ਰੋਹਿਤ ਸ਼ੈੱਟੀ ਤੋਂ ਅੱਗੇ ਨਿਕਲਿਆ ਸਲਮਾਨ

ਬੌਲੀਵੁੱਡ ਦੇ ਭਾਈਜਾਨ ਸਲਮਾਨ ਖ਼ਾਨ ਵਲੋਂ ਕਲਰਜ਼ ਚੈਨਲ ਦੇ ਪ੍ਰੋਗਰਾਮ ਬਿੱਗ ਬੌਸ ਸੀਜ਼ਨ 12 ਸ਼ੁਰੂ ਹੋਣ ਦਾ ਐਲਾਨ ਹੋ ਗਿਆ ਹੈ। ਬਿੱਗ ਬੌਸ ਦੇ ਪ੍ਰਸ਼ੰਸਕਾਂ ‘ਚ ਹੁਣ ਖ਼ੁਸ਼ੀ ਦਾ ਕੋਈ ਟਿਕਾਣਾ ਨਹੀਂ। ਹਰ ਦਿਨ ਸ਼ੋਅ ਨਾਲ ਜੁੜੀ ਕੋਈ ਨਾ ਕੋਈ ਖ਼ਬਰ ਹੀ ਲੋਕਾਂ ਨੂੰ ਉਤਸ਼ਾਹਿਤ ਕਰਨ ਲਈ ਕਾਫ਼ੀ ਹੈ। ਕਲਰਜ਼ ‘ਤੇ ਅਕਸਰ ਬਿੱਗ ਬੌਸ ਤੋਂ ਪਹਿਲਾਂ ਖ਼ਤਰੋਂ ਕੇ ਖਿਲਾੜੀ ਸ਼ੁਰੂ ਹੁੰਦਾ ਹੈ, ਪਰ ਇਸ ਵਾਰ ਰੀਐਲਿਟੀ ਸ਼ੋਅ ਦੀ ਇਸ ਦੌੜ ‘ਚ ਸਲਮਾਨ ਖ਼ਾਨ ਡਾਇਰੈਕਟਰ ਰੋਹਿਤ ਸ਼ੈੱਟੀ ਤੋਂ ਅੱਗੇ ਨਿਕਲ ਗਿਅ। ‘ਬਿੱਗ ਬੌਸ 12 ਸ਼ੋਅ ਰੋਹਿਤ ਸ਼ੈੱਟੀ ਦੇ ਖ਼ਤਰੋਂ ਕੇ ਖਿਲਾੜੀ ਤੋਂ ਪਹਿਲਾਂ ਆ ਕੇ ਪ੍ਰਸ਼ੰਸਕਾਂ ਨੂੰ ਜ਼ਿਆਦਾ ਉਤਸ਼ਾਹਿਤ ਕਰਨ ਵਾਲਾ ਹੈ। ਖ਼ਤਰੋਂ ਕੇ ਖਿਲਾੜੀ 9 ਦੀ ਗੱਲ ਕਰੀਏ ਤਾਂ ਨਵੇਂ ਸੀਜ਼ਨ ‘ਚ ਅਵਿਕਾ ਗੌਰ, ਜੈਨ ਈਮਾਮ, ਵਿਕਾਸ ਗੁਪਤਾ, ਭਾਰਤੀ ਸਿੰਘ, ਅਲੀ ਗੋਨੀ, ਹਰਸ਼ ਲਿੰਬੋਚਿਆ ਸਮੇਤ ਸਾਰੇ ਪ੍ਰਤੀਯੋਗੀ ਅਰਜਨਟੀਨਾ ਪਹੁੰਚ ਚੁੱਕੇ ਹਨ ਅਤੇ ਜਲਦ ਹੀ ਇਸ ਸ਼ੋਅ ਦੀ ਸ਼ੂਟਿੰਗ ਸ਼ੁਰੂ ਹੋ ਜਾਵੇਗੀ। ਸਲਮਾਨ ਖ਼ਾਨ ਦੇ ਸ਼ੋਅ ‘ਬਿੱਗ ਬੌਸ ‘ਦੇ ਘਰ ‘ਚ 90 ਦਿਨਾਂ ਤਕ ਮਹਿਮਾਨ ਮਸਤੀ ਕਰਦੇ ਹਨ। ਇਹ ਸ਼ੋਅ ਅਕਸਰ ਅਕਤੂਬਰ ‘ਚ ਸ਼ੁਰੂ ਹੁੰਦਾ ਹੈ ਅਤੇ ਜਨਵਰੀ ‘ਚ ਇਸ ਦਾ ਫ਼ਾਈਨਲ ਹੁੰਦਾ ਹੈ ਪਰ ਇਸ ਵਾਰ ਅਜਿਹਾ ਨਹੀਂ ਹੋ ਰਿਹਾ। ਬਿੱਗ ਬੌਸ ਦੀ ਇਸ ਸਾਲ ਸਤੰਬਰ ਮਹੀਨੇ ‘ਚ ਹੀ ਸ਼ੁਰੂਆਤ ਹੋ ਰਹੀ ਹੈ। ਉਥੇ ਖਤਰੋਂ ਕੇ ਖਿਲਾੜੀ ਨੂੰ ਅਗਲੇ ਸਾਲ ਤਕ ਸ਼ੁਰੂ ਹੋਣ ਦੀ ਉਮੀਦ ਹੈ। ਕਲਰਜ਼ ਚੈਨਲ ‘ਤੇ ਪ੍ਰਸਾਰਿਤ ਹੋ ਰਹੇ ਸ਼ੋਅ ਨਾਗਿਨ 3 ਅਤੇ ਡਾਂਸ ਦੀਵਾਨੇ ਸ਼ੋਅ TRP ਚਾਰਟਸ ‘ਤੇ ਧਮਾਲ ਪਾ ਰਹੇ ਹਨ। ਉਥੇ ਹੀ ਅਨੁਮਾਨ ਲਾਇਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ‘ਚ ਬਿੱਗ ਬੌਸ ਦੇ ਸ਼ੁਰੂ ਹੁੰਦਿਆਂ ਹੀ ਇਸ ਚੈਨਲ ਨੂੰ ਜ਼ਬਦਸਤ TRP ਮਿਲੇਗੀ। ਬਿੱਗ ਬੌਸ ਸ਼ੋਅ ਲਈ ਦੀਆ ਔਰ ਬਾਤੀ ਹਮ ਦੀ ਦੀਪਿਕਾ ਤਕ ਵੀ ਪਹੁੰਚ ਕਰ ਲਈ ਗਈ ਹੈ। ਇਸ ਤੋਂ ਇਲਾਵਾ ਮੰਨੇ-ਪ੍ਰਮੰਨੇ ਕੌਮੇਡੀਅਨ ਸਿਧਾਰਥ ਸਾਗਰ ਨਾਲ ਉਸ ਦੀ ਗਰਲਫ਼ਰੈਂਡ ਵੀ ਇਸ ਸ਼ੋਅ ‘ਚ ਨਜ਼ਰ ਆ ਸਕਦੀ ਹਨ। ਦੂਜੇ ਪਾਸੇ, ਰਾਧੇ ਮਾਂ, ਰਸ਼ਿਮ ਦੇਸ਼ਾਈ, ਸੁਨੀਲ ਗਰੋਵਰ, ਭੁਵਨ ਬਾਮ, ਮੌਨੀ ਰਾਏ, ਆਦਿੱਤਿਆ ਪੰਚੋਲੀ, ਨਿਆ ਸ਼ਰਮਾ, ਸਪਨਾ ਵਿਆਸ ਪਟੇਲ, ਰਾਜ ਸਿੰਘ ਅਰੋੜਾ, ਕ੍ਰਿਤਿਕਾ ਕਾਮਰਾ, ਨੈਤਿਕ ਨਾਗ ਜਿਹੇ ਸਿਤਾਰਿਆਂ ਤਕ ਵੀ ਪਹੁੰਚ ਕੀਤੀ ਗਈ ਹੈ। ਹੁਣ ਇਹ ਵੇਖਣਾ ਦਿਲਚਸਪ ਹੋਵੇਗਾ ਕਿ ਬਿੱਗ ਬੌਸ ਦੇ ਇਸ ਸੀਜ਼ਨ ‘ਚ ਕੌਣ-ਕੌਣ ਧਮਾਲ ਪਾਉਂਦੈ।