ਨਵੀਂ ਦਿੱਲੀ— ਗਊ ਤਸਕਰੀ ਦੇ ਸ਼ੱਕ ‘ਚ ਭੀੜ ਵੱਲੋਂ ਮਾਰੇ ਗਏ ਰਕਬਰ ਖਾਨ ਦੀ ਪੋਸਟਮਾਰਟਮ ਰਿਪੋਰਟ ਆ ਗਈ ਹੈ। ਜਿਸ ‘ਚ ਖੁਲਾਸਾ ਹੋਇਆ ਹੈ ਕਿ ਰਕਬਰ ਦੇ ਇਕ ਹੱਥ ਅਤੇ ਪੈਰ ਦੀ ਹੱਡੀ ਟੁੱਟੀ ਹੋਈ ਸੀ। ਇੰਨਾ ਹੀ ਨਹੀਂ ਮੈਡੀਕਲ ਰਿਪੋਰਟ ‘ਚ ਇਹ ਵੀ ਖੁਲਾਸਾ ਹੋਇਆ ਹੈ ਕਿ ਕੁੱਟਮਾਰ ਨਾਲ ਰਕਬਰ ਖਾਨ ਦੀਆਂ ਪਸਲੀਆਂ ਵੀ ਦੋ ਜਗ੍ਹਾ ਤੋਂ ਟੁੱਟੀਆਂ ਹੋਈਆਂ ਸਨ। ਤੁਹਾਨੂੰ ਦੱਸ ਦਈਏ ਕਿ ਪੋਸਟਮਾਰਟਮ ਕਰਨ ਵਾਲੀ ਟੀਮ ‘ਚ ਡਾਕਟਰ ਰਾਜੀਵ ਕੁਮਾਰ ਗੁਪਤਾ, ਡਾਕਟਰ ਅਮਿਤ ਮਿੱਤਲ ਅਤੇ ਡਾਕਟਰ ਸੰਜੈ ਗੁਪਤਾ ਸ਼ਾਮਲ ਸਨ। ਰਿਪੋਰਟ ‘ਚ ਇਹ ਗੱਲ ਸਾਹਮਣੇ ਆਈ ਹੈ ਕਿ ਰਕਬਰ ਦੇ ਸਰੀਰ ‘ਤੇ 12 ਜਗ੍ਹਾ ਸੱਟ ਦੇ ਨਿਸ਼ਾਨ ਸਨ। ਡਾਕਟਰਾਂ ਦੀ ਮੰਨੋ ਤਾਂ ਰਕਬਰ ਨੂੰ ਅੰਦਰੂਨੀ ਗੰਭੀਰ ਸੱਟਾਂ ਲੱਗੀਆਂ ਸਨ। ਕਿਹਾ ਜਾਂਦਾ ਹੈ ਕਿ ਅਜਿਹੀ ਹਾਲਤ ‘ਚ ਕਈ ਵਾਰ ਸਦਮੇ ਨਾਲ ਵੀ ਜਾਨ ਜਾ ਸਕਦੀ ਹੈ। ਇਹ ਪੋਸਟਮਾਰਟਮ ਰਿਪੋਰਟ ਕੇਸ ਦੀ ਜਾਂਚ ਟੀਮ ਨੂੰ ਸੌਂਪ ਦਿੱਤੀ ਗਈ ਹੈ। ਪੁਲਸ ਨੇ ਮੀਡੀਆ ਨਾਲ ਗੱਲ ਕਰਦੇ ਹੋਏ ਕਿਹਾ ਕਿ ਘਟਨਾ ਸਥਾਨ ‘ਤੇ ਕਰਵਾਈ ਗਈ ਫਾਰੈਂਸਿਕ ਰਿਪੋਰਟ ਵੀ ਜਲਦੀ ਮੰਗੀ ਗਈ ਹੈ।















