ਤ੍ਰਿਸ਼ੁਰ — ਇਥੋਂ ਦੇ ਇਕ ਮੰਦਰ ਦੇ ਪੁਜਾਰੀ ਨੂੰ ਸੇਂਟ ਥਾਮਸ ਕਾਲਜ ‘ਚ ਬੰਬ ਲਗਾਉਣ ਦੀ ਕਥਿਤ ਤੌਰ ‘ਤੇ ਧਮਕੀ ਦੇਣ ਮਗਰੋਂ ਗ੍ਰਿਫਤਾਰ ਕਰ ਲਿਆ ਗਿਆ। ਵਰਣਨਯੋਗ ਹੈ ਕਿ ਇਥੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਕਲ ਇਕ ਪ੍ਰੋਗਰਾਮ ‘ਚ ਸ਼ਾਮਲ ਹੋਣਗੇ।
ਪੁਲਸ ਨੇ ਅੱਜ ਦੱਸਿਆ ਕਿ ਕਲ ਰਾਤ ਇਕ ਵਜੇ ਨਸ਼ੇ ਦੀ ਹਾਲਤ ‘ਚ ਇਕ ਵਿਅਕਤੀ ਨੇ ਇਥੇ ਪੁਲਸ ਕੰਟਰੋਲ ਰੂਮ ‘ਚ ਫੋਨ ਕੀਤਾ ਅਤੇ ਕਾਲਜ ‘ਚ ਇਕ ਬੰਬ ਲਗਾਉਣ ਦੀ ਧਮਕੀ ਦਿੱਤੀ, ਜਿਥੇ ਰਾਸ਼ਟਰਪਤੀ ਸ਼ਤਾਬਦੀ ਸਮਾਰੋਹ ਦਾ ਉਦਘਾਟਨ ਕਰਨਗੇ। ਤ੍ਰਿਸ਼ੁਰ ਦੇ ਜ਼ਿਲਾ ਮੁਖੀ ਯਤੀਸ਼ ਚੰਦਰਾ ਨੇ ਦੱਸਿਆ ਕਿ ਮੁਲਜ਼ਮ ਜੈਰਾਮਨ ਦੇ ਮੋਬਾਈਲ ਫੋਨ ਦਾ ਪਤਾ ਲਗਾ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਪੁੱਛਗਿੱਛ ਦੌਰਾਨ ਉਸ ਨੇ ਮੰਨਿਆ ਕਿ ਉਸ ਨੇ ਨਸ਼ੇ ਦੀ ਹਾਲਤ ‘ਚ ਫੋਨ ਕੀਤਾ। ਉਹ ਇਥੋਂ ਦੇ ਚਿਰਕਾਲ ਭਗਵਤੀ ਮੰਦਰ ਦਾ ਇਕ ਪੁਜਾਰੀ ਹੈ। ਯਾਦ ਰਹੇ ਕਿ ਰਾਸ਼ਟਰਪਤੀ ਤਿੰਨ ਦਿਨਾ ਦੌਰੇ ‘ਤੇ ਕੇਰਲ ਆ ਰਹੇ ਹਨ ਅਤੇ ਉਹ ਕਲ ਸੂਬੇ ਦੀ ਰਾਜਧਾਨੀ ਪਹੁੰਚਣਗੇ।















