ਆਲੀਆ ਭੱਟ ਨੌਜਵਾਨ ਪੀੜ੍ਹੀ ਦੀ ਸਭ ਤੋਂ ਜ਼ਿਆਦਾ ਮਨਪਸੰਦ ਅਭਿਨੇਤਰੀ ਹੈ. ਉਸ ਵਿੱਚ ਅੱਜ ਦੀ ਪੀੜ੍ਹੀ ਵਾਂਗ ਕੁੱਝ ਵੱਖਰਾ ਕਰਨ ਦਾ ਜਜ਼ਬਾ ਹੈ. ਮਿਹਨਤ ਅਤੇ ਹੁਨਰ ਦਾ ਸੁਮੇਲ ਅਤੇ ਵੱਖਰਾ ਅੰਦਾਜ਼ ਹੈ, ਅਦਾਕਾਰੀ ਕਰਨ ਦਾ. ਆਲੀਆ ਜਿਹੜੀ ਵੀ ਫ਼ਿਲਮ ਕਰਦੀ ਹੈ ਉਸ ਵਿੱਚ ਆਪਣੀ ਯਾਦਗਾਰ ਛਾਪ ਛੱਡ ਜਾਂਦੀ ਹੈ. ਸਟੂਡੈਂਟ ਔਫ਼ ਦਾ ਯੀਅਰ ਨਾਲ ਆਪਣੇ ਕਰੀਅਰ ਦੀ ਜ਼ਬਰਦਸਤ ਸ਼ੁਰੂਆਤ ਕਰਨ ਤੋਂ ਬਾਅਦ ਆਲੀਆ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ. ਹਾਈਵੇ ਹੋਵੇ ਜਾਂ ਬਦਰੀਨਾਥ ਕੀ ਦੁਲਹਨੀਆ ਫ਼ਿਲਮ ਵਿੱਚ ਉਸ ਦੇ ਕਿਰਦਾਰ ਦੀ ਸਿਫ਼ਤ ਕੀਤੇ ਬਿਨਾਂ ਕੋਈ ਨਹੀਂ ਰਹਿ ਸਕਦਾ, ਪਰ ਪਿੱਛੇ ਜਿਹੇ ਆਲੀਆ ਨੇ ਆਪਣੀ ਫ਼ਿਲਮ ਵਿੱਚ ਇੱਕ ਜਾਸੂਸ ਕੁੜੀ ਦਾ ਕਿਰਦਾਰ ਨਿਭਾਇਆ ਸੀ. ਇਹ ਫ਼ਿਲਮ ਸੁਪਰਹਿੱਟ ਰਹੀ. ਇਸ ਦੀ ਸਫ਼ਲਤਾ ਤੋਂ ਬਾਆਦ ਅੱਗੋਂ ਵੀ ਆਲੀਆ ਬੌਲੀਵੁੱਡ ਵਿੱਚ ਇੱਕ ਲੰਬੀ ਪਾਰੀ ਖੇਡਣ ਲਈ ਤਿਆਰ-ਬਰ-ਤਿਆਰ ਨਜ਼ਰ ਆ ਰਹੀ ਹੈ. ਉਸ ਕੋਲ ਇਸ ਵੇਲੇ ਰਣਬੀਰ ਕਪੂਰ ਨਾਲ ਫ਼ਿਲਮ ਬ੍ਰਹਮਾਸਤਰ ਹੈ ਜਿਸ ਦੀ ਸ਼ੂਟਿੰਗ ਚੱਲ ਰਹੀ ਹੈ. ਇਸ ਤੋਂ ਛੁੱਟ, ਜ਼ੋਆ ਅਖ਼ਤਰ ਦੀ ਫ਼ਿਲਮ ਗਲੀ ਬੁਆਏ ਅਤੇ ਕਰਨ ਜੌਹਰ ਦੀ ਫ਼ਿਲਮ ਕਲੰਕ ਜਿਸ ਵਿੱਚ ਕਈ ਬੌਲੀਵੁੱਡ ਸਿਤਾਰੇ ਨਜ਼ਰ ਆਉਣਗੇ ਪਹਿਲਾਂ ਹੀ ਉਸ ਦੀ ਝੋਲੀ ਵਿੱਚ ਪੈ ਚੁੱਕੀਆਂ ਹਨ. ਜਲਦ ਹੀ ਉਹ ਅਸ਼ਵਨੀ ਅਈਅਰ ਤਿਵਾੜੀ, ਜਿਸ ਨੇ ਬਰੇਲੀ ਕੀ ਬਰਫ਼ੀ ਦਾ ਨਿਰਦੇਸ਼ਨ ਕੀਤਾ ਸੀ, ਦੀ ਫ਼ਿਲਮ ਵੀ ਕਰਨ ਜਾ ਰਹੀ ਹੈ. ਆਲੀਆ ਭੱਟ ਦਾ ਸਾਲ 2018-19 ਪੂਰਾ ਰੁਝੇਵਿਆਂ ਭਰਪੂਰ ਰਹਿਣ ਵਾਲਾ ਹੈ. ਉਮੀਦ ਹੈ ਕਿ ਆਪਣੀ ਜ਼ਬਰਦਸਤ ਅਦਾਕਾਰੀ ਨਾਲ ਉਹ ਸਫ਼ਲਤਾ ਦੇ ਝੰਡੇ ਜ਼ਰੂਰ ਗੱਡੇਗੀ. ਆਖ਼ਿਰ ਇੰਝ ਹੋਵੇ ਵੀ ਕਿਉਂ ਨਾ? ਦਰਸ਼ਕਾਂ ਦਾ ਪਿਆਰ ਅਤੇ ਸਾਥ ਆਲੀਆ ਲਈ ਹਮੇਸ਼ਾ ਰਾਜ਼ੀ ਹੈ. ਇਸੇ ਲਈ ਤਾਂ ਉਹ ਬੌਲੀਵੁੱਡ ਦੀਆਂ ਸੁਪਰਹਿੱਟ ਅਭਿਨੇਤਰੀਆਂ ਦੀ ਸੂਚੀ ਵਿੱਚ ਸ਼ਾਮਿਲ ਹੈ.











