ ਦਿੱਲੀ ਮਹਿਲਾ ਕਮਿਸ਼ਨ ਨੂੰ ਵੀ ਝਾੜ ਪਾਈ ਹੈ। ਉਸ ਨੇ ਕਮਿਸ਼ਨ ਨੂੰ ਕਿਹਾ ਕਿ ਇਸ ਮਾਮਲੇ ਵਿਚ ਉਸ ਦਾ ਕੋਈ ਕੰਮ ਨਹੀਂ ਹੈ। ਕੋਰਟ ਨੇ ਕਮਿਸ਼ਨ ਦੀ ਪਟੀਸ਼ਨ ‘ਤੇ ਵੀ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ।
ਸੂਬੇ ਬਾਲ ਗ੍ਰਹਿਆਂ ਦੀ ਸੁਰੱਖਿਆ ਬਣਾਉਣ ਯਕੀਨੀ : ਰਾਜਨਾਥ
ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਵੱਖ-ਵੱਖ ਸੂਬਿਆਂ ‘ਚ ਸਥਿਤ ਬਾਲ ਗ੍ਰਹਿਆਂ ਦੀ ਸੁਰੱਖਿਆ ਯਕੀਨੀ ਬਣਾਉਣੀ ਸਬੰਧਿਤ ਸੂਬਾਈ ਸਰਕਾਰ ਦੀ ਜ਼ਿੰਮੇਵਾਰੀ ਹੈ। ਮੰਗਲਵਾਰ ਲੋਕ ਸਭਾ ਵਿਚ ਸਿਫਰ ਕਾਲ ਦੌਰਾਨ ਸਮਾਜਵਾਦੀ ਪਾਰਟੀ ਦੇ ਧਰਮਿੰਦਰ ਯਾਦਵ ਵਲੋਂ ਉਠਾਏ ਗਏ ਇਕ ਮਾਮਲੇ ‘ਤੇ ਰਾਜਨਾਥ ਨੇ ਕਿਹਾ ਕਿ ਕੇਂਦਰ ਵੀ ਸਭ ਸੂਬਿਆਂ ‘ਚ ਬਾਲ ਗ੍ਰਹਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਏਗਾ। ਦੇਵਰੀਆ ਅਤੇ ਮੁਜ਼ੱਫਰਪੁਰ ਦੇ ਸ਼ੈਲਟਰ ਹੋਮਾਂ ‘ਚ ਬੱਚੀਆਂ ਨਾਲ ਹੋਏ ਜਬਰ-ਜ਼ਨਾਹ ਲਈ ਜ਼ਿੰਮੇਵਾਰ ਦੋਸ਼ੀਆਂ ਨੂੰ ਸਖਤ ਸਜ਼ਾ ਦਿੱਤੀ ਜਾਏਗੀ।