ਬਾਸਟੈਰ – ਧਮਾਕੇਦਾਰ ਸਲਾਮੀ ਬੱਲੇਬਾਜ਼ ਕ੍ਰਿਸ ਗੇਲ ਦੇ ਪ੍ਰਸ਼ੰਸਕਾਂ ਲਈ ਬੁਰੀ ਖ਼ਬਰ ਸਾਹਮਣੇ ਆਈ ਹੈ। ਗੇਲ ਹੁਣ ਕੁੱਝ T-20 ਮੈਚਾਂ ‘ਚ ਨਹੀਂ ਖੇਡਣਗੇ। ਉਸ ਨੂੰ ਬੰਗਲਾਦੇਸ਼ ਖ਼ਿਲਾਫ਼ ਬੁੱਧਵਾਰ ਤੋਂ ਸ਼ੁਰੂ ਹੋਣ ਵਾਲੀ ਤਿੰਨ T-20 ਅੰਤਰਰਾਸ਼ਟਰੀ ਮੈਚਾਂ ਦੀ ਸੀਰੀਜ਼ ਤੋਂ ਬਾਹਰ ਦਾ ਰਸਤਾ ਦਿਖਾਇਆ ਗਿਆ ਹੈ। ਗੇਲ ਤੋਂ ਇਲਾਵਾ ਰੇਆਦ ਐਮਰਿਟ ਨੂੰ ਵੀ ਟੀਮ ‘ਚ ਜਗ੍ਹਾ ਨਹੀਂ ਦਿੱਤੀ ਗਈ। ਇਸ ਸੀਰੀਜ਼ ਦਾ ਪਹਿਲਾ ਮੈਚ ਬਾਸਟੈਰ, ਸੇਂਟ ਕਿਟਿਸ, ਵਿੱਚ ਹੋਵੇਗਾ ਜਦਕਿ ਇਸ ਤੋਂ ਬਾਅਦ ਟੀਮ ਬਾਕੀ ਮੈਚ ਖੇਡਣ ਲਈ ਫ਼ਲੋਰਿਡਾ ਦੇ ਲੌਡਰਹਿਲ ਜਾਵੇਗੀ। ਗੇਲ ਦੀ ਜਗ੍ਹਾ ਚੈਡਵਿਕ ਵਾਲਟਨ ਨੂੰ ਟੀਮ ‘ਚ ਰੱਖਿਆ ਗਿਆ ਹੈ।
ਆਲਰਾਊਂਡਰ ਐਮਰਿਟ ਦੀ ਜਗ੍ਹਾ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਸ਼ੈਲਡਨ ਕੌਟਰੈਲ ਨੂੰ ਕਾਰਲੌਸ ਬ੍ਰੈੱਥਵੇਟ ਦੀ ਅਗੁਵਾਈ ਵਾਲੀ 13 ਮੈਂਬਰੀ ਟੀਮ ਦਾ ਹਿੱਸਾ ਬਣਾਇਆ ਗਿਆ ਹੈ। ਵੈੱਸਟਇੰਡੀਜ਼ ਕ੍ਰਿਕਟ ਬੋਰਡ ਨੇ ਕਿਹਾ ਕਿ ਗੇਲ ਨੂੰ ਆਰਾਮ ਦਿੱਤਾ ਗਿਆ ਹੈ। ਖੱਬੇ ਹੱਥ ਦੇ ਇਸ ਬੱਲੇਬਾਜ਼ ਨੇ ਹਾਲ ਹੀ ‘ਚ ਬੰਗਲਾਦੇਸ਼ ਖ਼ਿਲਾਫ਼ ਤਿੰਨ ਵਨ ਡੇ ਮੈਚਾਂ ਦੀ ਸੀਰੀਜ਼ ‘ਚ 142 ਦੌੜਾਂ ਦਾ ਯੋਗਦਾਨ ਦਿੱਤਾ ਸੀ।












