ਦਿੱਲੀ-ਮੁੰਬਈ ਐਕਸਪ੍ਰੈਸਵੇਅ ‘ਤੇ ਭਿਆਨਕ ਹਾਦਸਾ; 8 ਯਾਤਰੀਆਂ ਦੀ ਮੌਤ, ਕਈ ਜ਼ਖ਼ਮੀ

ਕੋਟਾ : ਦਿੱਲੀ-ਮੁੰਬਈ ਐਕਸਪ੍ਰੈਸਵੇਅ ‘ਤੇ ਸ਼ਨੀਵਾਰ ਸਵੇਰੇ ਉਸ ਸਮੇਂ ਹਫ਼ੜਾ-ਦਫ਼ੜੀ ਮਚ ਗਈ, ਜਦੋਂ 17 ਯਾਤਰੀਆਂ ਨੂੰ ਲੈ ਕੇ ਜਾ ਰਹੀ ਇੱਕ ਮਿੰਨੀ ਬੱਸ 15 ਫੁੱਟ ਡੂੰਘੇ ਨਾਲੇ ਵਿੱਚ ਡਿੱਗ ਗਈ। ਇਸ ਹਾਦਸੇ ਦੌਰਾਨ 8 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਗੰਭੀਰ ਜ਼ਖਮੀ ਹੋ ਗਏ। ਪੁਲਸ ਨੇ ਇਸ ਘਟਨਾ ਦੀ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਹਾਦਸਾ ਸਵੇਰੇ 6 ਵਜੇ ਦੇ ਕਰੀਬ ਸਿਮਲੀਆ ਪੁਲਸ ਸਟੇਸ਼ਨ ਖੇਤਰ ਵਿੱਚ ਐਕਸਪ੍ਰੈਸਵੇਅ ‘ਤੇ ਵਾਪਰਿਆ ਹੈ। ਘਟਨਾ ਦੀ ਸੂਚਨਾ ਮਿਲਣ ‘ਤੇ ਪਹੁੰਚੀ ਪੁਲਸ ਵਲੋਂ ਮਾਮਲੇ ਦੀ ਜਾਂਚ ਜਾਰੀ ਹੈ।
ਹਾਦਸੇ ਦੀ ਸੂਚਨਾ ਮਿਲਦੇ ਹੀ ਐਮਰਜੈਂਸੀ ਕਰਮਚਾਰੀਆਂ ਨੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ। ਹਾਲਾਂਕਿ, ਨਾਲੇ ਵਿੱਚ ਜਮ੍ਹਾਂ ਹੋਏ ਚਿੱਕੜ ਅਤੇ ਪਾਣੀ ਨੇ ਬਚਾਅ ਕਾਰਜਾਂ ਵਿੱਚ ਕਾਫ਼ੀ ਮੁਸ਼ਕਲਾਂ ਖੜ੍ਹੀਆਂ ਕਰ ਦਿੱਤੀਆਂ। ਪੁਲਸ ਅਨੁਸਾਰ, ਨੁਕਸਾਨੀ ਗਈ ਮਿੰਨੀ ਬੱਸ ਨੂੰ ਬਾਹਰ ਕੱਢਣ ਅਤੇ ਫਸੇ ਯਾਤਰੀਆਂ ਨੂੰ ਬਚਾਉਣ ਲਈ ਇੱਕ ਕਰੇਨ ਦੀ ਵਰਤੋਂ ਲਈ ਗਈ। ਸਿਮਲੀਆ ਪੁਲਸ ਸਟੇਸ਼ਨ ਦੇ ਅਧਿਕਾਰੀ ਨੰਦ ਸਿੰਘ ਨੇ ਬਚਾਅ ਕਾਰਜਾਂ ਬਾਰੇ ਜਾਣਕਾਰੀ ਦਿੰਦੇ ਕਿਹਾ ਕਿ ਹਾਦਸਾਗ੍ਰਸਤ ਮਿੰਨੀ ਬੱਸ ਦੇ ਮਲਬੇ ਤੋਂ ਪਹਿਲਾਂ ਚਾਰ ਲਾਸ਼ਾਂ ਬਰਾਮਦ ਕੀਤੀਆਂ, ਹੁਣ ਗਿਣਤੀ 8 ਹੋ ਗਈ ਹੈ।
ਉਨ੍ਹਾਂ ਕਿਹਾ ਕਿ ਹਾਦਸੇ ਸਮੇਂ ਮਿੰਨੀ ਬੱਸ ਵਿੱਚ ਲਗਭਗ 17 ਯਾਤਰੀ ਸਨ, ਜਿਨ੍ਹਾਂ ਵਿੱਚੋਂ ਦੋ ਗੰਭੀਰ ਜ਼ਖਮੀ ਹੋਏ ਹਨ, ਜਦੋਂ ਕਿ ਕਈਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਜ਼ਖਮੀਆਂ ਨੂੰ ਨੇੜਲੇ ਮੈਡੀਕਲ ਸੈਂਟਰਾਂ ਵਿੱਚ ਲਿਜਾਇਆ ਜਾ ਰਿਹਾ, ਜਿਨ੍ਹਾਂ ਵਿੱਚ ਨਿਊ ਮੈਡੀਕਲ ਕਾਲਜ ਅਤੇ ਹਸਪਤਾਲ ਅਤੇ ਐਮਬੀਐਸ (ਮਹਾਰਾਓ ਭੀਮ ਸਿੰਘ) ਹਸਪਤਾਲ ਸ਼ਾਮਲ ਹਨ। ਸਿੰਘ ਨੇ ਕਿਹਾ ਕਿ ਜ਼ਖਮੀਆਂ ਨੂੰ ਜਲਦੀ ਹਸਪਤਾਲ ਪਹੁੰਚਾਉਣ ਲਈ ਤਿੰਨ ਐਂਬੂਲੈਂਸਾਂ ਤਾਇਨਾਤ ਕੀਤੀਆਂ ਗਈਆਂ ਹਨ। ਅਧਿਕਾਰੀਆਂ ਨੂੰ ਡਰ ਹੈ ਕਿ ਬਚਾਅ ਕਾਰਜ ਜਾਰੀ ਰਹਿਣ ਕਾਰਨ ਮੌਤਾਂ ਦੀ ਗਿਣਤੀ ਵੱਧ ਸਕਦੀ ਹੈ। ਅਧਿਕਾਰੀ ਨੇ ਕਿਹਾ ਕਿ ਮ੍ਰਿਤਕਾਂ ਅਤੇ ਜ਼ਖਮੀਆਂ ਦੀ ਅਜੇ ਪਛਾਣ ਨਹੀਂ ਹੋ ਸਕੀ ਹੈ।