ਫਾਰੂਖਾਬਾਦ — ਮੁੱਖਮੰਤਰੀ ਯੋਗੀ ਆਦਿਤਿਆਨਾਥ ਐਤਵਾਰ ਨੂੰ ਇਕ ਦਿਨਾਂ ਦੌਰੇ ਲਈ ਫਾਰੂਖਾਬਾਦ ਪੁੱਜੇ। ਉਥੇ ਉਨ੍ਹਾਂ ਨੇ ਕਈ ਪ੍ਰੋਗਰਾਮਾਂ ‘ਚ ਹਿੱਸਾ ਲਿਆ। ਇਸ ਦੌਰਾਨ ਉਨ੍ਹਾਂ ਨੇ ਸਰਕਾਰ ਵੱਲੋਂ ਕੀਤੇ ਗਏ ਵਿਕਾਸ ਕੰਮਾਂ ਬਾਰੇ ਲੋਕਾਂ ਤੱਕ ਜਾਣਕਾਰੀ ਪਹੁੰਚਾਉਣ ਲਈ ਸੰਦੇਸ਼ ਯਾਤਰਾ ਦੀ ਸ਼ੁਰੂਆਤ ਕੀਤੀ। ਇਸ ਦੇ ਤਹਿਤ ਉਨ੍ਹਾਂ ਨੇ ਪ੍ਰੋਗਰਾਮ ‘ਚ 50 ਵਾਹਨਾਂ ਨੂੰ ਹਰੀ ਝੰਡੀ ਦਿਖਾਈ। ਯੋਗੀ ਆਦਿਤਿਆਨਾਥ ਨੇ ਇਸ ਦੌਰਾਨ ਕਿਹਾ ਕਿ ਯੂ.ਪੀ. ਦੇ 75 ਜ਼ਿਲਿਆਂ ‘ਚ ਬਿਜਲੀ 24 ਘੰਟੇ ਦਿੱਤੀ ਜਾਵੇਗੀ। ਸਰਕਾਰ ਇਸ ਦੇ ਲਈ ਕੰਮ ਕਰ ਰਹੀ ਹੈ।
ਐਤਵਾਰ ਨੂੰ ਫਾਰੂਖਾਬਾਦ ਦੌਰੇ ‘ਤੇ ਪੁੱਜੇ ਮੁੱਖਮੰਤਰੀ ਯੋਗੀ ਆਦਿਤਿਆਨਾਥ ਨੇ ਅੰਨ ਪ੍ਰਸ਼ਾਸਨ ਯੋਜਨਾ ਦਾ ਉਦਘਾਟਨ ਕੀਤਾ। ਇਸ ਦੇ ਨਾਲ ਹੀ ਸਕੂਲ ਚੱਲੋ ਅਭਿਆਨ ਤਹਿਤ ਸਕੂਲੀ ਬੱਚਿਆਂ ਨੂੰ ਬੈਗ ਅਤੇ ਕਿਤਾਬਾਂ ਵੰਡੀਆਂ। ਮੁੱਖਮੰਤਰੀ ਯੋਗੀ ਆਦਿਤਿਆਨਾਥ ਤੋਂ ਇਸ ਦੌਰਾਨ ਫਾਰੂਖਾਬਾਦ ਦੇ ਸੰਸਦ ਮੈਂਬਰ ਮੁਕੇਸ਼ ਰਾਜਪੂਤ ਨੇ ਜ਼ਿਲੇ ਦੇ ਦਾਲਮੋਠ ਉਦਯੋਗ ਨੂੰ ਵਧਾਉਣ ਲਈ ਕੰਮ ਕਰਨ ਦੀ ਮੰਗ ਕੀਤੀ। ਵਿਧਾਇਕਾਂ ਨੇ ਵੀ ਜ਼ਿਲੇ ‘ਚ ਆਲੂ ਦਾ ਸਮਰਥਨ ਮੁੱਲ ਵਧਾਉਣ ਦੀ ਮੰਗ ਕੀਤੀ।
ਮੁੱਖਮੰਤਰੀ ਨੇ ਟਾਇਲਟ ਮੁਕਤ ਅਭਿਆਨ ‘ਚ ਸਾਥ ਦੇਣ ਵਾਲੀਆਂ ਔਰਤਾਂ ਨੂੰ ਸਨਮਾਨਿਤ ਕੀਤਾ। ਯੋਗੀ ਨੇ ਜ਼ਿਲਾ ਦਫਤਰਾਂ ਨੂੰ 24, ਤਹਿਸੀਲ ਖੇਤਰ ਨੂੰ 20 ਅਤੇ ਪਿੰਡ ਖੇਤਰ ਨੂੰ 18 ਘੰਟੇ ਬਿਜਲੀ ਦੇਣਾ ਸੁਨਿਸ਼ਚਿਤ ਕੀਤਾ ਹੈ। ਉਨ੍ਹਾਂ ਨੇ ਫਾਰੂਖਾਬਾਦ ਦੇ ਡਾਕਟਰ ਰਾਮ ਮਨੋਹਰ ਲੋਹੀਆ ਹਸਪਤਾਲ ਦਾ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਨੇ ਅਹਿਮ ਨਿਰਦੇਸ਼ ਵੀ ਦਿੱਤੇ।















